Saturday, 18 July 2026
ਭਾਰਤ ਨੇ ਪੁਲਾੜ ਖੇਤਰ ਵਿੱਚ ਰਚਿਆ ਇਤਿਹਾਸ, ਸਕਾਈਰੂਟ ਏਅਰੋਸਪੇਸ ਨੇ ਪਹਿਲਾ ਨਿੱਜੀ ਆਰਬਿਟਲ ਰਾਕੇਟ ‘ਵਿਕਰਮ-1’ ਕੀਤਾ ਸਫ਼ਲ ਲਾਂਚ

ਭਾਰਤ ਨੇ ਪੁਲਾੜ ਖੇਤਰ ਵਿੱਚ ਰਚਿਆ ਇਤਿਹਾਸ, ਸਕਾਈਰੂਟ ਏਅਰੋਸਪੇਸ ਨੇ ਪਹਿਲਾ ਨਿੱਜੀ ਆਰਬਿਟਲ ਰਾਕੇਟ ‘ਵਿਕਰਮ-1’ ਕੀਤਾ ਸਫ਼ਲ ਲਾਂਚ

ਹੈਦਰਾਬਾਦ: ਭਾਰਤ ਦੇ ਪੁਲਾੜ ਖੇਤਰ ਲਈ ਅੱਜ ਇੱਕ ਇਤਿਹਾਸਕ ਦਿਨ ਸਾਬਤ ਹੋਇਆ, ਜਦੋਂ ਹੈਦਰਾਬਾਦ ਸਥਿਤ ਨਿੱਜੀ ਕੰਪਨੀ ਸਕਾਈਰੂਟ ਏਅਰੋਸਪੇਸ ਨੇ ਦੇਸ਼ ਦਾ ਪਹਿਲਾ ਨਿੱਜੀ ਤੌਰ 'ਤੇ ਵਿਕਸਿਤ ਆਰਬਿਟਲ ਲਾਂਚ ਵਾਹਨ 'ਵਿਕਰਮ-1' ਸਫ਼ਲਤਾਪੂਰਵਕ ਲਾਂਚ ਕਰ ਦਿੱਤਾ। ਸਤੀਸ਼ ਧਵਨ ਸਪੇਸ ਸੈਂਟਰ ਤੋਂ 'ਮਿਸ਼ਨ ਆਗਮਨ' ਤਹਿਤ ਉਡਾਣ ਭਰਨ ਵਾਲੇ ਇਸ ਰਾਕੇਟ ਨੇ ਨਿਰਧਾਰਤ ਯੋਜਨਾ ਅਨੁਸਾਰ ਸਾਰੇ ਪੜਾਅ ਸਫ਼ਲਤਾਪੂਰਵਕ ਪੂਰੇ ਕਰਦੇ ਹੋਏ ਕਈ ਪੇਲੋਡਾਂ ਨੂੰ ਧਰਤੀ ਦੀ ਨੀਵੀਂ ਕੱਖ (Low Earth Orbit) ਵਿੱਚ ਸਥਾਪਿਤ ਕੀਤਾ।

24 ਮੀਟਰ ਉੱਚਾ ਅਤੇ ਚਾਰ ਪੜਾਅ ਵਾਲਾ ਵਿਕਰਮ-1 ਰਾਕੇਟ ਲਗਭਗ 480 ਕਿਲੋਗ੍ਰਾਮ ਤੱਕ ਦੇ ਪੇਲੋਡ ਨੂੰ ਲੋਅ ਅਰਥ ਆਰਬਿਟ ਵਿੱਚ ਪਹੁੰਚਾਉਣ ਦੀ ਸਮਰੱਥਾ ਰੱਖਦਾ ਹੈ। ਇਸ ਨੂੰ ਸੈਟੇਲਾਈਟਾਂ ਲਈ ਤੇਜ਼ ਅਤੇ ਮੰਗ ਅਨੁਸਾਰ ਲਾਂਚ ਸੇਵਾ ਮੁਹੱਈਆ ਕਰਵਾਉਣ ਵਾਲੇ "ਸਪੇਸ ਕੈਬ ਸਰਵਿਸ" ਵਜੋਂ ਵੀ ਦੇਖਿਆ ਜਾ ਰਿਹਾ ਹੈ।

ਇਸ ਪਹਿਲੀ ਉਡਾਣ ਵਿੱਚ ਵਿਗਿਆਨਕ ਅਤੇ ਪ੍ਰਤੀਕਾਤਮਕ ਪੇਲੋਡ ਸ਼ਾਮਲ ਸਨ, ਜਿਨ੍ਹਾਂ ਵਿੱਚ ਲੈਬ ਵਿੱਚ ਤਿਆਰ ਕੀਤਾ ਗਿਆ ਹੀਰਾ ਅਤੇ ਸਕਾਈਰੂਟ ਦੀ ਟੀਮ ਵੱਲੋਂ ਭੇਜੇ ਗਏ ਵਿਸ਼ੇਸ਼ ਸੰਦੇਸ਼ ਵੀ ਸ਼ਾਮਲ ਸਨ। ਇਸ ਤੋਂ ਪਹਿਲਾਂ ਕੰਪਨੀ ਨੇ ਸਾਲ 2022 ਵਿੱਚ ਸਬ-ਆਰਬਿਟਲ ਮਿਸ਼ਨ ਸਫ਼ਲਤਾਪੂਰਵਕ ਪੂਰਾ ਕੀਤਾ ਸੀ ਅਤੇ ਹੁਣ ਇਸ ਉਪਲਬਧੀ ਨਾਲ ਭਾਰਤ ਉਨ੍ਹਾਂ ਗਿਣਤੀ ਦੇ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ, ਜਿੱਥੇ ਨਿੱਜੀ ਕੰਪਨੀਆਂ ਆਰਬਿਟਲ ਰਾਕੇਟ ਲਾਂਚ ਕਰਨ ਦੀ ਸਮਰੱਥਾ ਰੱਖਦੀਆਂ ਹਨ।

ਸਾਲ 2018 ਵਿੱਚ ਇਸਰੋ ਦੇ ਸਾਬਕਾ ਵਿਗਿਆਨੀਆਂ ਪਵਨ ਕੁਮਾਰ ਚੰਦਨਾ ਅਤੇ ਨਾਗਾ ਭਾਰਥ ਡਾਕਾ ਵੱਲੋਂ ਸਥਾਪਿਤ ਕੀਤੀ ਗਈ ਸਕਾਈਰੂਟ ਏਅਰੋਸਪੇਸ ਹਾਲ ਹੀ ਵਿੱਚ 1.1 ਅਰਬ ਡਾਲਰ ਦੇ ਮੁੱਲ ਨਾਲ ਭਾਰਤ ਦੀ ਪਹਿਲੀ ਸਪੇਸ-ਟੈਕ ਯੂਨੀਕੌਰਨ ਕੰਪਨੀ ਬਣੀ ਹੈ। ਕੰਪਨੀ ਨੂੰ ਸਿੰਗਾਪੁਰ ਦੀਆਂ ਮਸ਼ਹੂਰ ਨਿਵੇਸ਼ ਸੰਸਥਾਵਾਂ GIC ਅਤੇ Temasek ਦਾ ਵੀ ਸਮਰਥਨ ਪ੍ਰਾਪਤ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਇਤਿਹਾਸਕ ਸਫ਼ਲਤਾ 'ਤੇ ਸਕਾਈਰੂਟ ਏਅਰੋਸਪੇਸ, ਇਸਰੋ ਅਤੇ IN-SPACe ਦੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪੂਰੀ ਤਰ੍ਹਾਂ ਹੈਦਰਾਬਾਦ ਵਿੱਚ ਨੌਜਵਾਨ ਭਾਰਤੀ ਵਿਗਿਆਨੀਆਂ ਵੱਲੋਂ ਡਿਜ਼ਾਈਨ ਅਤੇ ਵਿਕਸਿਤ ਕੀਤੀ ਗਈ ਸ਼ਾਨਦਾਰ ਉਪਲਬਧੀ ਹੈ। ਉਨ੍ਹਾਂ ਕਿਹਾ ਕਿ ਪੁਲਾੜ ਖੇਤਰ ਵਿੱਚ ਕੀਤੀਆਂ ਗਈਆਂ ਸੁਧਾਰਵਾਦੀ ਨੀਤੀਆਂ ਨੇ ਨਵੀਨਤਾ ਅਤੇ ਨਿੱਜੀ ਭਾਗੀਦਾਰੀ ਨੂੰ ਨਵੀਂ ਉਡਾਣ ਦਿੱਤੀ ਹੈ।

ਸਕਾਈਰੂਟ ਏਅਰੋਸਪੇਸ ਦੇ ਸੀਈਓ ਪਵਨ ਕੁਮਾਰ ਚੰਦਨਾ ਨੇ ਇਸ ਨੂੰ ਦੇਸ਼ ਲਈ ਮਾਣ ਵਾਲਾ ਦਿਨ ਦੱਸਦਿਆਂ ਕਿਹਾ ਕਿ ਇਹ ਸਾਲਾਂ ਦੀ ਮਿਹਨਤ ਅਤੇ ਪੂਰੀ ਟੀਮ ਦੀ ਸਾਂਝੀ ਸਫ਼ਲਤਾ ਹੈ। ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਵੀ ਇਸ ਉਪਲਬਧੀ ਨੂੰ ਭਾਰਤ ਦੇ ਨਿੱਜੀ ਪੁਲਾੜ ਉਦਯੋਗ ਦੀ ਬੇਅੰਤ ਸਮਰੱਥਾ ਦਾ ਸਬੂਤ ਕਰਾਰ ਦਿੱਤਾ।

ਮਾਹਿਰਾਂ ਦਾ ਮੰਨਣਾ ਹੈ ਕਿ ਵਿਕਰਮ-1 ਦੀ ਸਫ਼ਲ ਉਡਾਣ ਭਾਰਤ ਦੇ ਨਿੱਜੀ ਪੁਲਾੜ ਉਦਯੋਗ ਲਈ ਇੱਕ ਨਵਾਂ ਯੁੱਗ ਸ਼ੁਰੂ ਕਰੇਗੀ। ਇਸ ਨਾਲ ਵਪਾਰਕ ਸੈਟੇਲਾਈਟ ਲਾਂਚ ਸਸਤੇ, ਤੇਜ਼ ਅਤੇ ਵਧੇਰੇ ਨਿਯਮਤ ਹੋਣਗੇ, ਜਿਸ ਨਾਲ ਵਿਸ਼ਵ ਪੁਲਾੜ ਬਾਜ਼ਾਰ ਵਿੱਚ ਭਾਰਤ ਦੀ ਸਥਿਤੀ ਹੋਰ ਮਜ਼ਬੂਤ ਹੋਵੇਗੀ। ਸਕਾਈਰੂਟ ਨੇ ਆਉਣ ਵਾਲੇ ਸਾਲਾਂ ਵਿੱਚ ਕਈ ਵਪਾਰਕ ਲਾਂਚ ਮਿਸ਼ਨਾਂ ਦੀ ਯੋਜਨਾ ਵੀ ਤਿਆਰ ਕੀਤੀ ਹੈ।

Published on: 18 Jul 2026

Editor Info

Pushpinder Kaur
publictimes@gmail.com
+91 84278 93668