ਜਲੰਧਰ, ਅਟੈਂਪਟ ਟੂ ਮਰਡਰ ਦੇ ਇਕ ਮਾਮਲੇ ਵਿੱਚ ਨਾਮਜ਼ਦ ਮੁਲਜ਼ਮ ਦੀ ਦੇਰ ਰਾਤ ਗੋਲੀ ਲੱਗਣ ਕਾਰਨ ਮੌਤ ਹੋ ਗਈ। ਘਟਨਾ ਉਸ ਵੇਲੇ ਵਾਪਰੀ ਜਦੋਂ ਮੇਹਤਪੁਰ ਥਾਣੇ ਦੀ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਉਸ ਦੇ ਘਰ ਪਹੁੰਚੀ ਸੀ। ਇਸ ਮਾਮਲੇ ਨੂੰ ਲੈ ਕੇ ਪੁਲਿਸ ਅਤੇ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਵਿੱਚ ਵੱਡਾ ਅੰਤਰ ਸਾਹਮਣੇ ਆਇਆ ਹੈ।
ਮ੍ਰਿਤਕ ਦੀ ਪਛਾਣ ਮੇਹਤਪੁਰ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਉਰਫ਼ ਲਵੀ ਵਜੋਂ ਹੋਈ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਲਵਪ੍ਰੀਤ ਆਪਣੇ ਪਿੰਡ ਬੰਗੀਵਾਲ ਸਥਿਤ ਘਰ ਵਿੱਚ ਮੌਜੂਦ ਹੈ। ਇਸ ਤੋਂ ਬਾਅਦ ਮੇਹਤਪੁਰ ਦੇ ਐਸ.ਐਚ.ਓ. ਅਮਨ ਸੈਣੀ ਪੁਲਿਸ ਟੀਮ ਸਮੇਤ ਮੌਕੇ 'ਤੇ ਪਹੁੰਚੇ।
ਪੁਲਿਸ ਮੁਤਾਬਕ ਲਵਪ੍ਰੀਤ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਸੀ, ਪਰ ਇਸ ਦੌਰਾਨ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਇਲਾਕੇ ਦੇ ਲੋਕਾਂ ਨਾਲ ਤਕਰਾਰ ਹੋ ਗਈ। ਹਾਲਾਤ ਤਣਾਅਪੂਰਨ ਬਣ ਗਏ ਅਤੇ ਮੌਕੇ 'ਤੇ ਭੀੜ ਇਕੱਠੀ ਹੋ ਗਈ। ਪੁਲਿਸ ਦਾ ਦਾਅਵਾ ਹੈ ਕਿ ਭੀੜ ਵੱਲੋਂ ਗੋਲੀ ਚਲਾਈ ਗਈ, ਜਿਸ ਦੇ ਜਵਾਬ ਵਿੱਚ ਪੁਲਿਸ ਨੇ ਆਤਮ ਰੱਖਿਆ ਲਈ ਦੋ ਰਾਊਂਡ ਫਾਇਰ ਕੀਤੇ। ਇਸ ਦੌਰਾਨ ਇੱਕ ਗੋਲੀ ਲਵਪ੍ਰੀਤ ਦੀ ਲੱਤ ਵਿੱਚ ਲੱਗੀ।
ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਲਵਪ੍ਰੀਤ ਨੂੰ ਤੁਰੰਤ ਨਕੋਦਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ।
ਦੂਜੇ ਪਾਸੇ ਮ੍ਰਿਤਕ ਦੇ ਪਰਿਵਾਰ ਨੇ ਪੁਲਿਸ ਦੇ ਦਾਅਵਿਆਂ ਨੂੰ ਨਕਾਰਦਿਆਂ ਗੰਭੀਰ ਦੋਸ਼ ਲਗਾਏ ਹਨ। ਮ੍ਰਿਤਕ ਦੇ ਚਾਚਾ ਛਿੰਦਾ ਸਿੰਘ ਨੇ ਦੱਸਿਆ ਕਿ ਜਦੋਂ ਪੁਲਿਸ ਘਰ ਪਹੁੰਚੀ ਤਾਂ ਲਵਪ੍ਰੀਤ ਬਾਥਰੂਮ ਵਿੱਚ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਉਹ ਬਾਹਰ ਆਇਆ, ਸਾਦੇ ਕੱਪੜਿਆਂ ਵਿੱਚ ਮੌਜੂਦ ਐਸ.ਐਚ.ਓ. ਦੇ ਗੰਨਮੈਨ ਨੇ ਉਸ ਦੇ ਪਿੱਛੇ ਤੋਂ ਗੋਲੀਆਂ ਚਲਾ ਦਿੱਤੀਆਂ। ਪਰਿਵਾਰ ਦਾ ਦਾਅਵਾ ਹੈ ਕਿ ਦੋ ਗੋਲੀਆਂ ਉਸ ਦੀ ਜੰਘ ਦੇ ਉੱਪਰਲੇ ਹਿੱਸੇ ਵਿੱਚ ਲੱਗੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਘਟਨਾ ਦੌਰਾਨ ਮੌਕੇ 'ਤੇ ਮੌਜੂਦ ਕੁਝ ਲੋਕਾਂ ਨੇ ਪੂਰੇ ਵਾਕਏ ਦੀ ਵੀਡੀਓ ਵੀ ਬਣਾਈ ਹੈ, ਜੋ ਹੁਣ ਜਾਂਚ ਦਾ ਅਹਿਮ ਹਿੱਸਾ ਬਣ ਸਕਦੀ ਹੈ।
ਇਸ ਮਾਮਲੇ ਬਾਰੇ ਜ਼ਿਲ੍ਹਾ ਪੁਲਿਸ ਮੁਖੀ (ਐਸ.ਐਸ.ਪੀ.) ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਘਟਨਾ ਦੇ ਹਰ ਪੱਖ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਰਿਪੋਰਟ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।