Sunday, 14 June 2026
ਅਮਰੀਕੀ ਹਮਲਿਆਂ 'ਤੇ ਭਾਰਤ ਦਾ ਸਖ਼ਤ ਵਿਰੋਧ, ਜੈਸ਼ੰਕਰ ਨੇ ਰੂਬਿਓ ਨਾਲ ਗੱਲਬਾਤ ਦੌਰਾਨ ਜਤਾਈ ਨਾਰਾਜ਼ਗੀ

ਅਮਰੀਕੀ ਹਮਲਿਆਂ 'ਤੇ ਭਾਰਤ ਦਾ ਸਖ਼ਤ ਵਿਰੋਧ, ਜੈਸ਼ੰਕਰ ਨੇ ਰੂਬਿਓ ਨਾਲ ਗੱਲਬਾਤ ਦੌਰਾਨ ਜਤਾਈ ਨਾਰਾਜ਼ਗੀ

ਨਵੀਂ ਦਿੱਲੀ : ਖਾੜੀ ਖੇਤਰ ਵਿੱਚ ਭਾਰਤੀ ਮਲਾਹਾਂ ਵਾਲੇ ਜਹਾਜ਼ਾਂ 'ਤੇ ਹੋਏ ਅਮਰੀਕੀ ਮਿਸਾਈਲ ਹਮਲਿਆਂ ਨੂੰ ਲੈ ਕੇ ਭਾਰਤ ਅਤੇ ਅਮਰੀਕਾ ਵਿਚਕਾਰ ਮਤਭੇਦ ਸਾਹਮਣੇ ਆਏ ਹਨ। ਸ਼ੁੱਕਰਵਾਰ (12 ਜੂਨ 2026) ਨੂੰ ਭਾਰਤ ਨੇ ਅਮਰੀਕੀ ਦੂਤਾਵਾਸ ਦੇ ਪ੍ਰਤੀਨਿਧੀ ਜੇਸਨ ਮੀਕਸ ਨੂੰ ਤਲਬ ਕਰਕੇ ਇਸ ਘਟਨਾ ਖ਼ਿਲਾਫ਼ ਆਪਣਾ ਸਖ਼ਤ ਵਿਰੋਧ ਦਰਜ ਕਰਵਾਇਆ।

ਇਸ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ। ਅਮਰੀਕੀ ਪੱਖ ਵੱਲੋਂ ਕਿਹਾ ਗਿਆ ਕਿ ਅਮਰੀਕਾ ਵੱਲੋਂ ਲਗਾਈ ਗਈ ਸਮੁੰਦਰੀ ਨਾਕਾਬੰਦੀ ਦੀ ਉਲੰਘਣਾ ਅਤੇ ਈਰਾਨੀ ਤੇਲ ਦੀ ਗੈਰਕਾਨੂੰਨੀ ਢੁਆਈ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਗੱਲਬਾਤ ਤੋਂ ਬਾਅਦ ਐਸ. ਜੈਸ਼ੰਕਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਖਾੜੀ ਖੇਤਰ ਵਿੱਚ ਅਮਰੀਕੀ ਜਲ ਸੈਨਾ ਦੀ ਕਾਰਵਾਈ ਖ਼ਿਲਾਫ਼ ਭਾਰਤ ਦਾ ਸਖ਼ਤ ਵਿਰੋਧ ਦੁਹਰਾਇਆ ਹੈ। ਉਨ੍ਹਾਂ ਕਿਹਾ ਕਿ ਵਪਾਰਕ ਜਹਾਜ਼ਾਂ ਖ਼ਿਲਾਫ਼ ਅਜਿਹੀਆਂ ਘਾਤਕ ਕਾਰਵਾਈਆਂ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।

ਦੋਵੇਂ ਆਗੂਆਂ ਵਿਚਕਾਰ ਹੋਰਮੁਜ਼ ਜਲਡੰਡੀ ਦੀ ਸਥਿਤੀ 'ਤੇ ਵੀ ਚਰਚਾ ਹੋਈ। ਓਮਾਨ ਦੇ ਤਟ ਨੇੜੇ ਡੁਕਮ ਕੋਲ ਮੈਰੀਵੈਕਸ ਅਤੇ ਸ਼ਿਨਾਸ ਦੇ ਨੇੜੇ ਸੈਟੇਬੈਲੋ ਅਤੇ ਜਲਵੀਰ ਨਾਮਕ ਤਿੰਨ ਜਹਾਜ਼ਾਂ 'ਤੇ ਹੋਏ ਅਮਰੀਕੀ ਮਿਸਾਈਲ ਹਮਲਿਆਂ ਵਿੱਚ ਤਿੰਨ ਭਾਰਤੀ ਸਮੁੰਦਰੀ ਕਰਮਚਾਰੀਆਂ ਦੀ ਮੌਤ ਹੋ ਗਈ ਸੀ।

ਅਮਰੀਕੀ ਵਿਦੇਸ਼ ਵਿਭਾਗ ਮੁਤਾਬਕ ਮਾਰਕੋ ਰੂਬਿਓ ਨੇ ਜੈਸ਼ੰਕਰ ਨੂੰ ਕਿਹਾ ਕਿ ਹੋਰਮੁਜ਼ ਜਲਡੰਡੀ ਵਿੱਚ ਅਮਨ ਅਤੇ ਸੁਰੱਖਿਆ ਬਣਾਈ ਰੱਖਣ ਲਈ ਤਾਇਨਾਤ ਅਮਰੀਕੀ ਫੌਜੀ ਬਲਾਂ ਦੇ ਨਿਰਦੇਸ਼ਾਂ ਦੀ ਸਾਰੇ ਵਪਾਰਕ ਜਹਾਜ਼ਾਂ ਵੱਲੋਂ ਤੁਰੰਤ ਪਾਲਣਾ ਕੀਤੀ ਜਾਣੀ ਚਾਹੀਦੀ ਹੈ।

ਇਹ ਵਿਵਾਦ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਅਗਲੇ ਹਫ਼ਤੇ ਫਰਾਂਸ ਵਿੱਚ ਹੋਣ ਵਾਲੇ ਜੀ-7 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੁਲਾਕਾਤ ਹੋਣੀ ਤੈਅ ਹੈ। ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ਅਨੁਸਾਰ ਦੋਵੇਂ ਆਗੂਆਂ ਦੀ ਇਹ ਮੁਲਾਕਾਤ ਕਈ ਮਹੱਤਵਪੂਰਨ ਦੁਪੱਖੀ ਮੁੱਦਿਆਂ 'ਤੇ ਕੇਂਦਰਿਤ ਰਹੇਗੀ।

Published on: 14 Jun 2026

Editor Info

Pushpinder Kaur
publictimes@gmail.com
+91 84278 93668