Saturday, 18 July 2026
ਭਾਰਤ ਨੇ ਰਚਿਆ ਨਵਾਂ ਇਤਿਹਾਸ, ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੀ ਪਹਿਲੀ ਹਾਈਡ੍ਰੋਜਨ ਫਿਊਲ ਸੈੱਲ ਯਾਤਰੀ ਰੇਲਗੱਡੀ ਨੂੰ ਦਿਖਾਈ ਹਰੀ ਝੰਡੀ

ਭਾਰਤ ਨੇ ਰਚਿਆ ਨਵਾਂ ਇਤਿਹਾਸ, ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੀ ਪਹਿਲੀ ਹਾਈਡ੍ਰੋਜਨ ਫਿਊਲ ਸੈੱਲ ਯਾਤਰੀ ਰੇਲਗੱਡੀ ਨੂੰ ਦਿਖਾਈ ਹਰੀ ਝੰਡੀ

ਨਵੀਂ ਦਿੱਲੀ: ਭਾਰਤ ਨੇ ਹਰਿਤ ਆਵਾਜਾਈ ਅਤੇ ਸਵਦੇਸ਼ੀ ਤਕਨਾਲੋਜੀ ਦੇ ਖੇਤਰ ਵਿੱਚ ਇੱਕ ਹੋਰ ਇਤਿਹਾਸਕ ਉਪਲਬਧੀ ਹਾਸਲ ਕਰਦਿਆਂ ਦੇਸ਼ ਦੀ ਪਹਿਲੀ ਸਵਦੇਸ਼ੀ ਹਾਈਡ੍ਰੋਜਨ ਫਿਊਲ ਸੈੱਲ ਆਧਾਰਿਤ ਯਾਤਰੀ ਰੇਲਗੱਡੀ ਦੀ ਸ਼ੁਰੂਆਤ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਇਸ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਉਪਲਬਧੀ ਨਾਲ ਭਾਰਤ ਹਾਈਡ੍ਰੋਜਨ ਫਿਊਲ ਸੈੱਲ ਰੇਲਾਂ ਚਲਾਉਣ ਵਾਲੇ ਚੁਣਿੰਦੇ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ।

ਇਹ 10 ਡੱਬਿਆਂ ਵਾਲੀ ਰੇਲਗੱਡੀ ਹਰਿਆਣਾ ਦੇ ਜੀਂਦ-ਸੋਨੀਪਤ ਵਿਚਕਾਰ ਲਗਭਗ 89 ਕਿਲੋਮੀਟਰ ਦੇ ਰੂਟ 'ਤੇ ਪਾਇਲਟ ਪ੍ਰੋਜੈਕਟ ਤਹਿਤ ਚਲਾਈ ਜਾ ਰਹੀ ਹੈ। ਰੇਲਗੱਡੀ ਵਿੱਚ 2,400 ਕਿਲੋਵਾਟ (ਲਗਭਗ 3,200 ਹਾਰਸ ਪਾਵਰ) ਸਮਰੱਥਾ ਵਾਲਾ ਹਾਈਡ੍ਰੋਜਨ ਫਿਊਲ ਸੈੱਲ ਪ੍ਰੋਪਲਸ਼ਨ ਸਿਸਟਮ ਲਗਾਇਆ ਗਿਆ ਹੈ, ਜੋ ਰੇਲ ਦੇ ਅੰਦਰ ਹੀ ਬਿਜਲੀ ਪੈਦਾ ਕਰਦਾ ਹੈ। ਇਸ ਤਕਨਾਲੋਜੀ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਸ ਵਿੱਚੋਂ ਧੂੰਏਂ ਜਾਂ ਹਾਨੀਕਾਰਕ ਗੈਸਾਂ ਦੀ ਬਜਾਏ ਸਿਰਫ਼ ਪਾਣੀ ਦੀ ਭਾਫ਼ ਨਿਕਲਦੀ ਹੈ।

ਰੇਲਗੱਡੀ ਦੇ ਉਦਘਾਟਨ ਮੌਕੇ ਸੋਸ਼ਲ ਮੀਡੀਆ 'ਤੇ ਇਸ ਦੀਆਂ ਵੀਡੀਓਜ਼ ਤੇਜ਼ੀ ਨਾਲ ਵਾਇਰਲ ਹੋਈਆਂ, ਜਿਨ੍ਹਾਂ ਵਿੱਚ ਸਜੀ-ਧਜੀ ਰੇਲ ਨੂੰ ਛੱਤ 'ਤੇ ਲੱਗੇ ਵੈਂਟਾਂ ਵਿੱਚੋਂ ਪਾਣੀ ਦੀ ਭਾਫ਼ ਛੱਡਦਿਆਂ ਰਵਾਨਾ ਹੁੰਦੇ ਦੇਖਿਆ ਗਿਆ। ਕਈ ਲੋਕਾਂ ਨੇ ਇਸ ਨੂੰ "ਧੂੰਆ ਨਹੀਂ, ਪਾਣੀ ਛੱਡਣ ਵਾਲੀ ਰੇਲ" ਕਰਾਰ ਦਿੰਦਿਆਂ ਭਾਰਤ ਦੀ ਤਕਨੀਕੀ ਤਰੱਕੀ ਦੀ ਸ਼ਲਾਘਾ ਕੀਤੀ।

ਭਾਰਤੀ ਰੇਲਵੇ ਅਨੁਸਾਰ ਇਸ ਰੇਲਗੱਡੀ ਵਿੱਚ ਲਗਭਗ 2,600 ਯਾਤਰੀਆਂ ਦੇ ਸਫ਼ਰ ਕਰਨ ਦੀ ਸਮਰੱਥਾ ਹੈ। ਇਸ ਦੀ ਵਪਾਰਕ ਗਤੀ 75 ਕਿਲੋਮੀਟਰ ਪ੍ਰਤੀ ਘੰਟਾ ਰੱਖੀ ਗਈ ਹੈ, ਜਦਕਿ ਇਸ ਦੀ ਡਿਜ਼ਾਈਨ ਅਨੁਸਾਰ ਅਧਿਕਤਮ ਗਤੀ 110 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਪ੍ਰੋਜੈਕਟ ਤਹਿਤ ਇੱਕ ਡੀਜ਼ਲ-ਇਲੈਕਟ੍ਰਿਕ ਮਲਟੀਪਲ ਯੂਨਿਟ (DEMU) ਨੂੰ ਹਾਈਡ੍ਰੋਜਨ ਫਿਊਲ ਸੈੱਲ ਤਕਨਾਲੋਜੀ ਨਾਲ ਅੱਪਗ੍ਰੇਡ ਕੀਤਾ ਗਿਆ ਹੈ।

ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਇਸ ਨੂੰ "ਆਤਮਨਿਰਭਰ ਭਾਰਤ" ਵੱਲ ਇੱਕ ਵੱਡਾ ਕਦਮ ਦੱਸਿਆ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਭਾਰਤ ਦੀ ਸਵਦੇਸ਼ੀ ਇੰਜੀਨੀਅਰਿੰਗ ਸਮਰੱਥਾ ਅਤੇ ਸਾਫ਼ ਊਰਜਾ ਖੇਤਰ ਵਿੱਚ ਵਧ ਰਹੀ ਤਾਕਤ ਦਾ ਪ੍ਰਤੀਕ ਹੈ। ਰੇਲਗੱਡੀ ਦੇ ਜ਼ਿਆਦਾਤਰ ਹਿੱਸਿਆਂ ਦਾ ਨਿਰਮਾਣ ਭਾਰਤ ਵਿੱਚ ਕੀਤਾ ਗਿਆ ਹੈ, ਜਦਕਿ ਫਿਊਲ ਸੈੱਲ ਸਿਸਟਮ ਲਈ ਕੁਝ ਅੰਤਰਰਾਸ਼ਟਰੀ ਤਕਨੀਕੀ ਸਹਿਯੋਗ ਵੀ ਲਿਆ ਗਿਆ ਹੈ।

ਮੌਜੂਦਾ ਸਮੇਂ ਵਿੱਚ ਜਰਮਨੀ, ਜਾਪਾਨ, ਚੀਨ ਅਤੇ ਦੱਖਣੀ ਕੋਰੀਆ ਵਰਗੇ ਦੇਸ਼ ਹਾਈਡ੍ਰੋਜਨ ਰੇਲਾਂ ਚਲਾ ਰਹੇ ਹਨ। ਹੁਣ ਭਾਰਤ ਵੀ ਇਸ ਆਧੁਨਿਕ ਅਤੇ ਵਾਤਾਵਰਣ ਅਨੁਕੂਲ ਤਕਨਾਲੋਜੀ ਨੂੰ ਅਪਣਾਉਣ ਵਾਲੇ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਭਵਿੱਖ ਵਿੱਚ ਇਹ ਤਕਨਾਲੋਜੀ ਗੈਰ-ਬਿਜਲੀਕਰਨ ਵਾਲੇ ਰੇਲ ਮਾਰਗਾਂ ਲਈ ਇੱਕ ਬਿਹਤਰ ਵਿਕਲਪ ਸਾਬਤ ਹੋ ਸਕਦੀ ਹੈ ਅਤੇ ਦੇਸ਼ ਦੀ ਗ੍ਰੀਨ ਹਾਈਡ੍ਰੋਜਨ ਅਰਥਵਿਵਸਥਾ ਨੂੰ ਵੀ ਮਜ਼ਬੂਤੀ ਦੇਵੇਗੀ।

ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਜੇਕਰ ਇਹ ਪਾਇਲਟ ਪ੍ਰੋਜੈਕਟ ਸਫ਼ਲ ਰਹਿੰਦਾ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਰੂਟਾਂ 'ਤੇ ਵੀ ਹਾਈਡ੍ਰੋਜਨ ਫਿਊਲ ਸੈੱਲ ਰੇਲਗੱਡੀਆਂ ਚਲਾਉਣ ਦੀ ਯੋਜਨਾ ਹੈ। ਇਸ ਪਾਇਲਟ ਸੇਵਾ ਵਿੱਚ ਕੁਝ ਰੂਟਾਂ ਲਈ ਕਿਰਾਇਆ ਸਿਰਫ਼ ₹5 ਤੋਂ ਸ਼ੁਰੂ ਕੀਤਾ ਗਿਆ ਹੈ, ਤਾਂ ਜੋ ਵੱਧ ਤੋਂ ਵੱਧ ਲੋਕ ਇਸ ਨਵੀਂ ਤਕਨਾਲੋਜੀ ਦਾ ਤਜਰਬਾ ਕਰ ਸਕਣ।

 
 

Published on: 18 Jul 2026

Editor Info

Pushpinder Kaur
publictimes@gmail.com
+91 84278 93668