ਜਲੰਧਰ ਵਿੱਚ ਵਿਸ਼ੇਸ਼ ਸੈਮੀਨਾਰ; ਪੁਰਾਤਨ ਗ੍ਰੰਥਾਂ ਤੇ ਹੱਥ-ਲਿਖਤਾਂ ਦੀ ਸੰਭਾਲ, ਖੋਜ ਅਤੇ ਡਿਜੀਟਲ ਆਰਕਾਈਵ ਬਣਾਉਣ ’ਤੇ ਜ਼ੋਰ
ਜਲੰਧਰ (01/09/2026): ਨਿਰਮਲ ਸੰਪ੍ਰਦਾਇ ਦੇ ਇਤਿਹਾਸ, ਉਤਪੱਤੀ, ਵਿਦਵਾਨੀ ਪਰੰਪਰਾ ਅਤੇ ਪੰਜਾਬ ਦੀ ਗਿਆਨ-ਵਿਰਾਸਤ ਵਿੱਚ ਇਸ ਦੇ ਯੋਗਦਾਨ ਨੂੰ ਉਜਾਗਰ ਕਰਨ ਲਈ ਡਿਜੀਟਲ ਮੀਡੀਆ ਐਸੋਸੀਏਸ਼ਨ ਅਤੇ ਵਿਰਸਾ ਵਿਹਾਰ, ਜਲੰਧਰ ਦੇ ਸਾਂਝੇ ਉਪਰਾਲੇ ਨਾਲ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।
‘ਨਿਰਮਲ ਸੰਪ੍ਰਦਾਇ: ਇਤਿਹਾਸ, ਉਤਪੱਤੀ ਅਤੇ ਗਿਆਨ-ਪਰੰਪਰਾ’ ਵਿਸ਼ੇ ਉੱਤੇ ਕਰਵਾਏ ਗਏ ਸੈਮੀਨਾਰ ਵਿੱਚ ਪ੍ਰਸਿੱਧ ਵਿਦਵਾਨ ਡਾ. ਪਰਮਜੀਤ ਸਿੰਘ ਮਾਨਸਾ ਅਤੇ ਨਿਰਮਲ ਪਰੰਪਰਾ ਦੇ ਵਿਦਵਾਨ ਸੰਤ ਤੇਜਾ ਸਿੰਘ ਜੀ ਐੱਮ.ਏ., ਖੁੱਡਾ ਵਾਲਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਸਮਾਗਮ ਦਾ ਸੰਚਾਲਨ ‘ਕੇਸਰੀ ਵਿਰਾਸਤ’ ਦੇ ਸੰਪਾਦਕ ਗੁਰਪ੍ਰੀਤ ਸਿੰਘ ਸੰਧੂ ਨੇ ਕੀਤਾ।
ਇਤਿਹਾਸ ਦੀ ਜਾਣਕਾਰੀ ਪਛਾਣ ਦੀ ਸੁਰੱਖਿਆ ਲਈ ਜ਼ਰੂਰੀ
ਨਿਰਮਲ ਆਸ਼ਰਮ, ਅਰਜਨ ਨਗਰ ਦੇ ਸੰਤ ਬਾਬਾ ਗੁਰਿੰਦਰ ਪਾਲ ਸਿੰਘ ਜੀ ਨੇ ਕਿਹਾ ਕਿ ਆਪਣੇ ਇਤਿਹਾਸ ਅਤੇ ਗਿਆਨ-ਵਿਰਸੇ ਨੂੰ ਜਾਣਨਾ ਕੇਵਲ ਅਤੀਤ ਨੂੰ ਯਾਦ ਕਰਨਾ ਨਹੀਂ ਹੈ। ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਆਪਣੀ ਪਛਾਣ, ਵਿਚਾਰਧਾਰਾ ਅਤੇ ਬੌਧਿਕ ਵਿਰਾਸਤ ਨੂੰ ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰੀ ਵੀ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜੋੜਨ ਅਤੇ ਵਿਰਾਸਤੀ ਗਿਆਨ ਪ੍ਰਤੀ ਜਾਗਰੂਕ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਧਾਰਮਿਕ ਦਾਇਰੇ ਤੱਕ ਸੀਮਤ ਨਹੀਂ ਨਿਰਮਲ ਪਰੰਪਰਾ
ਮੁੱਖ ਬੁਲਾਰੇ ਡਾ. ਪਰਮਜੀਤ ਸਿੰਘ ਮਾਨਸਾ ਨੇ ਨਿਰਮਲ ਸੰਪ੍ਰਦਾਇ ਦੇ ਇਤਿਹਾਸਕ ਅਤੇ ਵਿਦਵਾਨੀ ਪੱਖਾਂ ਉੱਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਨਿਰਮਲ ਪਰੰਪਰਾ ਨੂੰ ਸਿਰਫ਼ ਇੱਕ ਧਾਰਮਿਕ ਸੰਪ੍ਰਦਾਇ ਦੇ ਸੀਮਤ ਦਾਇਰੇ ਵਿੱਚ ਦੇਖਣ ਦੀ ਥਾਂ ਪੰਜਾਬ ਦੀ ਵਿਸ਼ਾਲ ਗਿਆਨ, ਸਾਹਿਤ, ਦਰਸ਼ਨ ਅਤੇ ਵਿਦਿਆ ਪਰੰਪਰਾ ਦੇ ਮਹੱਤਵਪੂਰਨ ਹਿੱਸੇ ਵਜੋਂ ਸਮਝਣ ਦੀ ਲੋੜ ਹੈ।
ਉਨ੍ਹਾਂ ਅਨੁਸਾਰ ਨਿਰਮਲ ਵਿਦਵਾਨਾਂ ਦੀਆਂ ਰਚਨਾਵਾਂ, ਉਨ੍ਹਾਂ ਵੱਲੋਂ ਕੀਤੇ ਅਧਿਐਨ ਅਤੇ ਵੱਖ-ਵੱਖ ਵਿਦਿਆ ਕੇਂਦਰਾਂ ਦੀ ਭੂਮਿਕਾ ਪੰਜਾਬ ਦੇ ਬੌਧਿਕ ਇਤਿਹਾਸ ਨੂੰ ਸਮਝਣ ਲਈ ਮਹੱਤਵਪੂਰਨ ਸਰੋਤ ਹਨ।
ਮੁੱਖ ਮਹਿਮਾਨ ਸੰਤ ਤੇਜਾ ਸਿੰਘ ਜੀ ਐੱਮ.ਏ. ਨੇ ਕਿਹਾ ਕਿ ਨਿਰਮਲ ਵਿਦਵਾਨਾਂ ਨੇ ਗੁਰਮਤਿ ਦੇ ਨਾਲ-ਨਾਲ ਸੰਸਕ੍ਰਿਤ, ਵੇਦਾਂਤ, ਬ੍ਰਜ ਅਤੇ ਪੰਜਾਬੀ ਸਾਹਿਤ ਦੇ ਅਧਿਐਨ ਤੇ ਪ੍ਰਚਾਰ ਵਿੱਚ ਵੱਡਾ ਯੋਗਦਾਨ ਪਾਇਆ ਹੈ।
ਉਨ੍ਹਾਂ ਕਿਹਾ ਕਿ ਇਸ ਵਿਸ਼ਾਲ ਵਿਰਾਸਤ ਦੇ ਕਈ ਪੱਖ ਅਜੇ ਵੀ ਡੂੰਘੀ ਖੋਜ ਦੀ ਉਡੀਕ ਕਰ ਰਹੇ ਹਨ। ਨਵੀਂ ਪੀੜ੍ਹੀ ਨੂੰ ਇਸ ਗਿਆਨ-ਪਰੰਪਰਾ ਨਾਲ ਜੋੜਨ ਲਈ ਅਜਿਹੇ ਵਿਦਵਾਨੀ ਸੰਵਾਦ ਸਮੇਂ ਦੀ ਮੁੱਖ ਲੋੜ ਹਨ।
ਪੁਰਾਤਨ ਗ੍ਰੰਥਾਂ ਅਤੇ ਹੱਥ-ਲਿਖਤਾਂ ਦੀ ਸੰਭਾਲ ਉੱਤੇ ਜ਼ੋਰ
ਸੈਮੀਨਾਰ ਦੌਰਾਨ ਬੁਲਾਰਿਆਂ ਨੇ ਨਿਰਮਲ ਸੰਪ੍ਰਦਾਇ ਨਾਲ ਸਬੰਧਤ ਪੁਰਾਤਨ ਰਚਨਾਵਾਂ, ਗ੍ਰੰਥਾਂ, ਹੱਥ-ਲਿਖਤਾਂ, ਟੀਕਿਆਂ ਅਤੇ ਵਿਦਿਆ ਕੇਂਦਰਾਂ ਦੀ ਇਤਿਹਾਸਕ ਸਮੱਗਰੀ ਨੂੰ ਵਿਗਿਆਨਕ ਢੰਗ ਨਾਲ ਸੰਭਾਲਣ ਦੀ ਲੋੜ ਉੱਤੇ ਜ਼ੋਰ ਦਿੱਤਾ।
ਵਿਦਵਾਨਾਂ ਨੇ ਕਿਹਾ ਕਿ ਨਿਰਮਲ ਸੰਪ੍ਰਦਾਇ ਦੀ ਗਿਆਨ-ਪਰੰਪਰਾ ਪੰਜਾਬ ਦੇ ਬੌਧਿਕ ਇਤਿਹਾਸ ਦਾ ਮਹੱਤਵਪੂਰਨ, ਪਰ ਕਾਫ਼ੀ ਹੱਦ ਤੱਕ ਅਣਗੌਲਿਆ ਪੱਖ ਹੈ। ਇਸ ਖੇਤਰ ਵਿੱਚ ਯੋਜਨਾਬੱਧ ਖੋਜ ਅਤੇ ਦਸਤਾਵੇਜ਼ੀਕਰਨ ਦੇ ਨਾਲ ਡਿਜੀਟਲ ਆਰਕਾਈਵ ਤਿਆਰ ਕੀਤੇ ਜਾਣੇ ਚਾਹੀਦੇ ਹਨ।
ਨਿਰਮਲ ਕੁਟੀਆ ਅਰਜਨ ਨਗਰ, ਜਲੰਧਰ ਦੇ ਸੰਤ ਗੁਰਿੰਦਰ ਪਾਲ ਸਿੰਘ ਜੀ ਅਤੇ ਡੇਰਾ ਸੰਤਪੁਰਾ ਲਾਇਲਪੁਰੀ ਦੇ ਮੁਖੀ ਸੰਤ ਰਣਜੀਤ ਸਿੰਘ ਜੀ ਵੀ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨੇ ਸੈਮੀਨਾਰ ਨੂੰ ਗਿਆਨ ਭਰਪੂਰ ਅਤੇ ਸਾਰਥਕ ਉਪਰਾਲਾ ਦੱਸਦਿਆਂ ਭਵਿੱਖ ਵਿੱਚ ਆਪਣੇ ਡੇਰਿਆਂ ਵੱਲੋਂ ਪੂਰਨ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ।
ਵਿਦਵਾਨਾਂ ਅਤੇ ਸਮਾਜਿਕ ਸ਼ਖ਼ਸੀਅਤਾਂ ਦੀ ਸ਼ਮੂਲੀਅਤ
ਸਮਾਗਮ ਵਿੱਚ ਡਿਜੀਟਲ ਮੀਡੀਆ ਐਸੋਸੀਏਸ਼ਨ ਦੇ ਪ੍ਰਧਾਨ ਅਮਨ ਬੱਗਾ, ਚੇਅਰਮੈਨ ਅਜੀਤ ਸਿੰਘ ਬੁਲੰਦ, ਪੈਟਰਨ ਪ੍ਰਦੀਪ ਵਰਮਾ, ਜਨਰਲ ਸਕੱਤਰ ਜਸਵਿੰਦਰ ਸਿੰਘ ਆਜ਼ਾਦ, ਪੀ.ਆਰ.ਓ. ਧਰਮਿੰਦਰ ਸੋਂਧੀ, ਸਕੱਤਰ ਕੇਵਲ ਕ੍ਰਿਸ਼ਨ, ਜੁਆਇੰਟ ਸਕੱਤਰ ਜਤਿਨ ਬੱਬਰ ਅਤੇ ਖ਼ਜ਼ਾਨਚੀ ਵਰੁਣ ਗੁਪਤਾ ਨੇ ਸ਼ਿਰਕਤ ਕੀਤੀ।
ਇਸ ਤੋਂ ਇਲਾਵਾ ਵਿਰਸਾ ਵਿਹਾਰ ਦੇ ਵਾਈਸ ਚੇਅਰਮੈਨ ਸੰਗਤ ਰਾਮ, ਸਕੱਤਰ ਗੁਰਮੀਤ ਸਿੰਘ, ਡਾ. ਵਨੀਤ ਸ਼ਰਮਾ, ਪੰਚਨਦ ਸ਼ੋਧ ਸੰਸਥਾਨ ਦੇ ਸ੍ਰੀ ਕੰਕੇਸ਼ ਗੁਪਤਾ, ਹਰਸੇਵਕ ਸਿੰਘ ਭੁੱਲਰ ਅਤੇ ਐੱਸ.ਪੀ. ਸਿੰਘ ਸਮੇਤ ਵੱਖ-ਵੱਖ ਵਿਦਵਾਨਾਂ, ਸਾਹਿਤਕਾਰਾਂ ਅਤੇ ਸਮਾਜਿਕ ਖੇਤਰ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ।
‘ਕੇਸਰੀ ਵਿਰਾਸਤ’ ਵੱਲੋਂ ਵਿਚਾਰ-ਸੰਵਾਦ ਜਾਰੀ ਰੱਖਣ ਦਾ ਐਲਾਨ
‘ਕੇਸਰੀ ਵਿਰਾਸਤ’ ਦੇ ਸੰਪਾਦਕ ਗੁਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਅਦਾਰੇ ਵੱਲੋਂ ਨਿਰਮਲ ਵਿਦਵਾਨਾਂ ਨਾਲ ਪੌਡਕਾਸਟ ਅਤੇ ਵਿਚਾਰ-ਸੰਵਾਦ ਦੀ ਲੜੀ ਪਹਿਲਾਂ ਤੋਂ ਚਲਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਸੈਮੀਨਾਰ ਦਾ ਉਦੇਸ਼ ਇਸ ਸੰਵਾਦ ਨੂੰ ਹੋਰ ਵਿਸ਼ਾਲ ਵਿਦਵਾਨੀ ਮੰਚ ਪ੍ਰਦਾਨ ਕਰਨਾ ਅਤੇ ਨਿਰਮਲ ਪਰੰਪਰਾ ਦੇ ਸਾਹਿਤਕ, ਇਤਿਹਾਸਕ ਤੇ ਗਿਆਨਾਤਮਕ ਪੱਖਾਂ ਨੂੰ ਆਮ ਲੋਕਾਂ ਅਤੇ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣਾ ਹੈ।
ਉਨ੍ਹਾਂ ਕਿਹਾ, “ਵਿਰਾਸਤ ਸਿਰਫ਼ ਯਾਦ ਕਰਨ ਵਾਲੀ ਚੀਜ਼ ਨਹੀਂ, ਸਗੋਂ ਸਮਝਣ, ਖੋਜਣ ਅਤੇ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਾਲੀ ਜ਼ਿੰਮੇਵਾਰੀ ਹੈ।”
ਨਿਰਮਲ ਸੰਤਾਂ ਦੀ ਘਾਲਣਾ ਨੂੰ ਸਮਰਪਿਤ ਗੀਤ ਰਿਲੀਜ਼
ਸਮਾਗਮ ਦੌਰਾਨ ਨਿਰਮਲ ਸੰਤਾਂ ਦੀ ਵਿਦਵਾਨੀ ਅਤੇ ਸਮਾਜਿਕ ਘਾਲਣਾ ਨੂੰ ਸਮਰਪਿਤ ਇੱਕ ਵਿਸ਼ੇਸ਼ ਗੀਤ ‘ਵਿਰਾਸਤ ਡਿਵਾਈਨ’ ਚੈਨਲ ਉੱਤੇ ਰਿਲੀਜ਼ ਕੀਤਾ ਗਿਆ।
ਗੀਤ ਰਾਹੀਂ ਨਿਰਮਲ ਸੰਤਾਂ ਵੱਲੋਂ ਗਿਆਨ, ਸਾਹਿਤ, ਗੁਰਮਤਿ ਵਿਚਾਰ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਪਾਏ ਯੋਗਦਾਨ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਯਤਨ ਕੀਤਾ ਗਿਆ ਹੈ।
ਸਮਾਗਮ ਦੇ ਅੰਤ ਵਿੱਚ ਡਿਜੀਟਲ ਮੀਡੀਆ ਐਸੋਸੀਏਸ਼ਨ ਦੇ ਪ੍ਰਧਾਨ ਅਮਨ ਬੱਗਾ, ਚੇਅਰਮੈਨ ਅਜੀਤ ਸਿੰਘ ਬੁਲੰਦ ਅਤੇ ਪੈਟਰਨ ਪ੍ਰਦੀਪ ਕੁਮਾਰ ਵਰਮਾ ਵੱਲੋਂ ਮੁੱਖ ਬੁਲਾਰੇ ਡਾ. ਪਰਮਜੀਤ ਸਿੰਘ ਮਾਨਸਾ ਅਤੇ ਮੁੱਖ ਮਹਿਮਾਨ ਸੰਤ ਤੇਜਾ ਸਿੰਘ ਜੀ ਐੱਮ.ਏ. ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਸੈਮੀਨਾਰ ਨੇ ਇਹ ਸੁਨੇਹਾ ਦਿੱਤਾ ਕਿ ਨਿਰਮਲ ਸੰਪ੍ਰਦਾਇ ਦੀ ਗਿਆਨ-ਪਰੰਪਰਾ ਬਾਰੇ ਖੋਜ ਅਤੇ ਵਿਚਾਰ-ਸੰਵਾਦ ਦੀ ਲੜੀ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਇਸ ਨਾਲ ਪੰਜਾਬ ਦੀ ਅਮੁੱਲ ਬੌਧਿਕ ਵਿਰਾਸਤ ਨੂੰ ਇਤਿਹਾਸ ਦੇ ਪੰਨਿਆਂ ਤੱਕ ਸੀਮਤ ਰੱਖਣ ਦੀ ਥਾਂ ਮੌਜੂਦਾ ਪੀੜ੍ਹੀ ਦੇ ਗਿਆਨ ਅਤੇ ਵਿਚਾਰ-ਵਟਾਂਦਰੇ ਦਾ ਸਰਗਰਮ ਹਿੱਸਾ ਬਣਾਇਆ ਜਾ ਸਕੇਗਾ।