ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਕੀਤੀ ਸ਼ਿਰਕਤ; ਕਿਹਾ—‘ਰਾਮਾਇਣ ਗਿਆਨ ਅਤੇ ਜੀਵਨ-ਜਾਚ ਦਾ ਸਦੀਵੀ ਸਰੋਤ’
ਜਲੰਧਰ, 29 ਅਗਸਤ: ਪੰਜਾਬ ਸਰਕਾਰ ਦੀ ਪਹਿਲਕਦਮੀ ’ਤੇ ਕਰਵਾਈ ਜਾ ਰਹੀ ਨਾਟਕੀ ਅਤੇ ਸੰਗੀਤਕ ਪੇਸ਼ਕਾਰੀ ‘ਹਮਾਰੇ ਰਾਮ’ ਨੂੰ ਜਲੰਧਰ ਵਿੱਚ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਸੀ.ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸ਼ਾਹਪੁਰ ਕੈਂਪਸ ਵਿਖੇ ਕਰਵਾਏ ਗਏ ਸ਼ੋਅ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ।
ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ‘ਹਮਾਰੇ ਰਾਮ’ ਦੀ ਪੇਸ਼ਕਾਰੀ ਦੇ ਦੂਜੇ ਦਿਨ ਸ਼ਿਰਕਤ ਕਰਕੇ ਸ਼ੋਅ ਦਾ ਆਨੰਦ ਮਾਣਿਆ। ਉਨ੍ਹਾਂ ਨਾਲ ਡਵੀਜ਼ਨਲ ਕਮਿਸ਼ਨਰ ਰਾਮਵੀਰ, ਆਈਏਐਸ ਅਧਿਕਾਰੀ ਅਮਿਤ ਕੁਮਾਰ, ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਡੀਆਈਜੀ ਜਲੰਧਰ ਰੇਂਜ ਨਵੀਨ ਸਿੰਗਲਾ, ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਅਤੇ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਦੇ ਚੇਅਰਮੈਨ ਮੰਗਲ ਸਿੰਘ ਬੱਸੀ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ।
‘ਅਮੀਰ ਸੱਭਿਆਚਾਰਕ ਵਿਰਾਸਤ ਨਾਲ ਜੁੜਨ ਦਾ ਮੌਕਾ’
ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਸੂਬੇ ਵਿੱਚ ਅਜਿਹੇ ਸ਼ੋਅ ਕਰਵਾਉਣ ਦੀ ਪੰਜਾਬ ਸਰਕਾਰ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਨਾਟਕ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਭਾਰਤ ਦੀ ਅਮੀਰ ਸੱਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਨਾਲ ਰੂ-ਬਰੂ ਹੋਣ ਦਾ ਮੌਕਾ ਮਿਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਲੰਧਰ ਵਿੱਚ ‘ਹਮਾਰੇ ਰਾਮ’ ਦਾ ਮੰਚਨ ਦਰਸ਼ਕਾਂ ਲਈ ਯਾਦਗਾਰ ਅਨੁਭਵ ਹੈ। ਪ੍ਰਸਿੱਧ ਅਦਾਕਾਰ ਆਸ਼ੂਤੋਸ਼ ਰਾਣਾ, ਰਾਹੁਲ ਆਰ. ਭੁੱਚਰ, ਤਰੁਣ ਖੰਨਾ ਅਤੇ ਹੋਰ ਕਲਾਕਾਰਾਂ ਵੱਲੋਂ ਕੀਤੀ ਜਾ ਰਹੀ ਪੇਸ਼ਕਾਰੀ ਰਾਮਾਇਣ ਵਿੱਚ ਦਰਸਾਏ ਭਗਵਾਨ ਸ਼੍ਰੀ ਰਾਮ ਦੇ ਜੀਵਨ, ਚਰਿੱਤਰ, ਆਦਰਸ਼ਾਂ ਅਤੇ ਦਰਸ਼ਨ ਨੂੰ ਮੰਚ ’ਤੇ ਜੀਵੰਤ ਕਰਦੀ ਹੈ।
‘ਰਾਮਾਇਣ ਸਿਰਫ਼ ਮਹਾਂਕਾਵਿ ਨਹੀਂ, ਜੀਵਨ ਜਿਊਣ ਦੀ ਸਿੱਖਿਆ ਵੀ’
ਮੁੱਖ ਸਕੱਤਰ ਨੇ ਕਿਹਾ ਕਿ ਰਾਮਾਇਣ ਸਿਰਫ਼ ਇੱਕ ਮਹਾਂਕਾਵਿ ਨਹੀਂ, ਸਗੋਂ ਗਿਆਨ ਅਤੇ ਜੀਵਨ-ਜਾਚ ਦਾ ਸਰੋਤ ਹੈ। ਇਹ ਮਨੁੱਖ ਨੂੰ ਸੱਚ, ਧਰਮ, ਦਇਆ, ਤਿਆਗ, ਕਰਤੱਵ ਅਤੇ ਨੈਤਿਕ ਕਦਰਾਂ-ਕੀਮਤਾਂ ’ਤੇ ਆਧਾਰਿਤ ਜੀਵਨ ਜਿਊਣ ਦੀ ਸਿੱਖਿਆ ਦਿੰਦੀ ਹੈ।
ਉਨ੍ਹਾਂ ਖਾਸ ਤੌਰ ’ਤੇ ਨੌਜਵਾਨ ਪੀੜ੍ਹੀ ਨੂੰ ਰਾਮਾਇਣ ਦੇ ਡੂੰਘੇ ਸੰਦੇਸ਼ ਨੂੰ ਸਮਝਣ ਅਤੇ ਇਸ ਵਿੱਚ ਦਰਸਾਏ ਉੱਚੇ ਜੀਵਨ ਮੁੱਲਾਂ ਨੂੰ ਅਪਣਾਉਣ ਦੀ ਅਪੀਲ ਕੀਤੀ।
ਸਿਨਹਾ ਨੇ ਕਿਹਾ ਕਿ ਭਗਵਾਨ ਸ਼੍ਰੀ ਰਾਮ ਦੇ ਜੀਵਨ ਤੋਂ ਮੁਸ਼ਕਲ ਹਾਲਾਤ ਵਿੱਚ ਵੀ ਆਪਣੇ ਸਿਧਾਂਤਾਂ ’ਤੇ ਕਾਇਮ ਰਹਿਣ, ਰਿਸ਼ਤਿਆਂ ਦਾ ਸਤਿਕਾਰ ਕਰਨ, ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਅਤੇ ਸੱਚ ਤੇ ਧਰਮ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਮਿਲਦੀ ਹੈ।
ਕਲਾਕਾਰਾਂ ਦੀ ਪੇਸ਼ਕਾਰੀ ਦੀ ਕੀਤੀ ਸ਼ਲਾਘਾ
ਮੁੱਖ ਸਕੱਤਰ ਨੇ ਆਸ਼ੂਤੋਸ਼ ਰਾਣਾ, ਰਾਹੁਲ ਭੁੱਚਰ, ਤਰੁਣ ਖੰਨਾ ਅਤੇ ‘ਹਮਾਰੇ ਰਾਮ’ ਦੀ ਸਮੁੱਚੀ ਟੀਮ ਦੀ ਦਮਦਾਰ ਪੇਸ਼ਕਾਰੀ ਲਈ ਸ਼ਲਾਘਾ ਕੀਤੀ। ਦਰਸ਼ਕਾਂ ਨੇ ਵੀ ਸ਼ੋਅ ਨੂੰ ਉਤਸ਼ਾਹ ਨਾਲ ਦੇਖਿਆ ਅਤੇ ਜਲੰਧਰ ਵਿੱਚ ਇਸ ਦੀ ਪੇਸ਼ਕਾਰੀ ਕਰਵਾਉਣ ਦੀ ਪਹਿਲ ਦੀ ਪ੍ਰਸ਼ੰਸਾ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਮਰਜੀਤ ਬੈਂਸ, ਐਸਡੀਐਮ ਸ਼ੁਭੀ ਆਂਗਰਾ, ਐਸਡੀਐਮ ਸ਼ਾਇਰੀ ਮਲਹੋਤਰਾ, ਨਸ਼ਾ ਮੁਕਤੀ ਮੋਰਚਾ ਦੇ ਦੁਆਬਾ ਇੰਚਾਰਜ ਅਤਿਨ ਅਗਨੀਹੋਤਰੀ, ਸੀ.ਟੀ. ਗਰੁੱਪ ਦੇ ਵਾਈਸ ਚੇਅਰਮੈਨ ਹਰਪ੍ਰੀਤ ਸਿੰਘ, ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ ਸਮੇਤ ਹੋਰ ਸ਼ਖ਼ਸੀਅਤਾਂ ਮੌਜੂਦ ਸਨ।