ਲਾਪਤਾ ਲੋਕਾਂ ’ਚ ਹਾਈਡ੍ਰੋ ਪਾਵਰ ਪ੍ਰੋਜੈਕਟ ਦੇ 73 ਕਰਮਚਾਰੀ ਅਤੇ ਕੈਲਾਸ਼ ਮਾਨਸਰੋਵਰ ਯਾਤਰੀ ਵੀ ਸ਼ਾਮਲ
ਨਵੀਂ ਦਿੱਲੀ, 27 ਅਗਸਤ 2026: ਨੇਪਾਲ ਵਿੱਚ ਆਏ ਵਿਨਾਸ਼ਕਾਰੀ ਹੜ੍ਹਾਂ ਤੋਂ ਬਾਅਦ ਘੱਟੋ-ਘੱਟ 288 ਭਾਰਤੀ ਨਾਗਰਿਕਾਂ ਨਾਲ ਅਜੇ ਤੱਕ ਸੰਪਰਕ ਨਹੀਂ ਹੋ ਸਕਿਆ ਹੈ। ਵਿਦੇਸ਼ ਮੰਤਰਾਲੇ (MEA) ਨੇ ਵੀਰਵਾਰ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤ ਦੀ ਮੁੱਖ ਤਰਜੀਹ ਲਾਪਤਾ ਭਾਰਤੀਆਂ ਦਾ ਪਤਾ ਲਗਾਉਣ ਦੇ ਨਾਲ ਨੇਪਾਲ ਸਰਕਾਰ ਦੀ ਮੰਗ ਮੁਤਾਬਕ ਮਨੁੱਖੀ ਸਹਾਇਤਾ ਮੁਹੱਈਆ ਕਰਵਾਉਣਾ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਮੀਡੀਆ ਬ੍ਰੀਫਿੰਗ ਦੌਰਾਨ ਦੱਸਿਆ ਕਿ ਸੰਪਰਕ ਤੋਂ ਬਾਹਰ ਭਾਰਤੀਆਂ ਵਿੱਚ ਤ੍ਰਿਸ਼ੂਲੀ-1 ਪਾਵਰ ਪ੍ਰੋਜੈਕਟ ’ਤੇ ਕੰਮ ਕਰਨ ਵਾਲੇ 73 ਭਾਰਤੀ ਨਾਗਰਿਕ ਵੀ ਸ਼ਾਮਲ ਹਨ। ਕਾਠਮੰਡੂ ਸਥਿਤ ਭਾਰਤੀ ਦੂਤਾਵਾਸ ਇਨ੍ਹਾਂ ਲੋਕਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਪ੍ਰੋਜੈਕਟ ਮੁਖੀ ਦੇ ਸੰਪਰਕ ਵਿੱਚ ਹੈ।
ਤਾਮਿਲਨਾਡੂ, ਪੱਛਮੀ ਬੰਗਾਲ ਤੇ ਕੇਰਲ ਦੇ ਲੋਕ ਵੀ ਸ਼ਾਮਲ
ਸੰਪਰਕ ਤੋਂ ਬਾਹਰ ਲੋਕਾਂ ਵਿੱਚ ਕੈਲਾਸ਼ ਮਾਨਸਰੋਵਰ ਯਾਤਰਾ ’ਤੇ ਗਏ ਤਾਮਿਲਨਾਡੂ ਦੇ ਦੋ ਸਮੂਹ ਵੀ ਸ਼ਾਮਲ ਹਨ, ਜਿਨ੍ਹਾਂ ਵਿੱਚ ਕ੍ਰਮਵਾਰ 37 ਅਤੇ 49 ਲੋਕ ਹਨ।
ਇਸ ਤੋਂ ਇਲਾਵਾ ਰਸੂਵਾ ਜ਼ਿਲ੍ਹੇ ਦੇ ਟਿਮੁਰੇ ਇਲਾਕੇ ਵਿੱਚ ਪੱਛਮੀ ਬੰਗਾਲ ਦੇ 32, ਵੱਖ-ਵੱਖ ਸੂਬਿਆਂ ਦੇ 61 ਅਤੇ ਕੇਰਲ ਦੇ 33 ਭਾਰਤੀ ਨਾਗਰਿਕਾਂ ਨਾਲ ਵੀ ਸੰਪਰਕ ਸਥਾਪਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸੰਚਾਰ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਕਾਰਨ ਲੋਕਾਂ ਨਾਲ ਸੰਪਰਕ ਕਰਨ ਵਿੱਚ ਮੁਸ਼ਕਲ ਆ ਰਹੀ ਹੈ।
ਤਾਮਿਲਨਾਡੂ ਦੇ 21 ਸ਼ਰਧਾਲੂ ਬਚਾਏ ਗਏ
ਰਾਹਤ ਦੀ ਖ਼ਬਰ ਇਹ ਹੈ ਕਿ ਕੈਲਾਸ਼ ਮਾਨਸਰੋਵਰ ਯਾਤਰਾ ’ਤੇ ਗਏ ਤਾਮਿਲਨਾਡੂ ਦੇ 21 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਉਨ੍ਹਾਂ ਨੂੰ ਕਾਠਮੰਡੂ ਲਿਆਂਦਾ ਜਾ ਰਿਹਾ ਹੈ, ਜਿੱਥੋਂ ਭਾਰਤ ਵਾਪਸ ਲਿਆਉਣ ਦੇ ਪ੍ਰਬੰਧ ਕੀਤੇ ਜਾਣਗੇ।
ਇਸ ਦੇ ਨਾਲ ਹੀ ਚੀਨ ਦੇ ਤਿੱਬਤ ਵਾਲੇ ਪਾਸੇ ਫਸੇ ਕਰੀਬ 200 ਭਾਰਤੀਆਂ ਨੇ ਵੀ ਭਾਰਤੀ ਅਧਿਕਾਰੀਆਂ ਤੋਂ ਨਿਕਾਸੀ ਲਈ ਮਦਦ ਮੰਗੀ ਹੈ। ਇਨ੍ਹਾਂ ਵਿੱਚੋਂ ਕੁਝ ਲੋਕ ਦਰਚੇਨ ਸਮੇਤ ਵੱਖ-ਵੱਖ ਥਾਵਾਂ ’ਤੇ ਫਸੇ ਹੋਏ ਹਨ।
ਭਾਰਤ ਨੇ ਭੇਜੀ ਕਰੀਬ 47.5 ਟਨ ਰਾਹਤ ਸਮੱਗਰੀ
ਭਾਰਤ ਨੇ ਨੇਪਾਲ ਦੀ ਮਦਦ ਲਈ ਵੱਡੇ ਪੱਧਰ ’ਤੇ ਮਨੁੱਖੀ ਸਹਾਇਤਾ ਅਤੇ ਆਫ਼ਤ ਰਾਹਤ ਸਮੱਗਰੀ ਭੇਜਣੀ ਸ਼ੁਰੂ ਕਰ ਦਿੱਤੀ ਹੈ। ਦੋ ਫੌਜੀ ਟਰਾਂਸਪੋਰਟ ਜਹਾਜ਼ਾਂ ਰਾਹੀਂ ਕੁੱਲ ਕਰੀਬ 47.5 ਟਨ ਰਾਹਤ ਸਮੱਗਰੀ ਭੇਜੀ ਗਈ ਹੈ, ਜਿਸ ਵਿੱਚ ਦਵਾਈਆਂ, ਖਾਣ-ਪੀਣ ਦੇ ਪੈਕੇਟ ਅਤੇ ਹੋਰ ਜ਼ਰੂਰੀ ਸਮਾਨ ਸ਼ਾਮਲ ਹੈ।
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਮੁਤਾਬਕ ਦੂਜੀ ਖੇਪ ਵਿੱਚ 37.5 ਟਨ ਰਾਹਤ ਸਮੱਗਰੀ ਭੇਜੀ ਗਈ। ਭਾਰਤ ਵੱਲੋਂ ਰਾਹਤ ਕਾਰਜਾਂ ਵਿੱਚ ਮਦਦ ਲਈ ਬੇਲੀ ਬ੍ਰਿਜ ਮੁਹੱਈਆ ਕਰਵਾਉਣ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ।
PM ਮੋਦੀ ਨੇ ਨੇਪਾਲ ਨੂੰ ਹਰ ਸੰਭਵ ਮਦਦ ਦਾ ਦਿੱਤਾ ਭਰੋਸਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਨੇਪਾਲ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਕੇ ਇਸ ਭਿਆਨਕ ਆਫ਼ਤ ’ਤੇ ਦੁੱਖ ਪ੍ਰਗਟਾਇਆ ਸੀ ਅਤੇ ਭਾਰਤ ਵੱਲੋਂ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਸੀ।
ਵਿਦੇਸ਼ ਮੰਤਰਾਲੇ ਨੇ ਸਥਿਤੀ ’ਤੇ ਨਜ਼ਰ ਰੱਖਣ ਅਤੇ ਭਾਰਤੀ ਨਾਗਰਿਕਾਂ ਦੀ ਮਦਦ ਲਈ ਕੰਟਰੋਲ ਰੂਮ ਸਥਾਪਤ ਕੀਤਾ ਹੈ। ਕਾਠਮੰਡੂ ਸਥਿਤ ਭਾਰਤੀ ਦੂਤਾਵਾਸ ਵੀ ਨੇਪਾਲੀ ਅਧਿਕਾਰੀਆਂ ਨਾਲ ਲਗਾਤਾਰ ਤਾਲਮੇਲ ਕਰ ਰਿਹਾ ਹੈ।
ਮੰਤਰਾਲੇ ਨੇ ਕਿਹਾ ਕਿ ਭਾਰਤ ਨੇਪਾਲ ਦੀਆਂ ਲੋੜਾਂ ਅਤੇ ਮੰਗਾਂ ਅਨੁਸਾਰ ਹੋਰ ਸਹਾਇਤਾ ਦੇਣ ਲਈ ਤਿਆਰ ਹੈ। ਇਸ ਦੇ ਨਾਲ ਹੀ ਸੰਪਰਕ ਤੋਂ ਬਾਹਰ 288 ਭਾਰਤੀ ਨਾਗਰਿਕਾਂ ਦਾ ਪਤਾ ਲਗਾਉਣ ਲਈ ਬਚਾਅ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ।