ਪਟਨਾ : ਪ੍ਰਸਿੱਧ ਸਿੱਖਿਅਕ ਅਤੇ ਯੂਟਿਊਬਰ ਫੈਜ਼ਲ ਖਾਨ, ਜੋ "ਖਾਨ ਸਰ" ਦੇ ਨਾਮ ਨਾਲ ਮਸ਼ਹੂਰ ਹਨ, ਨੂੰ ਪਟਨਾ ਦੀ ਇੱਕ ਅਦਾਲਤ ਵੱਲੋਂ ਗੋਲੀਬਾਰੀ ਨਾਲ ਜੁੜੇ ਮਾਮਲੇ ਵਿੱਚ ਅੰਤਰਿਮ ਰਾਹਤ ਮਿਲੀ ਹੈ। ਅਦਾਲਤ ਨੇ ਉਨ੍ਹਾਂ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ 'ਤੇ ਸੁਣਵਾਈ ਕਰਦੇ ਹੋਏ ਫਿਲਹਾਲ ਉਨ੍ਹਾਂ ਦੀ ਗ੍ਰਿਫ਼ਤਾਰੀ 'ਤੇ ਰੋਕ ਲਗਾ ਦਿੱਤੀ ਹੈ। ਮਾਮਲੇ ਦੀ ਅਗਲੀ ਸੁਣਵਾਈ 20 ਜੂਨ ਨੂੰ ਹੋਵੇਗੀ।
ਖਾਨ ਸਰ ਦੇ ਵਕੀਲ ਐਡਵੋਕੇਟ ਅਰਵਿੰਦ ਕੁਮਾਰ ਮੌਰ ਨੇ ਦੱਸਿਆ ਕਿ ਅਦਾਲਤ ਨੇ ਉਨ੍ਹਾਂ ਦੇ ਮੁਅੱਕਲ ਨੂੰ ਅੰਤਰਿਮ ਸੁਰੱਖਿਆ ਪ੍ਰਦਾਨ ਕੀਤੀ ਹੈ। ਨਾਲ ਹੀ ਪੁਲਿਸ ਨੂੰ ਖਾਨ ਸਰ ਦੇ ਅਪਰਾਧਿਕ ਰਿਕਾਰਡ ਅਤੇ ਮਾਮਲੇ ਨਾਲ ਸਬੰਧਤ ਤਾਜ਼ਾ ਕੇਸ ਡਾਇਰੀ ਪੇਸ਼ ਕਰਨ ਲਈ ਕਿਹਾ ਗਿਆ ਹੈ।
ਫੈਜ਼ਲ ਖਾਨ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਆਪਣੇ ਖਾਨ ਗਲੋਬਲ ਸਟੱਡੀਜ਼ (KGS) ਕੋਚਿੰਗ ਸੈਂਟਰ ਦੇ ਬਾਹਰ ਹੋਈ ਹਿੰਸਾ ਦੌਰਾਨ ਸੁਰੱਖਿਆ ਕਰਮਚਾਰੀਆਂ ਨੂੰ ਭੀੜ 'ਤੇ ਗੋਲੀ ਚਲਾਉਣ ਲਈ ਕਿਹਾ ਸੀ। ਉਨ੍ਹਾਂ ਦਾ ਨਾਮ ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਨਾਲ ਸਬੰਧਤ ਧਾਰਾਵਾਂ ਹੇਠ ਦਰਜ ਐਫਆਈਆਰ ਵਿੱਚ ਸ਼ਾਮਲ ਹੈ।
ਇਸ ਮਾਮਲੇ ਵਿੱਚ ਇਹ ਸਵਾਲ ਵੀ ਉੱਠ ਰਹੇ ਹਨ ਕਿ ਐਫਆਈਆਰ ਵਿੱਚ ਨਾਮਜ਼ਦ ਹੋਣ ਦੇ ਬਾਵਜੂਦ ਖਾਨ ਸਰ ਨੂੰ ਹਾਲੇ ਤੱਕ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ, ਜਦਕਿ ਇਸੇ ਘਟਨਾ ਨਾਲ ਜੁੜੀ ਜਵਾਬੀ ਐਫਆਈਆਰ ਵਿੱਚ ਨਾਮਜ਼ਦ ਗਿਆਨ ਬਿੰਦੂ ਕੋਚਿੰਗ ਇੰਸਟੀਚਿਊਟ ਦੇ ਡਾਇਰੈਕਟਰ ਰੌਸ਼ਨ ਆਨੰਦ ਨੂੰ ਪੁਲਿਸ ਨੇ ਤੁਰੰਤ ਹਿਰਾਸਤ ਵਿੱਚ ਲੈ ਲਿਆ ਸੀ।
ਇਹ ਸਾਰਾ ਵਿਵਾਦ 2 ਜੂਨ ਦੀ ਰਾਤ ਪਟਨਾ ਦੇ ਮੁਸੱਲਾਹਪੁਰ ਹਾਟ ਖੇਤਰ ਵਿੱਚ ਸਥਿਤ KGS ਕੋਚਿੰਗ ਸੈਂਟਰ ਦੇ ਬਾਹਰ ਹੋਈ ਹਿੰਸਕ ਘਟਨਾ ਤੋਂ ਬਾਅਦ ਸਾਹਮਣੇ ਆਇਆ। ਪੁਲਿਸ ਦੇ ਅਨੁਸਾਰ, ਗਿਆਨ ਬਿੰਦੂ ਕੋਚਿੰਗ ਨਾਲ ਜੁੜੇ ਕੁਝ ਲੋਕਾਂ ਨੇ ਸੰਸਥਾ ਵਿੱਚ ਦਾਖਲ ਹੋ ਕੇ ਤੋੜਫੋੜ ਕੀਤੀ, ਪੱਥਰਬਾਜ਼ੀ ਕੀਤੀ ਅਤੇ ਇੱਕ ਸੁਰੱਖਿਆ ਗਾਰਡ 'ਤੇ ਹਮਲਾ ਕੀਤਾ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ।
KGS ਦੇ ਮੈਨੇਜਰ ਕਨ੍ਹਈਆ ਕੁਮਾਰ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਦਰਜ ਮਾਮਲੇ ਵਿੱਚ ਕਈ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਸੀ। ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਕਿ ਹਮਲਾਵਰਾਂ ਨੇ ਸੰਸਥਾ ਦੀ ਸੰਪਤੀ ਨੂੰ ਨੁਕਸਾਨ ਪਹੁੰਚਾਇਆ, ਬੋਰਡ ਤੋੜੇ ਅਤੇ ਕੋਚਿੰਗ ਸੈਂਟਰ ਨੂੰ ਉਡਾਉਣ ਦੀ ਧਮਕੀ ਵੀ ਦਿੱਤੀ।
ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਰੌਸ਼ਨ ਆਨੰਦ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਕਿ ਬਿਹਾਰ ਪੁਲਿਸ ਕਾਂਸਟੇਬਲ ਭਰਤੀ ਪ੍ਰੀਖਿਆ ਦੇ ਨਤੀਜਿਆਂ ਨੂੰ ਲੈ ਕੇ ਦੋ ਕੋਚਿੰਗ ਸੰਸਥਾਵਾਂ ਵਿਚਕਾਰ ਵਿਵਾਦ ਪੈਦਾ ਹੋਇਆ ਸੀ।
ਘਟਨਾ ਤੋਂ ਬਾਅਦ ਖਾਨ ਸਰ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਸੰਸਥਾਨ ਦੇ ਬਾਹਰ ਕਈ ਰਾਊਂਡ ਗੋਲੀਆਂ ਚਲਾਈਆਂ ਗਈਆਂ ਅਤੇ ਇਸ ਪਿੱਛੇ ਵਿਰੋਧੀ ਕੋਚਿੰਗ ਸੰਸਥਾ ਦੇ ਲੋਕਾਂ ਦਾ ਹੱਥ ਸੀ। ਹਾਲਾਂਕਿ, ਸ਼ੁਰੂਆਤ ਵਿੱਚ ਪਟਨਾ ਪੁਲਿਸ ਨੇ ਗੋਲੀਬਾਰੀ ਦੀ ਕਿਸੇ ਵੀ ਘਟਨਾ ਤੋਂ ਇਨਕਾਰ ਕੀਤਾ ਸੀ।
ਬਾਅਦ ਵਿੱਚ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਕੁਝ ਵੀਡੀਓਜ਼ ਵਿੱਚ KGS ਦੇ ਦੋ ਸੁਰੱਖਿਆ ਗਾਰਡ ਗੋਲੀ ਚਲਾਉਂਦੇ ਨਜ਼ਰ ਆਏ। ਪੁਲਿਸ ਨੇ ਦੋਵਾਂ ਗਾਰਡਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜਾਂਚ ਏਜੰਸੀਆਂ ਦੇ ਮੁਤਾਬਕ, ਪੁੱਛਗਿੱਛ ਦੌਰਾਨ ਗਾਰਡਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਖਾਨ ਸਰ ਅਤੇ ਹੋਰ ਲੋਕਾਂ ਵੱਲੋਂ ਭੀੜ 'ਤੇ ਗੋਲੀ ਚਲਾਉਣ ਦੇ ਨਿਰਦੇਸ਼ ਦਿੱਤੇ ਗਏ ਸਨ।
ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਅਦਾਲਤ ਵਿੱਚ ਅਗਲੀ ਸੁਣਵਾਈ 20 ਜੂਨ ਨੂੰ ਹੋਵੇਗੀ।