ਬੀਜਿੰਗ, 28 ਜੂਨ: ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਸ਼ੁੱਕਰਵਾਰ ਸ਼ਾਮ ਇੱਕ ਛੋਟਾ ਸਪੋਰਟਸ ਜਹਾਜ਼ ਸ਼ਹਿਰ ਦੀ ਸਭ ਤੋਂ ਉੱਚੀ ਇਮਾਰਤ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ ਜਹਾਜ਼ ਦੇ ਪਾਇਲਟ ਦੀ ਮੌਤ ਹੋ ਗਈ, ਜਦਕਿ ਮੌਕੇ 'ਤੇ ਮੌਜੂਦ ਘੱਟੋ-ਘੱਟ 13 ਲੋਕ ਜ਼ਖ਼ਮੀ ਹੋ ਗਏ। ਬੀਜਿੰਗ ਪ੍ਰਸ਼ਾਸਨ ਨੇ ਸ਼ਨੀਵਾਰ ਨੂੰ ਇਸ ਘਟਨਾ ਦੀ ਅਧਿਕਾਰਕ ਪੁਸ਼ਟੀ ਕੀਤੀ।
ਚਾਓਯਾਂਗ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਬਿਆਨ ਮੁਤਾਬਕ ਦੋ ਸੀਟਾਂ ਵਾਲਾ ਸਿੰਗਲ ਇੰਜਣ ਸਪੋਰਟਸ ਜਹਾਜ਼ ਸ਼ੁੱਕਰਵਾਰ ਸ਼ਾਮ ਕਰੀਬ 5:55 ਵਜੇ ਉਡਾਣ ਦੌਰਾਨ ਬੀਜਿੰਗ ਦੇ ਪ੍ਰਮੁੱਖ ਵਪਾਰਕ ਖੇਤਰ ਨੇੜੇ ਸਥਿਤ ਉੱਚੀ ਇਮਾਰਤ ਨਾਲ ਟਕਰਾ ਗਿਆ। ਹਾਦਸੇ ਵਿੱਚ ਜ਼ਖ਼ਮੀ ਹੋਏ ਲੋਕਾਂ ਨੂੰ ਤੁਰੰਤ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
ਇਹ ਘਟਨਾ ਉਸ ਸਮੇਂ ਚਰਚਾ ਦਾ ਵਿਸ਼ਾ ਬਣੀ ਜਦੋਂ ਹਾਦਸੇ ਤੋਂ ਕੁਝ ਸਮੇਂ ਬਾਅਦ ਸੋਸ਼ਲ ਮੀਡੀਆ 'ਤੇ ਵੀਡੀਓ ਸਾਹਮਣੇ ਆਈਆਂ, ਜਿਨ੍ਹਾਂ ਵਿੱਚ ਇਮਾਰਤ ਤੋਂ ਜਹਾਜ਼ ਦੇ ਟੁਕੜੇ ਅਤੇ ਮਲਬਾ ਹੇਠਾਂ ਸੜਕਾਂ 'ਤੇ ਡਿੱਗਦਾ ਦਿਖਾਈ ਦਿੱਤਾ। ਹਾਦਸੇ ਵਾਲੀ ਇਮਾਰਤ ਸਿਟਿਕ ਟਾਵਰ ਹੈ, ਜੋ ਚੀਨ ਦੀ ਪ੍ਰਮੁੱਖ ਸਰਕਾਰੀ ਵਿੱਤੀ ਕੰਪਨੀ ਸਿਟਿਕ ਗਰੁੱਪ ਦਾ ਮੁੱਖ ਦਫ਼ਤਰ ਹੈ।
ਐਤਵਾਰ ਨੂੰ ਵੀ ਇਮਾਰਤ ਵਿੱਚ ਬਣਿਆ ਵੱਡਾ ਸੁਰਾਖ਼ ਸਾਫ਼ ਦਿਖਾਈ ਦੇ ਰਿਹਾ ਸੀ। ਪੁਲਿਸ ਨੇ ਇਮਾਰਤ ਦੇ ਆਲੇ-ਦੁਆਲੇ ਕਈ ਬਲਾਕਾਂ ਤੱਕ ਸੁਰੱਖਿਆ ਘੇਰਾ ਬਣਾਇਆ ਹੋਇਆ ਹੈ ਅਤੇ ਮੌਕੇ ਦੇ ਨੇੜੇ ਆਉਣ ਵਾਲੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਮਾਰਤ ਦੀ ਮੁਰੰਮਤ ਲਈ ਇੱਕ ਛੋਟੀ ਕਰੇਨ ਵੀ ਉੱਥੇ ਤਾਇਨਾਤ ਕੀਤੀ ਗਈ ਹੈ।
ਇਸ ਹਾਦਸੇ ਨੇ ਬੀਜਿੰਗ ਦੀ ਸੁਰੱਖਿਆ ਪ੍ਰਣਾਲੀ ਨੂੰ ਲੈ ਕੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਹਾਦਸਾ ਚੀਨੀ ਕਮਿਊਨਿਸਟ ਪਾਰਟੀ ਦੇ ਮੁੱਖ ਦਫ਼ਤਰ ਝੋਂਗਨਾਨਹਾਈ ਤੋਂ ਪੰਜ ਮੀਲ ਤੋਂ ਵੀ ਘੱਟ ਦੂਰੀ 'ਤੇ ਵਾਪਰਿਆ। ਚੀਨ ਵਿੱਚ ਹਵਾਈ ਖੇਤਰ 'ਤੇ ਸਖ਼ਤ ਨਿਯੰਤਰਣ ਹੈ ਅਤੇ ਮਹੱਤਵਪੂਰਨ ਸਮਾਗਮਾਂ ਦੌਰਾਨ ਡਰੋਨ, ਕਬੂਤਰਾਂ ਅਤੇ ਪਤੰਗਾਂ ਤੱਕ ਉਡਾਉਣ 'ਤੇ ਪਾਬੰਦੀ ਲਗਾਈ ਜਾਂਦੀ ਹੈ। ਅਜਿਹੇ ਵਿੱਚ ਇੱਕ ਛੋਟੇ ਜਹਾਜ਼ ਦਾ ਬਿਨਾਂ ਰੁਕਾਵਟ ਸ਼ਹਿਰ ਦੇ ਕੇਂਦਰ ਤੱਕ ਪਹੁੰਚਣਾ ਸੁਰੱਖਿਆ ਏਜੰਸੀਆਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ।
ਰਿਪੋਰਟਾਂ ਮੁਤਾਬਕ ਇਹ ਜਹਾਜ਼ ਆਮ ਤੌਰ 'ਤੇ ਬੀਜਿੰਗ ਤੋਂ ਕਰੀਬ 30 ਮੀਲ ਦੂਰ ਪਿੰਗਗੂ ਜ਼ਿਲ੍ਹੇ ਵਿੱਚ ਉਡਾਣ ਸਿਖਲਾਈ ਲਈ ਵਰਤਿਆ ਜਾਂਦਾ ਸੀ। ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਤਸਵੀਰਾਂ ਤੋਂ ਸੰਕੇਤ ਮਿਲਦੇ ਹਨ ਕਿ ਇਹ ਜਹਾਜ਼ ਖੇਤਰੀ ਫਲਾਈਟ ਟ੍ਰੇਨਿੰਗ ਕੰਪਨੀ ਸ਼ੁਆਂਗਯੂਏ ਜਨਰਲ ਏਵੀਏਸ਼ਨ ਨਾਲ ਸੰਬੰਧਿਤ ਸੀ।
ਫਲਾਈਟ ਟ੍ਰੈਕਿੰਗ ਵੈੱਬਸਾਈਟ FlightRadar ਦੇ ਅੰਕੜਿਆਂ ਅਨੁਸਾਰ ਜਹਾਜ਼ ਨੇ ਸ਼ੁੱਕਰਵਾਰ ਸ਼ਾਮ 5:31 ਵਜੇ ਪਿੰਗਗੂ ਦੇ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਪਹਿਲਾਂ ਇਹ ਕੁਝ ਸਮਾਂ ਉਸ ਖੇਤਰ ਵਿੱਚ ਚੱਕਰ ਲਗਾਉਂਦਾ ਰਿਹਾ ਅਤੇ ਬਾਅਦ ਵਿੱਚ ਪੱਛਮ ਵੱਲ ਬੀਜਿੰਗ ਦੇ ਸ਼ਹਿਰੀ ਕੇਂਦਰ ਵਿੱਚ ਦਾਖ਼ਲ ਹੋ ਗਿਆ। ਪਿਛਲੇ ਤਿੰਨ ਮਹੀਨਿਆਂ ਦੇ ਰਿਕਾਰਡ ਮੁਤਾਬਕ ਜਹਾਜ਼ ਦੀਆਂ ਸਾਰੀਆਂ ਉਡਾਣਾਂ ਪਿੰਗਗੂ ਖੇਤਰ ਤੱਕ ਹੀ ਸੀਮਿਤ ਰਹੀਆਂ ਸਨ।
ਅਧਿਕਾਰੀਆਂ ਨੇ ਹਾਲੇ ਤੱਕ ਮਾਰੇ ਗਏ ਪਾਇਲਟ ਦੀ ਪਛਾਣ ਜਨਤਕ ਨਹੀਂ ਕੀਤੀ ਹੈ। ਸੋਸ਼ਲ ਮੀਡੀਆ 'ਤੇ ਪਾਇਲਟ ਨੂੰ ਸਿਟਿਕ ਗਰੁੱਪ ਦਾ ਕਰਮਚਾਰੀ ਦੱਸਣ ਵਾਲੀਆਂ ਪੋਸਟਾਂ ਦੀ ਅਜੇ ਤੱਕ ਅਧਿਕਾਰਕ ਪੁਸ਼ਟੀ ਨਹੀਂ ਹੋਈ। ਇਸ ਦੌਰਾਨ ਸਿਟਿਕ ਗਰੁੱਪ ਦੇ ਇੱਕ ਪ੍ਰਤੀਨਿਧ ਨੇ ਵੀ ਮਾਮਲੇ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਪ੍ਰਸ਼ਾਸਨ ਨੇ ਕਿਹਾ ਹੈ ਕਿ ਹਾਦਸੇ ਦੇ ਕਾਰਨਾਂ ਦੀ ਵਿਸਥਾਰਪੂਰਵਕ ਜਾਂਚ ਕੀਤੀ ਜਾ ਰਹੀ ਹੈ ਅਤੇ ਫੋਰੈਂਸਿਕ ਟੀਮਾਂ ਵੱਲੋਂ ਇਕੱਠੇ ਕੀਤੇ ਜਾ ਰਹੇ ਸਬੂਤਾਂ ਦੇ ਆਧਾਰ 'ਤੇ ਅਗਲੀ ਜਾਣਕਾਰੀ ਜਾਰੀ ਕੀਤੀ ਜਾਵੇਗੀ।