Wednesday, 10 June 2026
ਮਹਿਲਾ ਪੁਲਿਸ ਕਰਮਚਾਰੀਆਂ ਲਈ 93 ਈ-ਸਕੂਟਰਾਂ ਨੂੰ ਹਰੀ ਝੰਡੀ

ਮਹਿਲਾ ਪੁਲਿਸ ਕਰਮਚਾਰੀਆਂ ਲਈ 93 ਈ-ਸਕੂਟਰਾਂ ਨੂੰ ਹਰੀ ਝੰਡੀ

ਡੀਜੀਪੀ ਗੌਰਵ ਯਾਦਵ ਵੱਲੋਂ ਨਵੇਂ ‘ਸਾਂਝ ਸਿਟੀਜ਼ਨ ਪੋਰਟਲ’ ਦੀ ਸ਼ੁਰੂਆਤ, ਮਹਿਲਾ ਪੁਲਿਸ ਕਰਮਚਾਰੀਆਂ ਲਈ 93 ਈ-ਸਕੂਟਰਾਂ ਨੂੰ ਹਰੀ ਝੰਡੀ

— ਨਾਗਰਿਕ-ਕੇਂਦਰਿਤ ਪੋਰਟਲ ਵਿੱਚ ਆਧਾਰ-ਅਧਾਰਿਤ e-KYC, QR ਕੋਡ ਪ੍ਰਮਾਣਿਤ ਸਰਟੀਫਿਕੇਟ, ਪੇਪਰਲੈੱਸ ਤਸਦੀਕ ਸਮੇਤ 14 ਨਵੀਆਂ ਡਿਜੀਟਲ ਸੇਵਾਵਾਂ ਸ਼ਾਮਲ

— ‘ਹੱਕ ਤੁਹਾਡਾ, ਫ਼ਰਜ਼ ਸਾਡਾ’ ਕਮਿਊਨਿਟੀ ਪੁਲਿਸਿੰਗ ਨੂੰ ਹੋਰ ਮਜ਼ਬੂਤ ਬਣਾਉਣ ਲਈ ਸਾਡਾ ਮਾਰਗਦਰਸ਼ਕ ਸਿਧਾਂਤ ਹੈ: ਡੀਜੀਪੀ ਗੌਰਵ ਯਾਦਵ

ਚੰਡੀਗੜ੍ਹ/ਜਲੰਧਰ, 10 ਜੂਨ:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਸੋਚ ਅਨੁਸਾਰ ਨਾਗਰਿਕ-ਕੇਂਦਰਿਤ ਅਤੇ ਤਕਨਾਲੋਜੀ-ਅਧਾਰਿਤ ਪੁਲਿਸਿੰਗ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਅਹਿਮ ਕਦਮ ਚੁੱਕਦਿਆਂ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਬੁੱਧਵਾਰ ਨੂੰ ਫਿਲੌਰ ਵਿਖੇ ਸਥਿਤ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਵਿੱਚ ਨਵੇਂ ‘ਸਾਂਝ ਸਿਟੀਜ਼ਨ ਪੋਰਟਲ’ ਦੀ ਸ਼ੁਰੂਆਤ ਕੀਤੀ। 134 ਸਾਲ ਪੁਰਾਣੀ ਇਹ ਅਕੈਡਮੀ ਪੰਜਾਬ ਪੁਲਿਸ ਦੀ ਪ੍ਰਮੁੱਖ ਸਿਖਲਾਈ ਸੰਸਥਾ ਹੈ।

ਡੀਜੀਪੀ ਦੇ ਨਾਲ ਕਮਿਊਨਿਟੀ ਅਫੇਅਰਜ਼ ਡਿਵੀਜ਼ਨ (CAD) ਦੀ ਸਪੈਸ਼ਲ ਡੀਜੀਪੀ ਗੁਰਪ੍ਰੀਤ ਕੌਰ ਦਿਓ ਵੀ ਮੌਜੂਦ ਸਨ। ਇਸ ਮੌਕੇ ਉਨ੍ਹਾਂ ਨੇ ਪੰਜਾਬ ਪੁਲਿਸ ਮਹਿਲ਼ਾ ਮਿੱਤਰ ਅਤੇ ਵੂਮੈਨ ਹੈਲਪ ਡੈਸਕਾਂ ਦਾ ਸੰਚਾਲਨ ਕਰ ਰਹੀਆਂ ਮਹਿਲਾ ਪੁਲਿਸ ਕਰਮਚਾਰੀਆਂ ਲਈ 93 ਇਲੈਕਟ੍ਰਿਕ ਸਕੂਟਰਾਂ ਦੇ ਬੇੜੇ ਨੂੰ ਵੀ ਹਰੀ ਝੰਡੀ ਦਿਖਾਈ, ਜਿਸ ਨਾਲ ਉਨ੍ਹਾਂ ਦੀ ਕਾਰਗੁਜ਼ਾਰੀ ਅਤੇ ਲੋਕਾਂ ਤੱਕ ਤੁਰੰਤ ਸੇਵਾਵਾਂ ਪਹੁੰਚਾਉਣ ਦੀ ਸਮਰੱਥਾ ਵਿੱਚ ਹੋਰ ਵਾਧਾ ਹੋਵੇਗਾ।

ਅੱਪਗ੍ਰੇਡ ਕੀਤੇ ਗਏ ਸਾਂਝ ਸਿਟੀਜ਼ਨ ਪੋਰਟਲ (saanjh.punjabpolice.gov.in) ਵਿੱਚ 530 ਤੋਂ ਵੱਧ ਸਾਂਝ ਕੇਂਦਰਾਂ ਰਾਹੀਂ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਹੋਰ ਬਿਹਤਰ ਬਣਾਇਆ ਗਿਆ ਹੈ। ਇਸ ਵਿੱਚ 14 ਨਵੀਆਂ ਵਿਸ਼ੇਸ਼ਤਾਵਾਂ ਸ਼ਾਮਲ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਪੁਲਿਸ ਤਸਦੀਕ ਲਈ ਆਧਾਰ-ਅਧਾਰਿਤ e-KYC, ਜਾਅਲਸਾਜ਼ੀ ਰੋਕਣ ਲਈ QR ਕੋਡ ਪ੍ਰਮਾਣਿਤ ਸਰਟੀਫਿਕੇਟ, ਸਾਰੇ ਭੁਗਤਾਨਾਂ ਲਈ ਡਿਜੀਟਲ ਰਸੀਦਾਂ, ਗੁੰਮ ਹੋਏ ਮੋਬਾਈਲ ਫੋਨਾਂ ਦੀ ਰਿਪੋਰਟਿੰਗ ਲਈ ਨਵੀਂ ਪ੍ਰਕਿਰਿਆ, ਦੋਹਰੇ ਪਤੇ ਦੀ ਤਸਦੀਕ ਵਾਲੀ ਪੂਰੀ ਤਰ੍ਹਾਂ ਪੇਪਰਲੈੱਸ ਕਿਰਾਏਦਾਰ ਤਸਦੀਕ ਪ੍ਰਣਾਲੀ, ਸੀਨੀਅਰ ਨਾਗਰਿਕਾਂ ਲਈ ਵਿਸ਼ੇਸ਼ ਸੇਵਾਵਾਂ ਅਤੇ ਪਾਸਪੋਰਟ ਤਸਦੀਕ ਅਧਿਕਾਰੀਆਂ ਲਈ ਨਾਗਰਿਕ ਫੀਡਬੈਕ ਪ੍ਰਣਾਲੀ ਸ਼ਾਮਲ ਹੈ, ਜਿਸ ਤਹਿਤ ਫਰਵਰੀ 2025 ਤੋਂ ਹੁਣ ਤੱਕ 90,000 ਤੋਂ ਵੱਧ ਫੀਡਬੈਕ ਪ੍ਰਾਪਤ ਹੋ ਚੁੱਕੇ ਹਨ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਨਵਾਂ ਸਾਂਝ ਪੋਰਟਲ ਤਕਨਾਲੋਜੀ, ਪ੍ਰਸ਼ਾਸਨਿਕ ਸੁਧਾਰਾਂ ਅਤੇ ਨਾਗਰਿਕ-ਪਹਿਲਾਂ ਦੀ ਸੋਚ ਦਾ ਸੁਮੇਲ ਹੈ, ਜੋ ਲੋਕਾਂ ਨੂੰ ਪੁਲਿਸ ਸੇਵਾਵਾਂ ਲਈ ਦਫ਼ਤਰਾਂ ਦੇ ਚੱਕਰ ਲਗਾਉਣ ਅਤੇ ਬਿਚੋਲੀਆਂ ਦੀ ਲੋੜ ਤੋਂ ਮੁਕਤ ਕਰਦਿਆਂ ਤੁਰੰਤ ਅਤੇ ਪ੍ਰਮਾਣਿਤ ਸੇਵਾਵਾਂ ਸਿੱਧੇ ਉਨ੍ਹਾਂ ਤੱਕ ਪਹੁੰਚਾਉਂਦਾ ਹੈ। ਉਨ੍ਹਾਂ ਕਿਹਾ ਕਿ ਵਾਹਨਾਂ ਲਈ NOC ਅਤੇ ਗੁੰਮਸ਼ੁਦਾ ਵਿਅਕਤੀਆਂ ਦੀਆਂ ਰਜਿਸਟਰੀਆਂ ਸਬੰਧੀ ਰਾਸ਼ਟਰੀ ਡਿਜੀਟਲ ਪੁਲਿਸ ਡਾਟਾਬੇਸ ਨਾਲ ਏਕੀਕਰਨ ਅਤੇ ਕਈ ਸੇਵਾਵਾਂ ਲਈ ਇੱਕਸਾਰ ਪੁਲਿਸ ਵੈਰੀਫਿਕੇਸ਼ਨ ਐਪ ਦੀ ਸ਼ੁਰੂਆਤ ਪਾਰਦਰਸ਼ੀ ਅਤੇ ਜਵਾਬਦੇਹ ਪੁਲਿਸਿੰਗ ਵੱਲ ਇੱਕ ਵੱਡਾ ਕਦਮ ਹੈ।

ਕਮਿਊਨਿਟੀ ਪੁਲਿਸਿੰਗ ਪ੍ਰਤੀ ਪੰਜਾਬ ਪੁਲਿਸ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਡੀਜੀਪੀ ਗੌਰਵ ਯਾਦਵ ਨੇ ਯੁਵਾ ਸਾਂਝ, ਸਟੂਡੈਂਟ ਪੁਲਿਸ ਕੈਡੇਟ ਸਕੀਮ, ਜਾਗ੍ਰਿਤੀ, ਵੂਮੈਨ ਹੈਲਪ ਡੈਸਕ ਅਤੇ ਸਾਂਝ ਰਾਹਤ ਕੇਂਦਰਾਂ ਵਰਗੀਆਂ ਪਹਿਲਕਦਮੀਆਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ, “ਪੰਜਾਬ ਪੁਲਿਸ ਆਪਣੇ ਮਾਰਗਦਰਸ਼ਕ ਸਿਧਾਂਤ ‘ਹੱਕ ਤੁਹਾਡਾ, ਫ਼ਰਜ਼ ਸਾਡਾ’ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ।”

ਇਸ ਮੌਕੇ ਡੀਜੀਪੀ ਪੰਜਾਬ ਨੇ ਸਾਂਝ ਦੇ ਨਵੇਂ ਮਾਸਕਟ ‘ਸ਼ੇਰਾ’ ਅਤੇ ‘ਸ਼ਕਤੀ’ ਵੀ ਲਾਂਚ ਕੀਤੇ, ਜੋ ਪੰਜਾਬ ਪੁਲਿਸ ਅਤੇ ਭਾਈਚਾਰੇ ਦਰਮਿਆਨ ਸੰਪਰਕ ਨੂੰ ਹੋਰ ਦੋਸਤਾਨਾ, ਪ੍ਰਭਾਵਸ਼ਾਲੀ ਅਤੇ ਇੰਟਰਐਕਟਿਵ ਬਣਾਉਣ ਲਈ ਤਿਆਰ ਕੀਤੇ ਗਏ ਹਨ।

ਸਮਾਗਮ ਦੌਰਾਨ ਪੁਲਿਸ ਕਮਿਸ਼ਨਰ ਜਲੰਧਰ ਧਨਪ੍ਰੀਤ ਕੌਰ, ਪੁਲਿਸ ਕਮਿਸ਼ਨਰ ਲੁਧਿਆਣਾ ਸਵਪਨ ਸ਼ਰਮਾ, ਡੀਆਈਜੀ ਜਲੰਧਰ ਰੇਂਜ ਨਵੀਨ ਸਿੰਗਲਾ, ਡਿਪਟੀ ਕਮਿਸ਼ਨਰ ਜਲੰਧਰ ਵਰਜੀਤ ਵਾਲੀਆ, ਐੱਸਐੱਸਪੀ ਜਲੰਧਰ ਦਿਹਾਤੀ ਸ.ਹਰਵਿੰਦਰ ਸਿੰਘ ਵਿਰਕ, ਐੱਸਐੱਸਪੀ ਐੱਸਬੀਐੱਸ ਨਗਰ ਤੁਸ਼ਾਰ ਗੁਪਤਾ ਅਤੇ ਐੱਸਐੱਸਪੀ ਲੁਧਿਆਣਾ ਦਿਹਾਤੀ ਅੰਕੁਰ ਗੁਪਤਾ ਵੀ ਹਾਜ਼ਰ ਸਨ।

Published on: 10 Jun 2026

Editor Info

Pushpinder Kaur
publictimes@gmail.com
+91 84278 93668