ਜਲੰਧਰ ਦੇ ਨੌਜਵਾਨਾਂ ਲਈ ਰੁਜ਼ਗਾਰ ਪ੍ਰਾਪਤ ਕਰਨ ਦਾ ਵਧੀਆ ਮੌਕਾ ਸਾਹਮਣੇ ਆਇਆ ਹੈ। ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਜ਼ਿਲ੍ਹਾ ਰੋਜ਼ਗਾਰ, ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਬਿਊਰੋ ਵੱਲੋਂ 9 ਅਤੇ 10 ਜੂਨ 2026 ਨੂੰ ਸਥਾਨਕ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਵਿਸ਼ੇਸ਼ ਪਲੇਸਮੈਂਟ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਨੀਲਮ ਮਹੇ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਉਪਲਬਧ ਕਰਵਾਉਣਾ ਹੈ।
ਉਨ੍ਹਾਂ ਦੱਸਿਆ ਕਿ 9 ਜੂਨ ਨੂੰ ਹੋਣ ਵਾਲੇ ਪਲੇਸਮੈਂਟ ਕੈਂਪ ਦੌਰਾਨ ਆਈ.ਟੀ.ਆਈ. ਲੋਹੀਆਂ ਖਾਸ ਵਿੱਚ ਠੇਕੇ ਦੇ ਆਧਾਰ ’ਤੇ ਗੈਸਟ ਫੈਕਲਟੀ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਇਨ੍ਹਾਂ ਅਸਾਮੀਆਂ ਵਿੱਚ ਇਲੈਕਟ੍ਰੀਸ਼ਨ, ਮਕੈਨਿਕ ਇਲੈਕਟ੍ਰਿਕ ਵਾਹਨ, ਫਿੱਟਰ, ਵੈਲਡਰ ਅਤੇ ਪਲੰਬਰ ਵਰਗੀਆਂ ਟਰੇਡਾਂ ਸ਼ਾਮਲ ਹਨ। ਇਸ ਸਬੰਧੀ ਹੋਰ ਜਾਣਕਾਰੀ ਲਈ ਟ੍ਰੇਨਿੰਗ ਅਫਸਰ ਨਾਲ ਮੋਬਾਈਲ ਨੰਬਰ 95920-97381 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸੇ ਤਰ੍ਹਾਂ 10 ਜੂਨ ਨੂੰ ਹੋਣ ਵਾਲੇ ਪਲੇਸਮੈਂਟ ਕੈਂਪ ਵਿੱਚ ਏਅਰ ਫੋਰਸ ਸਟੇਸ਼ਨ ਆਦਮਪੁਰ ਵੱਲੋਂ ਲੋਅਰ ਡਵੀਜ਼ਨ ਕਲਰਕ (LDC) ਦੀ ਅਸਾਮੀ ਲਈ ਭਰਤੀ ਕੀਤੀ ਜਾਵੇਗੀ। ਇਸ ਅਹੁਦੇ ਲਈ ਉਮੀਦਵਾਰ ਦਾ 12ਵੀਂ ਪਾਸ ਹੋਣਾ ਲਾਜ਼ਮੀ ਹੈ। ਨਾਲ ਹੀ ਅੰਗਰੇਜ਼ੀ ਟਾਈਪਿੰਗ ਦੀ ਗਤੀ 30 ਸ਼ਬਦ ਪ੍ਰਤੀ ਮਿੰਟ ਜਾਂ ਹਿੰਦੀ ਟਾਈਪਿੰਗ ਦੀ ਗਤੀ 35 ਸ਼ਬਦ ਪ੍ਰਤੀ ਮਿੰਟ ਹੋਣੀ ਚਾਹੀਦੀ ਹੈ। ਉਮੀਦਵਾਰ ਦੀ ਉਮਰ 18 ਤੋਂ 25 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਐਕਸ-ਸਰਵਿਸਮੈਨ ਵੀ ਇਸ ਅਸਾਮੀ ਲਈ ਅਰਜ਼ੀ ਦੇ ਸਕਦੇ ਹਨ।
10 ਜੂਨ ਨੂੰ ਹੀ ਆਈ.ਸੀ.ਆਈ.ਸੀ.ਆਈ. ਬੈਂਕ ਵੀ ਪਲੇਸਮੈਂਟ ਕੈਂਪ ਵਿੱਚ ਹਿੱਸਾ ਲਵੇਗਾ। ਬੈਂਕ ਵੱਲੋਂ ਰਿਲੇਸ਼ਨਸ਼ਿਪ ਮੈਨੇਜਰ ਦੀ ਅਸਾਮੀ ਲਈ ਭਰਤੀ ਕੀਤੀ ਜਾਵੇਗੀ। ਇਸ ਅਹੁਦੇ ਲਈ ਉਮੀਦਵਾਰ ਦਾ ਘੱਟੋ-ਘੱਟ 50 ਫੀਸਦੀ ਅੰਕਾਂ ਨਾਲ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਹੋਣਾ ਜ਼ਰੂਰੀ ਹੈ, ਜਦਕਿ ਉਮਰ 25 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।
ਡਿਪਟੀ ਡਾਇਰੈਕਟਰ ਨੇ ਯੋਗ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਪਲੇਸਮੈਂਟ ਕੈਂਪਾਂ ਵਿੱਚ ਸ਼ਾਮਲ ਹੋ ਕੇ ਆਪਣੇ ਕਰੀਅਰ ਨੂੰ ਨਵੀਂ ਦਿਸ਼ਾ ਦੇਣ। ਉਨ੍ਹਾਂ ਕਿਹਾ ਕਿ ਰੁਜ਼ਗਾਰ ਸਬੰਧੀ ਹੋਰ ਜਾਣਕਾਰੀ ਜਾਂ ਕਿਸੇ ਵੀ ਸਹਾਇਤਾ ਲਈ 90569-20100 'ਤੇ ਸੰਪਰਕ ਕੀਤਾ ਜਾ ਸਕਦਾ ਹੈ।