Monday, 31 August 2026
NIFT ਦੇ 18 ਕੈਂਪਸਾਂ ਦੇ ਸਾਂਝੇ ਕਨਵੋਕੇਸ਼ਨ ’ਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕੀਤੀ ਸ਼ਿਰਕਤ

NIFT ਦੇ 18 ਕੈਂਪਸਾਂ ਦੇ ਸਾਂਝੇ ਕਨਵੋਕੇਸ਼ਨ ’ਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕੀਤੀ ਸ਼ਿਰਕਤ

ਕਿਹਾ—ਫੈਸ਼ਨ ਟੈਕਨਾਲੋਜੀ ’ਚ ਭਾਰਤ ਦੀ ਵਿਸ਼ਵ ਪੱਧਰੀ ਪਛਾਣ ਹੋਰ ਮਜ਼ਬੂਤ ਕਰਨ ਦੀ ਵੱਡੀ ਸਮਰੱਥਾ; ਵਿਦਿਆਰਥੀਆਂ ਨੂੰ ਜੜ੍ਹਾਂ ਨਾਲ ਜੁੜੇ ਰਹਿਣ ਦਾ ਦਿੱਤਾ ਸੰਦੇਸ਼

ਨਵੀਂ ਦਿੱਲੀ, 31 ਅਗਸਤ 2026: ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸੋਮਵਾਰ ਨੂੰ ਨਵੀਂ ਦਿੱਲੀ ਵਿਖੇ ਨੈਸ਼ਨਲ ਇੰਸਟੀਚਿਊਟ ਆਫ਼ ਫੈਸ਼ਨ ਟੈਕਨਾਲੋਜੀ (NIFT) ਦੇ ਦੇਸ਼ ਭਰ ਵਿੱਚ ਸਥਿਤ 18 ਕੈਂਪਸਾਂ ਦੇ ਸਾਂਝੇ ਕਨਵੋਕੇਸ਼ਨ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਸਾਲ 2026 ਦੇ ਗ੍ਰੈਜੂਏਟ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਫੈਸ਼ਨ ਟੈਕਨਾਲੋਜੀ ਭਾਰਤ ਦੀ ਵਿਸ਼ਵ ਪੱਧਰ ’ਤੇ ਮੌਜੂਦਗੀ ਨੂੰ ਹੋਰ ਮਜ਼ਬੂਤ ਕਰਨ ਦੀ ਵੱਡੀ ਸਮਰੱਥਾ ਰੱਖਦੀ ਹੈ।

NIFT ਦੀ ਅਧਿਕਾਰਤ ਵਿਜ਼ਟਰ ਰਾਸ਼ਟਰਪਤੀ ਮੁਰਮੂ ਨੇ ਵਿਦਿਆਰਥੀਆਂ ਦੇ ਨਾਲ ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਕੱਪੜਾ ਮੰਤਰਾਲੇ ਅਧੀਨ ਸਾਲ 1986 ਵਿੱਚ ਸਥਾਪਿਤ NIFT ਨੇ ਪਿਛਲੇ ਚਾਰ ਦਹਾਕਿਆਂ ਦੌਰਾਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਮਹੱਤਵਪੂਰਨ ਯੋਗਦਾਨ ਪਾਇਆ ਹੈ।

ਸਮਾਗਮ ਵਿੱਚ ਕੇਂਦਰੀ ਕੱਪੜਾ ਮੰਤਰੀ ਗਿਰੀਰਾਜ ਸਿੰਘ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ। ਵੱਖ-ਵੱਖ ਪ੍ਰੋਗਰਾਮਾਂ ਵਿੱਚ ਸਭ ਤੋਂ ਵੱਧ ਕੁੱਲ ਗ੍ਰੇਡ ਪੁਆਇੰਟ ਔਸਤ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।

‘ਗਲੋਬਲ ਸੋਚ ਰੱਖੋ, ਪਰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹੋ’

ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਅੱਜ ਪਹਿਲਾਂ ਨਾਲੋਂ ਕਿਤੇ ਵੱਧ ਆਤਮਵਿਸ਼ਵਾਸ ਨਾਲ ਵਿਸ਼ਵ ਮੰਚ ’ਤੇ ਆਪਣੀ ਭੂਮਿਕਾ ਦਾ ਵਿਸਥਾਰ ਕਰ ਰਿਹਾ ਹੈ ਅਤੇ ਫੈਸ਼ਨ ਟੈਕਨਾਲੋਜੀ ਇਸ ਗਲੋਬਲ ਫੁੱਟਪ੍ਰਿੰਟ ਨੂੰ ਹੋਰ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ।

ਉਨ੍ਹਾਂ ਵਿਦਿਆਰਥੀਆਂ ਨੂੰ ਗਲੋਬਲ ਨਜ਼ਰੀਆ ਅਪਣਾਉਣ ਦੇ ਨਾਲ ਆਪਣੀਆਂ ਜੜ੍ਹਾਂ ਅਤੇ ਭਾਰਤੀ ਸੱਭਿਆਚਾਰ ਦੀਆਂ ਮੂਲ ਕਦਰਾਂ-ਕੀਮਤਾਂ ਨਾਲ ਮਜ਼ਬੂਤੀ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਨੌਜਵਾਨ ਨਾ ਸਿਰਫ਼ ਸਫ਼ਲ ਪੇਸ਼ੇਵਰ ਬਣ ਸਕਣਗੇ, ਸਗੋਂ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਅਤੇ ਹੋਰ ਅਮੀਰ ਬਣਾਉਣ ਵਿੱਚ ਵੀ ਯੋਗਦਾਨ ਪਾਉਣਗੇ।

ਰਵਾਇਤੀ ਕਾਰੀਗਰਾਂ ਨੂੰ ਆਧੁਨਿਕ ਤਕਨੀਕ ਨਾਲ ਜੋੜਨ ’ਤੇ ਜ਼ੋਰ

ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਟੈਕਸਟਾਈਲ ਅਤੇ ਅਪੈਰਲ ਸੈਕਟਰ ਭਾਰਤ ਦੀ ਸੱਭਿਆਚਾਰਕ ਵਿਰਾਸਤ ਦਾ ਅਹਿਮ ਹਿੱਸਾ ਹੋਣ ਦੇ ਨਾਲ ਲੱਖਾਂ ਲੋਕਾਂ ਦੀ ਰੋਜ਼ੀ-ਰੋਟੀ ਦਾ ਆਧਾਰ ਵੀ ਹੈ।

ਉਨ੍ਹਾਂ ਰਵਾਇਤੀ ਕਾਰੀਗਰਾਂ ਅਤੇ ਬੁਣਕਰਾਂ ਨੂੰ ਸਹੀ ਮਾਰਗਦਰਸ਼ਨ ਅਤੇ ਆਧੁਨਿਕ ਤਕਨੀਕਾਂ ਨਾਲ ਜੋੜਨ ਦੀ ਲੋੜ ’ਤੇ ਜ਼ੋਰ ਦਿੱਤਾ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵੀ ਮਾਣ ਅਤੇ ਆਤਮਵਿਸ਼ਵਾਸ ਨਾਲ ਇਨ੍ਹਾਂ ਕਿੱਤਿਆਂ ਨੂੰ ਅੱਗੇ ਵਧਾ ਸਕਣ।

ਰਾਸ਼ਟਰਪਤੀ ਨੇ ਵੱਖ-ਵੱਖ NIFT ਕੇਂਦਰਾਂ ਵੱਲੋਂ ਚਲਾਈ ਜਾ ਰਹੀ ‘Craft Cluster Initiative’ ਦੀ ਸ਼ਲਾਘਾ ਕੀਤੀ, ਜਿਸ ਰਾਹੀਂ ਬੁਣਕਰਾਂ ਅਤੇ ਕਾਰੀਗਰਾਂ ਨੂੰ ਆਧੁਨਿਕ ਤਰੀਕਿਆਂ ਨਾਲ ਜਾਣੂ ਕਰਵਾਉਣ ਦੇ ਨਾਲ ਬਾਜ਼ਾਰਾਂ ਤੱਕ ਪਹੁੰਚ ਬਣਾਉਣ ਵਿੱਚ ਮਦਦ ਕੀਤੀ ਜਾ ਰਹੀ ਹੈ।

‘ਕੂੜਾ ਨਾ ਸਮਝੋ, ਬਚੀ ਸਮੱਗਰੀ ਨੂੰ ਦਿਓ ਨਵਾਂ ਰੂਪ’

ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਉਤਪਾਦ ਅਤੇ ਬ੍ਰਾਂਡ ਤਿਆਰ ਕਰਨ ਦੇ ਨਾਲ ਵਾਤਾਵਰਣ ਅਨੁਕੂਲ ਉਤਪਾਦਨ ਨੂੰ ਤਰਜੀਹ ਦੇਣ ਲਈ ਕਿਹਾ।

ਉਨ੍ਹਾਂ ਸਥਾਨਕ ਪੱਧਰ ’ਤੇ ਉਪਲਬਧ ਕੱਚੇ ਮਾਲ ਦੀ ਵਰਤੋਂ ਵਧਾਉਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਉਤਪਾਦਨ ਤੋਂ ਬਾਅਦ ਬਚੀ ਸਮੱਗਰੀ ਨੂੰ ਕੂੜਾ ਸਮਝ ਕੇ ਸੁੱਟਣ ਦੀ ਬਜਾਏ ਉਸ ਨੂੰ ਨਵਾਂ ਰੂਪ, ਨਵੀਂ ਵਰਤੋਂ ਅਤੇ ਨਵੀਂ ਕੀਮਤ ਦਿੱਤੀ ਜਾ ਸਕਦੀ ਹੈ।

ਉਨ੍ਹਾਂ NIFT ਦੀ ਰਣਨੀਤਕ ਯੋਜਨਾ ਵਿੱਚ ਸਸਟੇਨੇਬਿਲਟੀ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਤਰਜੀਹ ਦਿੱਤੇ ਜਾਣ ਦੀ ਸ਼ਲਾਘਾ ਕਰਦਿਆਂ ਉਮੀਦ ਪ੍ਰਗਟਾਈ ਕਿ ਸੰਸਥਾ ਟੈਕਸਟਾਈਲ ਅਤੇ ਅਪੈਰਲ ਖੇਤਰ ਵਿੱਚ Circular Economy ਨੂੰ ਹੋਰ ਅੱਗੇ ਵਧਾਏਗੀ।

‘ਵਿਕਸਿਤ ਭਾਰਤ 2047’ ਵਿੱਚ ਨੌਜਵਾਨਾਂ ਦੀ ਅਹਿਮ ਭੂਮਿਕਾ

ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ‘ਵਿਕਸਿਤ ਭਾਰਤ 2047’ ਦੇ ਟੀਚੇ ਨੂੰ ਹਾਸਲ ਕਰਨ ਵਿੱਚ ਨੌਜਵਾਨਾਂ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੋਵੇਗੀ ਅਤੇ NIFT ਵਰਗੀਆਂ ਪ੍ਰਮੁੱਖ ਸੰਸਥਾਵਾਂ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਤੋਂ ਦੇਸ਼ ਨੂੰ ਵੱਡੀਆਂ ਉਮੀਦਾਂ ਹਨ।

ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਅਸਲ ਸਫ਼ਲਤਾ ਉਸ ਵੇਲੇ ਹੋਵੇਗੀ ਜਦੋਂ ਉਨ੍ਹਾਂ ਦੇ ਯਤਨਾਂ ਨਾਲ ਰਵਾਇਤੀ ਕਾਰੀਗਰ ਆਪਣੀ ਕਲਾ ਦੀ ਅਸਲ ਪਛਾਣ ਨੂੰ ਕਾਇਮ ਰੱਖਦਿਆਂ ਉਤਪਾਦਕਤਾ ਅਤੇ ਆਮਦਨ ਵਿੱਚ ਵਾਧਾ ਕਰ ਸਕਣ।

ਸਾਂਝੇ ਕਨਵੋਕੇਸ਼ਨ ਵਿੱਚ ਦੇਸ਼ ਭਰ ਦੇ NIFT ਦੇ 18 ਕੈਂਪਸਾਂ ਦੇ ਗ੍ਰੈਜੂਏਟ ਸ਼ਾਮਲ ਹੋਏ। ਮੁੱਖ ਸਮਾਰੋਹ ਤੋਂ ਬਾਅਦ ਵੱਖ-ਵੱਖ ਕੈਂਪਸਾਂ ਵੱਲੋਂ ਡਿਗਰੀ ਵੰਡ ਸਮਾਰੋਹ ਵੀ ਕਰਵਾਏ ਗਏ।

Published on: 31 Aug 2026

Editor Info

Pushpinder Kaur
publictimes@gmail.com
+91 84278 93668