ਜਲੰਧਰ, 19 ਜੁਲਾਈ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਕੋਦਰ ਵਿਖੇ ਲੱਗੇ ਸਾਲਾਨਾ ਮੇਲੇ ਦੌਰਾਨ ਡੇਰਾ ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਦੇ ਦਰਬਾਰ ਵਿੱਚ ਨਤਮਸਤਕ ਹੋ ਕੇ ਪੰਜਾਬ ਦੀ ਅਮਨ-ਸ਼ਾਂਤੀ, ਖੁਸ਼ਹਾਲੀ ਅਤੇ ਸਰਬਪੱਖੀ ਤਰੱਕੀ ਲਈ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਸੱਭਿਆਚਾਰਕ ਸਮਾਗਮ ਵਿੱਚ ਵੀ ਹਿੱਸਾ ਲਿਆ ਅਤੇ ਵੱਡੀ ਗਿਣਤੀ ਵਿੱਚ ਪਹੁੰਚੀ ਸੰਗਤ ਦਾ ਧੰਨਵਾਦ ਕੀਤਾ।
ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਮਿਲਿਆ ਪਿਆਰ ਅਤੇ ਵਿਸ਼ਵਾਸ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਖ਼ਤ ਮਿਹਨਤ ਅਤੇ ਇਮਾਨਦਾਰੀ ਨਾਲ ਲੋਕਾਂ ਦਾ ਭਰੋਸਾ ਹਾਸਲ ਕੀਤਾ ਹੈ ਅਤੇ ਉਹ ਇਸ ਵਿਸ਼ਵਾਸ ਨੂੰ ਕਦੇ ਵੀ ਟੁੱਟਣ ਨਹੀਂ ਦੇਣਗੇ।
ਭਗਵੰਤ ਸਿੰਘ ਮਾਨ ਨੇ ਕਿਹਾ, “ਮੇਰੀ ਅਸਲ ਕਮਾਈ ਮੇਰੀ ਇਮਾਨਦਾਰੀ ਹੈ। ਪੰਜਾਬ ਦੇ ਲੋਕ ਮੇਰੇ ਉੱਤੇ ਇਸੇ ਕਰਕੇ ਪੂਰਾ ਯਕੀਨ ਕਰਦੇ ਹਨ। ਮੈਂ ਪੂਰੀ ਜ਼ਿੰਮੇਵਾਰੀ, ਪਾਰਦਰਸ਼ਤਾ ਅਤੇ ਸਮਰਪਣ ਨਾਲ ਪੰਜਾਬ ਦੀ ਸੇਵਾ ਕਰਦਾ ਰਹਾਂਗਾ।”
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ, ਫਕੀਰਾਂ ਅਤੇ ਸ਼ਹੀਦਾਂ ਦੀ ਪਵਿੱਤਰ ਧਰਤੀ ਹੈ, ਜਿੱਥੇ ਸਦੀਆਂ ਤੋਂ ਭਾਈਚਾਰਕ ਸਾਂਝ ਅਤੇ ਧਾਰਮਿਕ ਸਹਿਣਸ਼ੀਲਤਾ ਦੀ ਪਰੰਪਰਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮਿੱਟੀ ਬੇਹੱਦ ਉਪਜਾਊ ਹੈ ਅਤੇ ਇੱਥੇ ਹਰ ਤਰ੍ਹਾਂ ਦਾ ਬੀਜ ਉੱਗ ਸਕਦਾ ਹੈ, ਪਰ ਨਫ਼ਰਤ ਦਾ ਬੀਜ ਕਦੇ ਵੀ ਨਹੀਂ ਪੁੰਗਰ ਸਕਦਾ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹਰ ਧਰਮ ਅਤੇ ਹਰ ਤਿਉਹਾਰ ਨੂੰ ਮਿਲਜੁਲ ਕੇ ਮਨਾਉਂਦੇ ਹਨ। ਚਾਹੇ ਗੁਰਪੁਰਬ ਹੋਵੇ, ਰਾਮ ਨੌਮੀ ਹੋਵੇ ਜਾਂ ਕੋਈ ਹੋਰ ਧਾਰਮਿਕ ਸਮਾਗਮ, ਪੰਜਾਬੀਆਂ ਦੀ ਸਾਂਝ ਅਤੇ ਏਕਤਾ ਹਮੇਸ਼ਾ ਮਜ਼ਬੂਤ ਰਹੀ ਹੈ।
ਮੁੱਖ ਮੰਤਰੀ ਨੇ ਆਉਣ ਵਾਲੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਇਤਿਹਾਸਕ ਦਿਹਾੜਾ ਪੂਰੇ ਪੰਜਾਬ ਵੱਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਫੁੱਟ ਪਾਉਣ ਵਾਲੀਆਂ ਤਾਕਤਾਂ ਕਦੇ ਕਾਮਯਾਬ ਨਹੀਂ ਹੋ ਸਕਦੀਆਂ ਕਿਉਂਕਿ ਇੱਥੋਂ ਦੇ ਸਮਾਜਿਕ ਅਤੇ ਭਾਈਚਾਰਕ ਰਿਸ਼ਤੇ ਬਹੁਤ ਮਜ਼ਬੂਤ ਹਨ।
ਆਪਣੀ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਗੱਲ ਕਰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਕਲਾਕਾਰਾਂ ਨੂੰ ਸਿਰਫ਼ ਭੀੜ ਇਕੱਠੀ ਕਰਨ ਲਈ ਵਰਤਿਆ ਜਾਂਦਾ ਸੀ, ਜਦਕਿ ਮੌਜੂਦਾ ਸਰਕਾਰ ਨੇ ਕਲਾਕਾਰਾਂ ਨੂੰ ਬਣਦਾ ਮਾਣ ਅਤੇ ਸਤਿਕਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਸੂਬੇ ਦੀ ਸੇਵਾ ਕਰਨ ਦੀ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਅਤੇ ਉਹ ਇਸ ਫਰਜ਼ ਨੂੰ ਪੂਰੀ ਇਮਾਨਦਾਰੀ ਅਤੇ ਜਵਾਬਦੇਹੀ ਨਾਲ ਨਿਭਾ ਰਹੇ ਹਨ।
ਮੁੱਖ ਮੰਤਰੀ ਨੇ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਯੋਜਨਾ ਤਹਿਤ ਔਰਤਾਂ ਨੂੰ ਸਿੱਧੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਔਰਤਾਂ ਨੂੰ ਹਰ ਮਹੀਨੇ 1,500 ਰੁਪਏ ਅਤੇ ਹੋਰ ਯੋਗ ਔਰਤਾਂ ਨੂੰ 1,000 ਰੁਪਏ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਭੇਜੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਸਮਾਜਿਕ ਸੁਰੱਖਿਆ ਪੈਨਸ਼ਨ ਲੈ ਰਹੀਆਂ ਔਰਤਾਂ ਵੀ ਇਸ ਯੋਜਨਾ ਦਾ ਲਾਭ ਪ੍ਰਾਪਤ ਕਰ ਸਕਦੀਆਂ ਹਨ। ਮੁੱਖ ਮੰਤਰੀ ਅਨੁਸਾਰ ਪੰਜਾਬ ਦੀਆਂ ਲਗਭਗ 97 ਫੀਸਦੀ ਔਰਤਾਂ ਇਸ ਸਕੀਮ ਦੇ ਦਾਇਰੇ ਵਿੱਚ ਆ ਰਹੀਆਂ ਹਨ ਅਤੇ ਇਸ ਲਈ ਸੂਬਾ ਸਰਕਾਰ ਵੱਲੋਂ 9,300 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।
ਮੁੱਖ ਮੰਤਰੀ ਨੇ ਤੀਰਥ ਯਾਤਰਾ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਤਹਿਤ ਸੰਗਤਾਂ ਨੂੰ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ, ਹਰਿਦੁਆਰ, ਰਿਸ਼ੀਕੇਸ਼, ਸਾਲਾਸਰ ਧਾਮ ਅਤੇ ਖਾਟੂ ਸ਼ਿਆਮ ਜੀ ਸਮੇਤ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਏ ਜਾ ਰਹੇ ਹਨ।
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬੀਆਂ ਨੂੰ ਮਿਲ ਕੇ ਇੱਕ ਖੁਸ਼ਹਾਲ, ਹੱਸਦਾ-ਵੱਸਦਾ ਅਤੇ ਤਰੱਕੀਸ਼ੀਲ ਪੰਜਾਬ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ, “ਸਾਨੂੰ ਪੰਜਾਬ ਨੂੰ ਕਿਸੇ ਹੋਰ ਲੰਡਨ ਜਾਂ ਕੈਲੀਫੋਰਨੀਆ ਵਾਂਗ ਬਣਾਉਣ ਦੀ ਲੋੜ ਨਹੀਂ। ਸਾਨੂੰ ਆਪਣੀ ਮਿੱਟੀ, ਆਪਣੀ ਪਛਾਣ ਅਤੇ ਆਪਣੀ ਵਿਰਾਸਤ ਨਾਲ ਜੁੜਿਆ ਹੋਇਆ ਮਜ਼ਬੂਤ ਪੰਜਾਬ ਬਣਾਉਣਾ ਹੈ।”
ਉਨ੍ਹਾਂ ਕਿਹਾ ਕਿ ਸਰਕਾਰ ਦਾ ਹਰ ਫੈਸਲਾ ਪੰਜਾਬ ਦੇ ਵਡੇਰੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾ ਰਿਹਾ ਹੈ। ਸਮਾਜ ਦੇ ਹਰ ਵਰਗ ਦੀ ਭਲਾਈ, ਨੌਜਵਾਨਾਂ ਲਈ ਮੌਕੇ, ਔਰਤਾਂ ਦੀ ਆਰਥਿਕ ਸੁਰੱਖਿਆ ਅਤੇ ਸੂਬੇ ਦੇ ਵਿਕਾਸ ਲਈ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ।
ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦੀ ਮਹੱਤਤਾ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਡੂੰਘੀਆਂ ਜੜ੍ਹਾਂ ਵਾਲੇ ਦਰੱਖਤ ਤੂਫ਼ਾਨਾਂ ਵਿੱਚ ਵੀ ਨਹੀਂ ਡਿੱਗਦੇ। ਇਸੇ ਤਰ੍ਹਾਂ ਹਰ ਪੰਜਾਬੀ ਨੂੰ ਆਪਣੀ ਮਿੱਟੀ, ਸੱਭਿਆਚਾਰ ਅਤੇ ਵਿਰਸੇ ਨਾਲ ਜੁੜੇ ਰਹਿਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਪੂਰੀ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਸੂਬੇ ਨੂੰ ਹਰ ਖੇਤਰ ਵਿੱਚ ਅੱਗੇ ਲਿਜਾਣ ਲਈ ਕੰਮ ਕਰ ਰਹੀ ਹੈ ਅਤੇ ਇਨ੍ਹਾਂ ਯਤਨਾਂ ਦੇ ਚੰਗੇ ਨਤੀਜੇ ਹੁਣ ਸਪੱਸ਼ਟ ਤੌਰ ’ਤੇ ਸਾਹਮਣੇ ਆਉਣ ਲੱਗੇ ਹਨ।
ਅੰਤ ਵਿੱਚ ਮੁੱਖ ਮੰਤਰੀ ਨੇ ਡੇਰਾ ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਦੇ ਸਾਲਾਨਾ ਮੇਲੇ ਦੇ ਸਫਲ ਆਯੋਜਨ ਲਈ ਸੰਗਤ ਅਤੇ ਪ੍ਰਬੰਧਕ ਕਮੇਟੀ ਨੂੰ ਵਧਾਈ ਦਿੱਤੀ। ਉਨ੍ਹਾਂ ਦਰਬਾਰ ਵਿੱਚ ਮੱਥਾ ਟੇਕ ਕੇ ਪੰਜਾਬ ਦੀ ਚੜ੍ਹਦੀ ਕਲਾ, ਖੁਸ਼ਹਾਲੀ ਅਤੇ ਲਾਸਾਨੀ ਤਰੱਕੀ ਲਈ ਅਰਦਾਸ ਕੀਤੀ।
ਇਸ ਮੌਕੇ ਸੀਨੀਅਰ ਆਮ ਆਦਮੀ ਪਾਰਟੀ ਆਗੂ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ, ਸਾਬਕਾ ਸੰਸਦ ਮੈਂਬਰ ਹੰਸ ਰਾਜ ਹੰਸ, ਵਿਧਾਇਕ ਇੰਦਰਜੀਤ ਕੌਰ ਮਾਨ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।