Sunday, 26 July 2026
ਹਿਮਾਚਲ ਪੁਲਿਸ ਨੇ ਅੰਤਰਰਾਜੀ ਸਾਈਬਰ ਠੱਗੀ ਗਿਰੋਹ ਦਾ ਕੀਤਾ ਪਰਦਾਫਾ

ਹਿਮਾਚਲ ਪੁਲਿਸ ਨੇ ਅੰਤਰਰਾਜੀ ਸਾਈਬਰ ਠੱਗੀ ਗਿਰੋਹ ਦਾ ਕੀਤਾ ਪਰਦਾਫਾ

ਧਰਮਸ਼ਾਲਾ, 26 ਜੁਲਾਈ: ਸਾਈਬਰ ਅਪਰਾਧਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਹਿਮਾਚਲ ਪ੍ਰਦੇਸ਼ ਪੁਲਿਸ ਨੇ ਇੱਕ ਅੰਤਰਰਾਜੀ ਸਾਈਬਰ ਠੱਗੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਚਾਰ ਵੱਖ-ਵੱਖ ਰਾਜਾਂ ਵਿੱਚ ਸਾਂਝੀ ਛਾਪੇਮਾਰੀ ਕਰਕੇ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਵਿੱਤੀ ਧੋਖਾਧੜੀ ਦੇ ਪੰਜ ਮਾਮਲਿਆਂ ਨਾਲ ਸਬੰਧਤ 14.70 ਲੱਖ ਰੁਪਏ ਦੀ ਰਕਮ ਵੀ ਬਰਾਮਦ ਕੀਤੀ ਹੈ।

ਇਹ ਕਾਰਵਾਈ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ (ਉੱਤਰੀ ਰੇਂਜ) ਧਰਮਸ਼ਾਲਾ ਦੀਆਂ ਤਿੰਨ ਵਿਸ਼ੇਸ਼ ਜਾਂਚ ਟੀਮਾਂ (ਐੱਸਆਈਟੀ) ਵੱਲੋਂ ਕੀਤੀ ਗਈ। ਜਾਂਚ ਟੀਮਾਂ ਨੇ ਸਥਾਨਕ ਪੁਲਿਸ ਦੇ ਸਹਿਯੋਗ ਨਾਲ ਕਰਨਾਟਕ, ਦਿੱਲੀ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਇੱਕੋ ਸਮੇਂ ਛਾਪੇਮਾਰੀ ਕਰਕੇ ਮੁਲਜ਼ਮਾਂ ਨੂੰ ਕਾਬੂ ਕੀਤਾ।

ਪੁਲਿਸ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਬੈਂਗਲੁਰੂ ਤੋਂ ਫੜਿਆ ਗਿਆ ਅਬੂ ਸਾਲੀਆ ਵੀ ਸ਼ਾਮਲ ਹੈ। ਉਸ ਨੂੰ ਮਈ 2026 ਵਿੱਚ ਸਾਹਮਣੇ ਆਏ 32 ਲੱਖ ਰੁਪਏ ਦੇ ਜਾਅਲੀ ਆਨਲਾਈਨ ਨਿਵੇਸ਼ ਘੁਟਾਲੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਕਾਰਵਾਈ ਦੌਰਾਨ ਉਸ ਕੋਲੋਂ 7 ਲੱਖ ਰੁਪਏ ਬਰਾਮਦ ਕੀਤੇ ਗਏ।

ਇੱਕ ਹੋਰ ਮਾਮਲੇ ਵਿੱਚ ਦਿੱਲੀ ਦੀ ਰਹਿਣ ਵਾਲੀ ਨਿਸ਼ਾ ਨੂੰ ਮਾਰਚ 2024 ਦੇ 8 ਲੱਖ ਰੁਪਏ ਦੇ ਨਿਵੇਸ਼ ਧੋਖਾਧੜੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ, ਜਿਸ ਨਾਲ ਸਬੰਧਤ 5 ਲੱਖ ਰੁਪਏ ਦੀ ਰਿਕਵਰੀ ਹੋਈ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਆਗਰਾ ਤੋਂ ਰਾਜ ਕੁਮਾਰੀ ਨੂੰ 50 ਲੱਖ ਰੁਪਏ ਦੀ ਸਾਈਬਰ ਧੋਖਾਧੜੀ ਵਿੱਚ ਕਥਿਤ ਭੂਮਿਕਾ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ, ਜਿਸ ਕੋਲੋਂ 2.70 ਲੱਖ ਰੁਪਏ ਬਰਾਮਦ ਕੀਤੇ ਗਏ।

ਜਾਂਚ ਦੌਰਾਨ ਪੁਲਿਸ ਨੇ ਆਗਰਾ ਅਤੇ ਪੂਰਬੀ ਦਿੱਲੀ ਦੇ ਤਿੰਨ ਹੋਰ ਬੈਂਕ ਖਾਤਾਧਾਰਕਾਂ ਨੂੰ ਵੀ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀਐੱਨਐੱਸਐੱਸ) ਦੀ ਧਾਰਾ 35(3) ਤਹਿਤ ਨੋਟਿਸ ਜਾਰੀ ਕੀਤੇ ਹਨ। ਪੁਲਿਸ ਨੂੰ ਸ਼ੱਕ ਹੈ ਕਿ ਇਨ੍ਹਾਂ ਖਾਤਿਆਂ ਦੀ ਵਰਤੋਂ ਧੋਖਾਧੜੀ ਰਾਹੀਂ ਹਾਸਲ ਕੀਤੀ ਗਈ ਰਕਮ ਦੇ ਲੈਣ-ਦੇਣ ਲਈ ਕੀਤੀ ਗਈ ਸੀ।

ਜਾਂਚ ਏਜੰਸੀਆਂ ਹੁਣ ਬਾਕੀ ਰਕਮ ਦਾ ਪਤਾ ਲਗਾਉਣ ਅਤੇ ਇਸ ਅੰਤਰਰਾਜੀ ਗਿਰੋਹ ਨਾਲ ਜੁੜੇ ਹੋਰ ਵਿਅਕਤੀਆਂ ਦੀ ਪਛਾਣ ਕਰਨ ਲਈ ਨੈੱਟਵਰਕ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ।

ਹਿਮਾਚਲ ਪ੍ਰਦੇਸ਼ ਦੇ ਪੁਲਿਸ ਮਹਾਨਿਰਦੇਸ਼ਕ ਅਸ਼ੋਕ ਤਿਵਾਰੀ ਨੇ ਇਸ ਕਾਰਵਾਈ ਨੂੰ ਸਾਈਬਰ ਅਪਰਾਧਾਂ ਵਿਰੁੱਧ ਵੱਡੀ ਸਫ਼ਲਤਾ ਕਰਾਰ ਦਿੰਦਿਆਂ ਕਿਹਾ ਕਿ ਇਹ ਹਿਮਾਚਲ ਪੁਲਿਸ ਦੀ ਤਕਨੀਕੀ ਸਮਰੱਥਾ ਅਤੇ ਵੱਖ-ਵੱਖ ਰਾਜਾਂ ਦੀ ਪੁਲਿਸ ਨਾਲ ਬਿਹਤਰ ਤਾਲਮੇਲ ਦਾ ਨਤੀਜਾ ਹੈ।

ਉਨ੍ਹਾਂ ਲੋਕਾਂ ਨੂੰ ਜਾਅਲੀ ਨਿਵੇਸ਼ ਯੋਜਨਾਵਾਂ, ਡਿਜ਼ੀਟਲ ਅਰੇਸਟ ਦੇ ਨਾਂ 'ਤੇ ਹੋਣ ਵਾਲੀ ਠੱਗੀ ਅਤੇ ਫਿਸ਼ਿੰਗ ਸਕੈਮ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਈਬਰ ਠੱਗ ਹਰ ਰੋਜ਼ ਨਵੇਂ-ਨਵੇਂ ਤਰੀਕੇ ਅਪਣਾ ਰਹੇ ਹਨ, ਇਸ ਲਈ ਕਿਸੇ ਵੀ ਆਨਲਾਈਨ ਪਲੇਟਫਾਰਮ 'ਤੇ ਪੈਸੇ ਭੇਜਣ ਤੋਂ ਪਹਿਲਾਂ ਉਸ ਦੀ ਪੂਰੀ ਤਸਦੀਕ ਕਰਨੀ ਚਾਹੀਦੀ ਹੈ। ਨਾਲ ਹੀ ਉਨ੍ਹਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣਾ ਓਟੀਪੀ, ਪਾਸਵਰਡ ਜਾਂ ਬੈਂਕਿੰਗ ਸਬੰਧੀ ਗੁਪਤ ਜਾਣਕਾਰੀ ਕਿਸੇ ਨਾਲ ਵੀ ਸਾਂਝੀ ਨਾ ਕਰਨ।

ਪੁਲਿਸ ਨੇ ਕਿਹਾ ਕਿ ਜੇਕਰ ਕਿਸੇ ਨਾਲ ਸਾਈਬਰ ਠੱਗੀ ਹੁੰਦੀ ਹੈ ਤਾਂ ਉਹ ਤੁਰੰਤ ਰਾਸ਼ਟਰੀ ਸਾਈਬਰ ਕ੍ਰਾਈਮ ਹੈਲਪਲਾਈਨ 1930 'ਤੇ ਸੰਪਰਕ ਕਰੇ ਜਾਂ ਰਾਸ਼ਟਰੀ ਸਾਈਬਰ ਕ੍ਰਾਈਮ ਪੋਰਟਲ ਰਾਹੀਂ ਸ਼ਿਕਾਇਤ ਦਰਜ ਕਰਵਾਏ। ਸਮੇਂ ਸਿਰ ਸ਼ਿਕਾਇਤ ਕਰਨ ਨਾਲ ਧੋਖਾਧੜੀ ਵਾਲੇ ਲੈਣ-ਦੇਣ ਨੂੰ ਰੋਕਣ ਅਤੇ ਰਕਮ ਵਾਪਸ ਪ੍ਰਾਪਤ ਕਰਨ ਦੀ ਸੰਭਾਵਨਾ ਕਾਫ਼ੀ ਵੱਧ ਜਾਂਦੀ ਹੈ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਅਜੇ ਜਾਰੀ ਹੈ ਅਤੇ ਬਾਕੀ ਰਕਮ ਦੀ ਬਰਾਮਦਗੀ, ਪੂਰੇ ਸਾਈਬਰ ਠੱਗੀ ਨੈੱਟਵਰਕ ਨੂੰ ਬੇਨਕਾਬ ਕਰਨ ਅਤੇ ਹੋਰ ਸੰਭਾਵਿਤ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ।

Published on: 26 Jul 2026

Editor Info

Pushpinder Kaur
publictimes@gmail.com
+91 84278 93668