Tuesday, 18 August 2026
ਅਮਰੀਕਾ ਵੱਲੋਂ ਈਰਾਨੀ ਫੌਜੀ ਟਿਕਾਣਿਆਂ 'ਤੇ ਨਵੇਂ ਹਮਲੇ, ਮੱਧ ਪੂਰਬ ਵਿੱਚ ਤਣਾਅ ਹੋਰ ਵਧਿਆ

ਅਮਰੀਕਾ ਵੱਲੋਂ ਈਰਾਨੀ ਫੌਜੀ ਟਿਕਾਣਿਆਂ 'ਤੇ ਨਵੇਂ ਹਮਲੇ, ਮੱਧ ਪੂਰਬ ਵਿੱਚ ਤਣਾਅ ਹੋਰ ਵਧਿਆ

ਈਰਾਨ ਨੇ ਕੀਤੀ ਸਖ਼ਤ ਨਿੰਦਾ, ਜਵਾਬੀ ਕਾਰਵਾਈ ਦੀ ਦਿੱਤੀ ਚੇਤਾਵਨੀ; ਖੇਤਰੀ ਸਥਿਤੀ 'ਤੇ ਦੁਨੀਆ ਦੀ ਨਜ਼ਰ

ਵਾਸ਼ਿੰਗਟਨ, 23 ਜੁਲਾਈ: ਅਮਰੀਕੀ ਫੌਜ ਨੇ 22 ਜੁਲਾਈ ਦੀ ਸ਼ਾਮ ਈਰਾਨ ਦੇ ਕਈ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਤਾਜ਼ਾ ਹਵਾਈ ਹਮਲੇ ਕੀਤੇ। ਵੱਖ-ਵੱਖ ਰਿਪੋਰਟਾਂ ਅਨੁਸਾਰ ਇਹ ਲਗਾਤਾਰ 11ਵੀਂ ਰਾਤ ਹੈ ਜਦੋਂ ਅਮਰੀਕੀ ਕਾਰਵਾਈਆਂ ਵਿੱਚ ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈ.ਆਰ.ਜੀ.ਸੀ.) ਨਾਲ ਜੁੜੇ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਸੋਸ਼ਲ ਮੀਡੀਆ ਅਤੇ ਖੇਤਰੀ ਸਰੋਤਾਂ 'ਤੇ ਚੱਲ ਰਹੀਆਂ ਜਾਣਕਾਰੀਆਂ ਮੁਤਾਬਕ ਹਮਲਿਆਂ ਦੌਰਾਨ ਕਈ ਫੌਜੀ ਸਥਾਪਨਾਵਾਂ ਨੂੰ ਭਾਰੀ ਨੁਕਸਾਨ ਪਹੁੰਚਿਆ। ਕੁਝ ਅਪੁਸ਼ਟ ਦਾਅਵਿਆਂ ਵਿੱਚ ਕਿਹਾ ਗਿਆ ਹੈ ਕਿ ਕੁਝ ਥਾਵਾਂ 'ਤੇ ਈਰਾਨੀ ਸੈਨਿਕਾਂ ਨੇ ਆਪਣੀਆਂ ਪੋਜ਼ੀਸ਼ਨਾਂ ਛੱਡ ਦਿੱਤੀਆਂ ਅਤੇ ਆਈ.ਆਰ.ਜੀ.ਸੀ. ਦੇ ਕਮਾਂਡ ਢਾਂਚੇ ਵਿੱਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਹਾਲਾਂਕਿ ਇਨ੍ਹਾਂ ਦਾਅਵਿਆਂ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਹੋ ਸਕੀ ਹੈ।

ਅਮਰੀਕੀ ਸੈਂਟਰਲ ਕਮਾਂਡ (ਸੈਂਟਕਾਮ) ਨੇ ਹਾਲੀਆ ਦਿਨਾਂ ਵਿੱਚ ਈਰਾਨ ਦੀਆਂ ਸਮੁੰਦਰੀ ਸਮਰੱਥਾਵਾਂ, ਮਿਜ਼ਾਈਲ ਅਤੇ ਡਰੋਨ ਭੰਡਾਰਾਂ, ਤੱਟੀ ਨਿਗਰਾਨੀ ਪ੍ਰਣਾਲੀਆਂ ਅਤੇ ਹਵਾਈ ਰੱਖਿਆ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਪੁਸ਼ਟੀ ਕੀਤੀ ਹੈ। ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਕਾਰਵਾਈਆਂ ਦਾ ਮਕਸਦ ਖੇਤਰ ਵਿੱਚ ਵਪਾਰਕ ਸਮੁੰਦਰੀ ਆਵਾਜਾਈ ਦੀ ਸੁਰੱਖਿਆ ਯਕੀਨੀ ਬਣਾਉਣਾ ਅਤੇ ਸੰਭਾਵਿਤ ਖ਼ਤਰਿਆਂ ਨੂੰ ਘਟਾਉਣਾ ਹੈ। ਰਿਪੋਰਟਾਂ ਅਨੁਸਾਰ ਕੁਝ ਹਮਲਿਆਂ ਵਿੱਚ ਬ੍ਰਿਟੇਨ ਵਿੱਚ ਸਥਿਤ ਅੱਡਿਆਂ ਤੋਂ ਉਡਾਣ ਭਰਨ ਵਾਲੇ ਲੰਬੀ ਦੂਰੀ ਦੇ ਬੀ-1ਬੀ ਬੰਬਵਰਸ਼ਕ ਜਹਾਜ਼ ਵੀ ਵਰਤੇ ਗਏ।

ਮੰਨਿਆ ਜਾ ਰਿਹਾ ਹੈ ਕਿ ਇਹ ਕਾਰਵਾਈਆਂ 2026 ਦੌਰਾਨ ਤੇਜ਼ ਹੋਏ ਅਮਰੀਕਾ-ਇਜ਼ਰਾਈਲ ਦੇ ਸਾਂਝੇ ਦਬਾਅ ਦੇ ਵਿਆਪਕ ਸੈਨਿਕ ਅਭਿਆਨ ਦਾ ਹਿੱਸਾ ਹਨ। ਵੱਖ-ਵੱਖ ਮੁਲਾਂਕਣਾਂ ਅਤੇ ਸੈਟੇਲਾਈਟ ਤਸਵੀਰਾਂ ਅਨੁਸਾਰ ਸੰਘਰਸ਼ ਵਧਣ ਤੋਂ ਬਾਅਦ ਈਰਾਨ ਦੇ 50 ਤੋਂ ਵੱਧ ਫੌਜੀ ਟਿਕਾਣਿਆਂ ਨੂੰ ਨੁਕਸਾਨ ਪਹੁੰਚਣ ਦੇ ਦਾਅਵੇ ਕੀਤੇ ਗਏ ਹਨ, ਜਿਨ੍ਹਾਂ ਵਿੱਚ ਆਈ.ਆਰ.ਜੀ.ਸੀ. ਦੇ ਮੁੱਖ ਦਫ਼ਤਰ ਅਤੇ ਮਿਜ਼ਾਈਲ ਸਥਾਪਨਾਵਾਂ ਵੀ ਸ਼ਾਮਲ ਹਨ।

ਦੂਜੇ ਪਾਸੇ ਈਰਾਨ ਨੇ ਅਮਰੀਕੀ ਹਮਲਿਆਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਜਵਾਬੀ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ। ਈਰਾਨੀ ਅਧਿਕਾਰੀਆਂ ਨੇ ਕਿਹਾ ਹੈ ਕਿ ਜਿੱਥੇ ਅਮਰੀਕੀ ਫੌਜੀ ਮੌਜੂਦਗੀ ਹੈ, ਉੱਥੇ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ। ਇਸ ਦੇ ਨਾਲ ਹੀ ਈਰਾਨ ਨੇ ਮੱਧ ਪੂਰਬ ਵਿੱਚ ਅਮਰੀਕੀ ਟਿਕਾਣਿਆਂ 'ਤੇ ਆਪਣੀਆਂ ਕਾਰਵਾਈਆਂ ਦੇ ਵੀ ਦਾਅਵੇ ਕੀਤੇ ਹਨ, ਹਾਲਾਂਕਿ ਹਾਨੀ ਅਤੇ ਨੁਕਸਾਨ ਬਾਰੇ ਸਾਹਮਣੇ ਆਏ ਅੰਕੜਿਆਂ ਦੀ ਸੁਤੰਤਰ ਪੁਸ਼ਟੀ ਨਹੀਂ ਹੋਈ ਹੈ।

ਇਸੇ ਦੌਰਾਨ ਕੂਟਨੀਤਿਕ ਕੋਸ਼ਿਸ਼ਾਂ ਵਿੱਚ ਕੋਈ ਵੱਡੀ ਪ੍ਰਗਤੀ ਨਜ਼ਰ ਨਹੀਂ ਆ ਰਹੀ। ਅਮਰੀਕੀ ਅਧਿਕਾਰੀਆਂ ਵੱਲੋਂ ਸੰਕੇਤ ਦਿੱਤੇ ਗਏ ਹਨ ਕਿ ਈਰਾਨ ਗੱਲਬਾਤ ਵਿੱਚ ਦਿਲਚਸਪੀ ਰੱਖਦਾ ਹੈ, ਪਰ ਨਾਲ ਹੀ ਉਸ 'ਤੇ ਵਧਦੇ ਦਬਾਅ ਦਾ ਵੀ ਜ਼ਿਕਰ ਕੀਤਾ ਗਿਆ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ ਮੱਧ ਪੂਰਬ ਵਿੱਚ ਜਾਰੀ ਇਸ ਟਕਰਾਅ ਦਾ ਅਸਰ ਵਿਸ਼ਵ ਊਰਜਾ ਬਾਜ਼ਾਰਾਂ 'ਤੇ ਵੀ ਪੈ ਰਿਹਾ ਹੈ ਅਤੇ ਖੇਤਰ ਵਿੱਚ ਅਸਥਿਰਤਾ ਕਾਰਨ ਕੱਚੇ ਤੇਲ ਅਤੇ ਈਂਧਨ ਦੀਆਂ ਕੀਮਤਾਂ 'ਤੇ ਦਬਾਅ ਬਣਿਆ ਹੋਇਆ ਹੈ।

ਫਿਲਹਾਲ 22 ਜੁਲਾਈ ਦੇ ਤਾਜ਼ਾ ਹਮਲਿਆਂ ਬਾਰੇ ਵ੍ਹਾਈਟ ਹਾਊਸ ਵੱਲੋਂ ਕੋਈ ਵੱਖਰਾ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ। ਹਾਲਾਂਕਿ ਪੈਂਟਾਗਨ ਪਹਿਲਾਂ ਕਹਿ ਚੁੱਕਾ ਹੈ ਕਿ ਇਹ ਮੁਹਿੰਮ ਖੇਤਰੀ ਸੁਰੱਖਿਆ ਅਤੇ ਅੰਤਰਰਾਸ਼ਟਰੀ ਸਮੁੰਦਰੀ ਆਵਾਜਾਈ ਨੂੰ ਦਰਪੇਸ਼ ਖ਼ਤਰਿਆਂ ਨੂੰ ਘਟਾਉਣ ਲਈ ਚਲਾਈ ਜਾ ਰਹੀ ਹੈ। ਮੱਧ ਪੂਰਬ ਵਿੱਚ ਵਧਦੇ ਤਣਾਅ ਨੂੰ ਦੇਖਦਿਆਂ ਆਉਣ ਵਾਲੇ ਦਿਨਾਂ ਦੀਆਂ ਘਟਨਾਵਾਂ 'ਤੇ ਦੁਨੀਆ ਦੀ ਨਜ਼ਰ ਟਿਕੀ ਹੋਈ ਹੈ।

Published on: 23 Jul 2026

Editor Info

Pushpinder Kaur
publictimes@gmail.com
+91 84278 93668