Sunday, 14 June 2026
ਅਯੁੱਧਿਆ ਰਾਮ ਮੰਦਰ ਦਾਨ ਰਕਮ ਗਬਨ ਮਾਮਲਾ: ਸਾਬਕਾ ਕਰਮਚਾਰੀ ਦੇ ਘਰ ਛਾਪਾ, ਲੱਖਾਂ ਰੁਪਏ ਬਰਾਮਦ

ਅਯੁੱਧਿਆ ਰਾਮ ਮੰਦਰ ਦਾਨ ਰਕਮ ਗਬਨ ਮਾਮਲਾ: ਸਾਬਕਾ ਕਰਮਚਾਰੀ ਦੇ ਘਰ ਛਾਪਾ, ਲੱਖਾਂ ਰੁਪਏ ਬਰਾਮਦ

ਅਯੁੱਧਿਆ ਸਥਿਤ ਸ਼੍ਰੀ ਰਾਮ ਜਨਮਭੂਮੀ ਮੰਦਰ ਵਿੱਚ ਆਈ ਦਾਨ ਰਕਮ ਵਿੱਚ ਕਥਿਤ ਗਬਨ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੱਲੋਂ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਗਿਆ ਹੈ, ਜੋ ਮਾਮਲੇ ਦੀ ਹਰ ਪੱਖੋਂ ਜਾਂਚ ਕਰ ਰਹੀ ਹੈ।

ਜਾਂਚ ਦੌਰਾਨ ਵਿਸ਼ੇਸ਼ ਆਪ੍ਰੇਸ਼ਨ ਗਰੁੱਪ (ਐਸਓਜੀ) ਨੇ ਰਾਮ ਮੰਦਰ ਨਾਲ ਜੁੜੇ ਕਰਮਚਾਰੀ ਲਵਕੁਸ਼ ਮਿਸ਼ਰਾ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ। ਸੂਤਰਾਂ ਮੁਤਾਬਕ, ਲਵਕੁਸ਼ ਮਿਸ਼ਰਾ ਦੇ ਘਰ ਕੀਤੀ ਗਈ ਤਲਾਸ਼ੀ ਦੌਰਾਨ ਕਰੀਬ 10 ਲੱਖ ਰੁਪਏ ਨਕਦ ਬਰਾਮਦ ਕੀਤੇ ਗਏ ਹਨ।

ਦੱਸਿਆ ਜਾ ਰਿਹਾ ਹੈ ਕਿ ਲਵਕੁਸ਼ ਮਿਸ਼ਰਾ ਰੁਦੌਲੀ ਖੇਤਰ ਦੇ ਮੀਨਾਪੁਰ ਫਗੌਲੀ ਪਿੰਡ ਦਾ ਵਸਨੀਕ ਹੈ ਅਤੇ ਮੰਦਰ ਵਿੱਚ ਦਾਨ ਦੀ ਗਿਣਤੀ ਨਾਲ ਜੁੜੇ ਕੰਮਾਂ ਵਿੱਚ ਸ਼ਾਮਲ ਸੀ। ਛਾਪੇ ਦੌਰਾਨ ਕੁਝ ਰਕਮ ਘਰ ਦੀ ਅਲਮਾਰੀ ਵਿੱਚੋਂ ਮਿਲੀ, ਜਦਕਿ ਕੁਝ ਨਕਦੀ ਗੋਹੇ ਦੇ ਢੇਰ ਵਿੱਚ ਲੁਕਾਈ ਹੋਈ ਦੱਸੀ ਜਾ ਰਹੀ ਹੈ।

ਫਿਲਹਾਲ ਜਾਂਚ ਏਜੰਸੀਆਂ ਬਰਾਮਦ ਹੋਈ ਰਕਮ ਦੇ ਸਰੋਤ ਦੀ ਜਾਂਚ ਕਰ ਰਹੀਆਂ ਹਨ ਅਤੇ ਇਸ ਸਬੰਧੀ ਅਜੇ ਕੋਈ ਅਧਿਕਾਰਕ ਨਤੀਜਾ ਜਾਰੀ ਨਹੀਂ ਕੀਤਾ ਗਿਆ।

ਪਿੰਡ ਵਾਸੀਆਂ ਦੇ ਅਨੁਸਾਰ, ਲਵਕੁਸ਼ ਪਹਿਲਾਂ ਕਾਰ ਮਕੈਨਿਕ ਵਜੋਂ ਕੰਮ ਕਰਦਾ ਸੀ, ਪਰ ਰਾਮ ਮੰਦਰ ਵਿੱਚ ਨੌਕਰੀ ਮਿਲਣ ਤੋਂ ਬਾਅਦ ਉਸਦੀ ਆਰਥਿਕ ਸਥਿਤੀ ਵਿੱਚ ਕਾਫ਼ੀ ਬਦਲਾਅ ਆਇਆ ਸੀ। ਪਿੰਡ ਵਿੱਚ ਇਹ ਚਰਚਾ ਵੀ ਹੈ ਕਿ ਕੁਝ ਨਕਦੀ ਗੋਹਿਆਂ ਵਿੱਚ ਛੁਪਾਈ ਗਈ ਸੀ, ਜਿਸ ਨੂੰ ਪੁਲਿਸ ਨੇ ਬਰਾਮਦ ਕਰ ਲਿਆ।

27 ਸਾਲਾ ਲਵਕੁਸ਼ ਮਿਸ਼ਰਾ ਮੰਦਰ ਵਿੱਚ ਮਜ਼ਦੂਰ ਵਜੋਂ ਤਾਇਨਾਤ ਸੀ ਅਤੇ ਉਸ 'ਤੇ ਦਾਨ ਪੇਟੀਆਂ ਵਿੱਚੋਂ ਰਕਮ ਹੜਪਣ ਦੇ ਦੋਸ਼ ਲੱਗੇ ਹਨ। ਉਸਦੇ ਪਿਤਾ ਬੱਚੂ ਲਾਲ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਪਿਛਲੇ ਪੰਜ ਤੋਂ ਛੇ ਮਹੀਨਿਆਂ ਤੋਂ ਮੰਦਰ ਵਿੱਚ ਕੰਮ ਕਰ ਰਿਹਾ ਸੀ ਅਤੇ ਉਸ ਨੂੰ ਇਹ ਨੌਕਰੀ ਰਿਸ਼ਤੇਦਾਰ ਰਵੀ ਮਿਸ਼ਰਾ ਦੀ ਸਿਫ਼ਾਰਸ਼ ਨਾਲ ਮਿਲੀ ਸੀ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਫੈਜ਼ਾਬਾਦ ਵਿੱਚ ਬਣ ਰਹੇ ਮਕਾਨ ਲਈ ਜ਼ਮੀਨ ਕਾਫ਼ੀ ਸਮਾਂ ਪਹਿਲਾਂ ਖਰੀਦੀ ਗਈ ਸੀ ਅਤੇ ਉਸ ਜਾਇਦਾਦ ਨਾਲ ਲਵਕੁਸ਼ ਦਾ ਕੋਈ ਸਿੱਧਾ ਸਬੰਧ ਨਹੀਂ ਹੈ। ਬੱਚੂ ਲਾਲ ਦੇ ਮੁਤਾਬਕ ਮਕਾਨ ਦੀ ਉਸਾਰੀ ਲਈ ਪਰਿਵਾਰ ਵੱਲੋਂ ਜ਼ਮੀਨ ਗਿਰਵੀ ਰੱਖੀ ਗਈ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜੀ ਰਕਮ ਲਵਕੁਸ਼ ਆਪਣੇ ਨਾਲ ਘਰ ਲਿਆਇਆ ਸੀ, ਉਹ ਲੋਕ ਬਾਅਦ ਵਿੱਚ ਆਪਣੇ ਨਾਲ ਵਾਪਸ ਲੈ ਗਏ ਸਨ ਅਤੇ ਹੁਣ ਉਨ੍ਹਾਂ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਾਂਚ ਏਜੰਸੀਆਂ ਵੱਲੋਂ ਹੋਰ ਤੱਥ ਇਕੱਠੇ ਕੀਤੇ ਜਾ ਰਹੇ ਹਨ।

Published on: 14 Jun 2026

Editor Info

Pushpinder Kaur
publictimes@gmail.com
+91 84278 93668