Sunday, 30 August 2026
ਭਾਰਤ-ਉਜ਼ਬੇਕਿਸਤਾਨ ਸਬੰਧਾਂ ਨੂੰ ਮਿਲਿਆ ਨਵਾਂ ਮੁਕਾਮ, ‘Comprehensive Strategic Partnership’ ਦਾ ਐਲਾਨ

ਭਾਰਤ-ਉਜ਼ਬੇਕਿਸਤਾਨ ਸਬੰਧਾਂ ਨੂੰ ਮਿਲਿਆ ਨਵਾਂ ਮੁਕਾਮ, ‘Comprehensive Strategic Partnership’ ਦਾ ਐਲਾਨ

PM ਮੋਦੀ ਤੇ ਰਾਸ਼ਟਰਪਤੀ ਮਿਰਜ਼ਿਯੋਯੇਵ ਵਿਚਾਲੇ ਅਹਿਮ ਗੱਲਬਾਤ; 2030 ਤੱਕ ਦੁਵੱਲਾ ਵਪਾਰ 5 ਅਰਬ ਡਾਲਰ ਤੋਂ ਪਾਰ ਲਿਜਾਣ ਦਾ ਟੀਚਾ

ਤਾਸ਼ਕੰਦ, 30 ਅਗਸਤ 2026: ਭਾਰਤ ਅਤੇ ਉਜ਼ਬੇਕਿਸਤਾਨ ਨੇ ਆਪਣੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਦਿਆਂ ‘Comprehensive Strategic Partnership’ ਦੇ ਪੱਧਰ ਤੱਕ ਲਿਜਾਣ ਦਾ ਫੈਸਲਾ ਕੀਤਾ ਹੈ। ਇਹ ਐਲਾਨ ਦੋਵਾਂ ਦੇਸ਼ਾਂ ਵਿਚਾਲੇ ਰਣਨੀਤਕ ਭਾਈਵਾਲੀ ਦੇ 15 ਸਾਲ ਪੂਰੇ ਹੋਣ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ਵਕਤ ਮਿਰਜ਼ਿਯੋਯੇਵ ਵਿਚਾਲੇ ਤਾਸ਼ਕੰਦ ਵਿੱਚ ਹੋਈ ਉੱਚ ਪੱਧਰੀ ਗੱਲਬਾਤ ਤੋਂ ਬਾਅਦ ਕੀਤਾ ਗਿਆ।

ਦੋਵਾਂ ਆਗੂਆਂ ਨੇ 2030 ਤੱਕ ਦੁਵੱਲੇ ਵਪਾਰ ਨੂੰ 5 ਅਰਬ ਡਾਲਰ ਤੋਂ ਵੱਧ ਕਰਨ ਦਾ ਟੀਚਾ ਵੀ ਰੱਖਿਆ ਹੈ। ਮੌਜੂਦਾ ਸਮੇਂ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਇੱਕ ਅਰਬ ਡਾਲਰ ਤੋਂ ਵੱਧ ਦੱਸਿਆ ਗਿਆ ਹੈ।

ਇਸ ਦੇ ਨਾਲ ਹੀ ਉਜ਼ਬੇਕਿਸਤਾਨ ਤੋਂ ਭਾਰਤ ਨੂੰ ਲੰਬੇ ਸਮੇਂ ਤੱਕ ਯੂਰੇਨੀਅਮ ਦੀ ਸਪਲਾਈ ਲਈ ਵੀ ਇੱਕ ਢਾਂਚੇ ’ਤੇ ਸਹਿਮਤੀ ਬਣੀ ਹੈ।

AI, ਡਿਜੀਟਲ ਪੇਮੈਂਟ ਅਤੇ Critical Minerals ’ਤੇ ਵਧੇਗਾ ਸਹਿਯੋਗ

ਕੁਕਸਰੋਏ ਪ੍ਰੈਜ਼ੀਡੈਂਸ਼ੀਅਲ ਪੈਲੇਸ ਵਿੱਚ ਹੋਈ ਗੱਲਬਾਤ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ X ’ਤੇ ਦੌਰੇ ਦੇ ਮੁੱਖ ਨਤੀਜਿਆਂ ਦੀ ਜਾਣਕਾਰੀ ਸਾਂਝੀ ਕੀਤੀ।

ਦੋਵਾਂ ਦੇਸ਼ਾਂ ਨੇ ਬੁਨਿਆਦੀ ਢਾਂਚੇ, ਡਿਜੀਟਲ ਪਬਲਿਕ ਇੰਫਰਾਸਟਰੱਕਚਰ (DPI), ਆਰਟੀਫਿਸ਼ੀਅਲ ਇੰਟੈਲੀਜੈਂਸ (AI), ਕ੍ਰਿਟੀਕਲ ਮਿਨਰਲਜ਼, ਊਰਜਾ ਅਤੇ ਪੁਲਾੜ ਸਮੇਤ ਕਈ ਖੇਤਰਾਂ ਵਿੱਚ ਸਹਿਯੋਗ ਵਧਾਉਣ ’ਤੇ ਸਹਿਮਤੀ ਪ੍ਰਗਟਾਈ।

ਇਸ ਤੋਂ ਇਲਾਵਾ ਮਾਰਕੀਟ ਤੱਕ ਪਹੁੰਚ ਵਧਾਉਣ, ਕਨੈਕਟੀਵਿਟੀ ਮਜ਼ਬੂਤ ਕਰਨ ਅਤੇ ਬੈਂਕਿੰਗ ਤੇ ਭੁਗਤਾਨ ਪ੍ਰਣਾਲੀਆਂ ਨੂੰ ਆਪਸ ਵਿੱਚ ਜੋੜਨ ਲਈ ਵੀ ਕੰਮ ਕੀਤਾ ਜਾਵੇਗਾ।

ਉਜ਼ਬੇਕਿਸਤਾਨ ’ਚ UPI ਨਾਲ ਹੋ ਸਕੇਗੀ Merchant Payment

ਦੌਰੇ ਦੌਰਾਨ ਇੱਕ ਅਹਿਮ ਵਪਾਰਕ ਸਮਝੌਤਾ ਵੀ ਸਾਹਮਣੇ ਆਇਆ, ਜਿਸ ਤਹਿਤ ਭਾਰਤ ਦੀ Unified Payments Interface (UPI) ਨੂੰ ਉਜ਼ਬੇਕਿਸਤਾਨ ਦੇ ਰਾਸ਼ਟਰੀ QR ਸਿਸਟਮ ਨਾਲ ਜੋੜ ਕੇ ਉੱਥੇ ਮਰਚੈਂਟ ਪੇਮੈਂਟ ਲਈ ਉਪਲਬਧ ਕਰਵਾਉਣ ਦੀ ਦਿਸ਼ਾ ਵਿੱਚ ਕੰਮ ਕੀਤਾ ਜਾਵੇਗਾ।

ਜੇਕਰ ਇਹ ਵਿਵਸਥਾ ਲਾਗੂ ਹੁੰਦੀ ਹੈ ਤਾਂ ਉਜ਼ਬੇਕਿਸਤਾਨ ਵਿੱਚ ਭਾਰਤੀ ਡਿਜੀਟਲ ਭੁਗਤਾਨ ਪ੍ਰਣਾਲੀ ਦੀ ਵਰਤੋਂ ਦਾ ਰਾਹ ਹੋਰ ਖੁੱਲ੍ਹੇਗਾ।

ਸਿੱਖਿਆ, ਸਿਹਤ ਤੇ ਰਵਾਇਤੀ ਦਵਾਈਆਂ ’ਚ ਵੀ ਸਾਂਝ

ਭਾਰਤ ਅਤੇ ਉਜ਼ਬੇਕਿਸਤਾਨ ਨੇ ਖੇਤੀਬਾੜੀ ਅਤੇ ਸਿਹਤ ਖੇਤਰ ਵਿੱਚ ਸਹਿਯੋਗ ਵਧਾਉਣ ਦੇ ਨਾਲ ਆਯੁਰਵੇਦ ਅਤੇ ਰਵਾਇਤੀ ਦਵਾਈ ਪ੍ਰਣਾਲੀਆਂ ਵਿੱਚ ਸਾਂਝ ਨੂੰ ਹੋਰ ਅੱਗੇ ਲਿਜਾਣ ਦਾ ਫੈਸਲਾ ਕੀਤਾ।

ਸਿੱਖਿਆ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਵਧਾਉਣ, ਨੌਜਵਾਨਾਂ ਲਈ ਹੋਰ ਐਕਸਚੇਂਜ ਪ੍ਰੋਗਰਾਮ ਸ਼ੁਰੂ ਕਰਨ ਅਤੇ ਉਜ਼ਬੇਕਿਸਤਾਨ ਵਿੱਚ ਮੌਜੂਦ ਬੋਧੀ ਵਿਰਾਸਤੀ ਸਥਾਨਾਂ ਦੀ ਸੰਭਾਲ ਲਈ ਵੀ ਸਹਿਯੋਗ ਕੀਤਾ ਜਾਵੇਗਾ।

ਤਾਸ਼ਕੰਦ ਸਟੇਟ ਯੂਨੀਵਰਸਿਟੀ ਆਫ਼ ਓਰੀਐਂਟਲ ਸਟੱਡੀਜ਼ ਵਿੱਚ ICCR Sanskrit Chair ਸਥਾਪਤ ਕਰਨ ਅਤੇ ਹਿੰਦੀ ਭਾਸ਼ਾ ਦੀ ਪੜ੍ਹਾਈ ਲਈ ਸਕਾਲਰਸ਼ਿਪ ਦੇਣ ਦਾ ਵੀ ਐਲਾਨ ਕੀਤਾ ਗਿਆ।

ਪ੍ਰਾਚੀਨ ਬੋਧੀ ਸਥਾਨਾਂ ਦੀ ਸੰਭਾਲ ਲਈ ਭਾਰਤ ਕਰੇਗਾ ਸਹਿਯੋਗ

ਦੋਵਾਂ ਦੇਸ਼ਾਂ ਵਿਚਾਲੇ ਟਰਮੇਜ਼ ਸਥਿਤ ਪ੍ਰਾਚੀਨ ਬੋਧੀ ਵਿਰਾਸਤੀ ਸਥਾਨਾਂ ਫਯਾਜ਼ ਟੇਪਾ ਅਤੇ ਕਾਰਾ ਟੇਪਾ ਦੀ ਬਹਾਲੀ ਅਤੇ ਸੰਭਾਲ ਲਈ Letter of Intent ’ਤੇ ਦਸਤਖ਼ਤ ਕੀਤੇ ਗਏ।

ਇਸ ਤੋਂ ਇਲਾਵਾ ਮਾਈਨਿੰਗ ਅਤੇ ਜਿਓਲੋਜੀ, ਕ੍ਰਿਟੀਕਲ ਮਿਨਰਲਜ਼, ਸੱਭਿਆਚਾਰ, ਸਿੱਖਿਆ, ਸੈਰ-ਸਪਾਟਾ, ਆਯੁਰਵੇਦ, ਰਵਾਇਤੀ ਦਵਾਈਆਂ ਅਤੇ ਵਾਤਾਵਰਣ ਸੁਰੱਖਿਆ ਸਮੇਤ ਕਈ ਖੇਤਰਾਂ ਨਾਲ ਸਬੰਧਤ ਸਮਝੌਤਿਆਂ ਅਤੇ MoUs ਦਾ ਅਦਾਨ-ਪ੍ਰਦਾਨ ਹੋਇਆ।

ਭਾਰਤ ਵੱਲੋਂ ਅਰਾਲ ਸਾਗਰ ਖੇਤਰ ਵਿੱਚ ਵਣੀਕਰਨ ਲਈ 10 ਲੱਖ ਅਮਰੀਕੀ ਡਾਲਰ ਦੀ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ ਗਿਆ।

Foreign Ministers ਦੀ ਅਗਵਾਈ ਹੇਠ ਬਣੇਗੀ Coordination Council

ਨਵੀਂ Comprehensive Strategic Partnership ਨੂੰ ਅਮਲੀ ਰੂਪ ਦੇਣ ਲਈ ਦੋਵਾਂ ਦੇਸ਼ਾਂ ਨੇ ਵਿਦੇਸ਼ ਮੰਤਰੀਆਂ ਦੀ ਅਗਵਾਈ ਹੇਠ Coordination Council ਬਣਾਉਣ ਦਾ ਫੈਸਲਾ ਕੀਤਾ ਹੈ। ਮੌਜੂਦਾ Inter-Governmental Commission ਨੂੰ ਵੀ ਮੰਤਰੀ ਪੱਧਰ ਤੱਕ ਉੱਚਾ ਚੁੱਕਣ ’ਤੇ ਸਹਿਮਤੀ ਬਣੀ।

ਦੋਵਾਂ ਦੇਸ਼ਾਂ ਵੱਲੋਂ ਸਾਂਝਾ ਬਿਜ਼ਨਸ ਸਮਿਟ ਕਰਵਾਉਣ ਦੀ ਯੋਜਨਾ ਵੀ ਬਣਾਈ ਗਈ ਹੈ। ਊਰਜਾ, ਦੁਰਲੱਭ ਖਣਿਜ, ਸਿਹਤ, ਫਾਰਮਾਸਿਊਟੀਕਲ, ਇਲੈਕਟ੍ਰਾਨਿਕਸ, ਮਕੈਨੀਕਲ ਇੰਜੀਨੀਅਰਿੰਗ, ਗਹਿਣੇ ਅਤੇ ਖੇਤੀਬਾੜੀ ਨੂੰ ਵਪਾਰ ਵਧਾਉਣ ਲਈ ਮੁੱਖ ਖੇਤਰਾਂ ਵਜੋਂ ਚਿੰਨ੍ਹਿਆ ਗਿਆ ਹੈ।

PM ਮੋਦੀ ਨੂੰ ਉਜ਼ਬੇਕਿਸਤਾਨ ਦਾ ਉੱਚ ਰਾਜ ਸਨਮਾਨ

ਰਾਸ਼ਟਰਪਤੀ ਸ਼ਵਕਤ ਮਿਰਜ਼ਿਯੋਯੇਵ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਜ਼ਬੇਕਿਸਤਾਨ ਦੇ ਉੱਚ ਰਾਜ ਸਨਮਾਨ ‘Order of Oliy Darajali Do’stlik’ (Order of the Highest Friendship) ਨਾਲ ਸਨਮਾਨਿਤ ਕੀਤਾ।

ਮੋਦੀ ਨੇ ਤਾਸ਼ਕੰਦ ਵਿੱਚ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੀ ਯਾਦਗਾਰ ’ਤੇ ਸ਼ਰਧਾਂਜਲੀ ਵੀ ਭੇਟ ਕੀਤੀ ਅਤੇ ਪੌਧਾਰੋਪਣ ਪ੍ਰੋਗਰਾਮ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਉਜ਼ਬੇਕਿਸਤਾਨ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਨਾਲ ਵੀ ਮੁਲਾਕਾਤ ਕੀਤੀ।

ਭਾਰਤ ਅਤੇ ਉਜ਼ਬੇਕਿਸਤਾਨ ਨੇ ਖੇਤਰੀ ਸਥਿਰਤਾ, ਅੱਤਵਾਦ ਵਿਰੋਧੀ ਸਹਿਯੋਗ ਅਤੇ SCO, ਸੰਯੁਕਤ ਰਾਸ਼ਟਰ ਤੇ BRICS ਵਰਗੇ ਬਹੁਪੱਖੀ ਮੰਚਾਂ ’ਤੇ ਆਪਸੀ ਤਾਲਮੇਲ ਹੋਰ ਮਜ਼ਬੂਤ ਕਰਨ ’ਤੇ ਵੀ ਜ਼ੋਰ ਦਿੱਤਾ।

ਉਜ਼ਬੇਕਿਸਤਾਨ ਦੌਰਾ ਪੂਰਾ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦਾ ਬਿਸ਼ਕੇਕ ਜਾਣ ਦਾ ਪ੍ਰੋਗਰਾਮ ਹੈ, ਜਿੱਥੇ ਉਹ ਸ਼ੰਘਾਈ ਸਹਿਯੋਗ ਸੰਗਠਨ (SCO) ਦੇ ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ।

 

Published on: 30 Aug 2026

Editor Info

Pushpinder Kaur
publictimes@gmail.com
+91 84278 93668