Wednesday, 19 August 2026
33 ਫੀਸਦੀ ਰਾਖਵੇਂਕਰਨ ਨਾਲ ਸਰਕਾਰੀ ਵਿਭਾਗਾਂ ’ਚ ਮਹਿਲਾਵਾਂ ਦੀ ਭਾਗੀਦਾਰੀ ਨੂੰ ਮਿਲ ਰਿਹਾ ਹੁਲਾਰਾ : ਡਾ. ਬਲਜੀਤ ਕੌਰ

33 ਫੀਸਦੀ ਰਾਖਵੇਂਕਰਨ ਨਾਲ ਸਰਕਾਰੀ ਵਿਭਾਗਾਂ ’ਚ ਮਹਿਲਾਵਾਂ ਦੀ ਭਾਗੀਦਾਰੀ ਨੂੰ ਮਿਲ ਰਿਹਾ ਹੁਲਾਰਾ : ਡਾ. ਬਲਜੀਤ ਕੌਰ

ਪੰਜਾਬ ਪੁਲਿਸ ਅਕੈਡਮੀ ਫਿਲੌਰ ਵਿਖੇ ‘ਮੇਨ ਸਟ੍ਰੀਮਿੰਗ ਆਫ਼ ਵੁਮੈਨ ਇਨ ਪੰਜਾਬ ਪੁਲਿਸ’ ਵਿਸ਼ੇ ’ਤੇ ਲਿੰਗ ਸੰਵੇਦਨਸ਼ੀਲਤਾ ਸਿਖ਼ਲਾਈ ਪ੍ਰੋਗਰਾਮ

384 ਪੁਲਿਸ ਥਾਣਿਆਂ ਦੇ 2,000 ਤੋਂ ਵੱਧ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਹਿੱਸਾ, 60 ਪੁਲਿਸ ਅਧਿਕਾਰੀ ਮਾਸਟਰ ਟ੍ਰੇਨਰ ਵਜੋਂ ਤਿਆਰ

ਫਿਲੌਰ (ਜਲੰਧਰ), 19 ਅਗਸਤ: ਪੰਜਾਬ ਦੀ ਸਮਾਜਿਕ ਨਿਆਂ, ਅਧਿਕਾਰਤਾ, ਘੱਟ ਗਿਣਤੀ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ ਸਮੇਤ ਸਰਕਾਰੀ ਸੇਵਾਵਾਂ ਵਿੱਚ ਮਹਿਲਾਵਾਂ ਲਈ 33 ਫੀਸਦੀ ਰਾਖਵਾਂਕਰਨ ਲਾਗੂ ਕਰਕੇ ਉਨ੍ਹਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਡਾ. ਬਲਜੀਤ ਕੌਰ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ, ਫਿਲੌਰ ਵਿਖੇ ‘ਮੇਨ ਸਟ੍ਰੀਮਿੰਗ ਆਫ਼ ਵੁਮੈਨ ਇਨ ਪੰਜਾਬ ਪੁਲਿਸ’ ਵਿਸ਼ੇ ’ਤੇ ਕਰਵਾਏ ਗਏ ਤੀਜੇ ਗੇੜ ਦੇ ਲਿੰਗ ਸੰਵੇਦਨਸ਼ੀਲਤਾ ਸਿਖ਼ਲਾਈ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ।

ਇਸ ਮੌਕੇ ਸਪੈਸ਼ਲ ਡੀ.ਜੀ.ਪੀ. ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਗੁਰਪ੍ਰੀਤ ਕੌਰ ਦਿਓ ਅਤੇ ਪੰਜਾਬ ਪੁਲਿਸ ਅਕੈਡਮੀ ਦੀ ਡਾਇਰੈਕਟਰ ਧਨਪ੍ਰੀਤ ਕੌਰ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।

ਮਹਿਲਾਵਾਂ ਨੂੰ ਮਿਲਣ ਬਰਾਬਰ ਮੌਕੇ

ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਮਹਿਲਾਵਾਂ ਨੂੰ ਮੁੱਖ ਧਾਰਾ ਵਿੱਚ ਹੋਰ ਮਜ਼ਬੂਤੀ ਨਾਲ ਲਿਆਉਣ ਲਈ ਕਰਵਾਇਆ ਜਾ ਰਿਹਾ ਇਹ ਸਿਖ਼ਲਾਈ ਪ੍ਰੋਗਰਾਮ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਪੁਰਾਣੇ ਸਮਿਆਂ ਵਿੱਚ ਮਹਿਲਾਵਾਂ ਨੂੰ ਉਹ ਅਧਿਕਾਰ ਅਤੇ ਮੌਕੇ ਨਹੀਂ ਮਿਲਦੇ ਸਨ, ਜਿਨ੍ਹਾਂ ਦੀਆਂ ਉਹ ਹੱਕਦਾਰ ਸਨ, ਪਰ ਹੁਣ ਸਥਿਤੀ ਵਿੱਚ ਲਗਾਤਾਰ ਬਦਲਾਅ ਆ ਰਿਹਾ ਹੈ।

ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਦੇ ਉੱਚ ਅਹੁਦਿਆਂ ’ਤੇ ਮਹਿਲਾ ਅਧਿਕਾਰੀਆਂ ਦੀ ਮੌਜੂਦਗੀ ਇਹ ਦਰਸਾਉਂਦੀ ਹੈ ਕਿ ਪ੍ਰਸ਼ਾਸਨਿਕ ਪ੍ਰਣਾਲੀ ਵਿੱਚ ਮਹਿਲਾਵਾਂ ਦਾ ਯੋਗਦਾਨ ਵਧ ਰਿਹਾ ਹੈ। ਇਸ ਨਾਲ ਲਿੰਗ ਦੇ ਆਧਾਰ ’ਤੇ ਪੱਖਪਾਤ ਵਾਲੀ ਸੋਚ ਨੂੰ ਬਦਲਣ ਵਿੱਚ ਵੀ ਮਦਦ ਮਿਲੀ ਹੈ।

ਡਾ. ਬਲਜੀਤ ਕੌਰ ਨੇ ਕਿਹਾ ਕਿ ਮਹਿਲਾਵਾਂ ਦੀ ਭੂਮਿਕਾ ਨੂੰ ਸਿਰਫ਼ ਘਰ ਤੱਕ ਸੀਮਤ ਕਰਕੇ ਨਹੀਂ ਦੇਖਿਆ ਜਾ ਸਕਦਾ। ਉਹ ਉੱਚ ਅਹੁਦਿਆਂ ’ਤੇ ਰਹਿ ਕੇ ਸਮਾਜ ਅਤੇ ਦੇਸ਼ ਵਿੱਚ ਵੱਡੇ ਬਦਲਾਅ ਲਿਆਉਣ ਦੀ ਸਮਰੱਥਾ ਰੱਖਦੀਆਂ ਹਨ। ਇਸ ਲਈ ਸਮਾਜ ਨੂੰ ਆਪਣੀ ਸੋਚ ਬਦਲਦਿਆਂ ਪੁਰਸ਼ਾਂ ਵਾਂਗ ਮਹਿਲਾਵਾਂ ਨੂੰ ਵੀ ਬਰਾਬਰ ਮੌਕੇ ਮੁਹੱਈਆ ਕਰਵਾਉਣੇ ਚਾਹੀਦੇ ਹਨ।

ਉਨ੍ਹਾਂ ਮਹਿਲਾਵਾਂ ਨੂੰ ਆਪਣੇ ਅੰਦਰ ਆਤਮ-ਵਿਸ਼ਵਾਸ ਪੈਦਾ ਕਰਨ, ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਅਤੇ ਦ੍ਰਿੜ੍ਹ ਇਰਾਦੇ ਨਾਲ ਅੱਗੇ ਵਧਣ ਦਾ ਸੱਦਾ ਵੀ ਦਿੱਤਾ।

60 ਪੁਲਿਸ ਅਧਿਕਾਰੀ ਬਣਾਏ ਗਏ ਮਾਸਟਰ ਟ੍ਰੇਨਰ

ਸਪੈਸ਼ਲ ਡੀ.ਜੀ.ਪੀ. ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਗੁਰਪ੍ਰੀਤ ਕੌਰ ਦਿਓ ਨੇ ਦੱਸਿਆ ਕਿ ਇਹ ਸਿਖ਼ਲਾਈ ਪ੍ਰੋਗਰਾਮ ਪੰਜਾਬ ਪੁਲਿਸ ਦੇ ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਵੱਲੋਂ ਜੇ-ਪਾਲ ਸਾਊਥ ਏਸ਼ੀਆ ਅਤੇ ਹਰਟੇਕ ਫਾਊਂਡੇਸ਼ਨ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਵਿਆਪਕ ਇੰਪੈਕਟ ਅਸੈਸਮੈਂਟ ਟ੍ਰੇਨਿੰਗ ਪ੍ਰੋਗਰਾਮ ਦਾ ਹਿੱਸਾ ਹੈ।

ਉਨ੍ਹਾਂ ਦੱਸਿਆ ਕਿ ਦਸੰਬਰ 2025 ਤੋਂ ਚੱਲ ਰਹੀ ਲਿੰਗ ਸੰਵੇਦਨਸ਼ੀਲਤਾ ਸਿਖ਼ਲਾਈ ਦਾ ਇਹ ਤੀਜਾ ਅਤੇ ਆਖ਼ਰੀ ਗੇੜ ਹੈ।

ਇਹ ਪ੍ਰੋਗਰਾਮ ‘ਟ੍ਰੇਨਿੰਗ ਆਫ਼ ਟ੍ਰੇਨਰਜ਼’ ਮਾਡਲ ਤਹਿਤ ਚਲਾਇਆ ਜਾ ਰਿਹਾ ਹੈ। ਇਸ ਤਹਿਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 60 ਪੁਲਿਸ ਅਧਿਕਾਰੀਆਂ ਨੂੰ ਮਾਸਟਰ ਟ੍ਰੇਨਰ ਵਜੋਂ ਤਿਆਰ ਕੀਤਾ ਗਿਆ ਹੈ। ਇਹ ਮਾਸਟਰ ਟ੍ਰੇਨਰ ਪੁਲਿਸ ਸਟੇਸ਼ਨ ਪੱਧਰ ’ਤੇ ਕਰਮਚਾਰੀਆਂ ਨੂੰ ਮਿਆਰੀ ਸਿਖ਼ਲਾਈ ਮਾਡਿਊਲ ਰਾਹੀਂ ਟ੍ਰੇਨਿੰਗ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।

2,000 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੇ ਲਈ ਸਿਖ਼ਲਾਈ

ਸਿਖ਼ਲਾਈ ਪ੍ਰੋਗਰਾਮ ਦੌਰਾਨ ਮਹਾਰਾਸ਼ਟਰ ਕੇਡਰ ਦੇ ਸਾਬਕਾ ਡੀ.ਜੀ.ਪੀ. ਮੀਰਨ ਚੱਢਾ ਬੋਰਵਾਂਕਰ ਅਤੇ ਪੰਜਾਬ ਕੇਡਰ ਦੇ ਸਾਬਕਾ ਡੀ.ਜੀ.ਪੀ. ਆਰ.ਸੀ. ਸਿੰਘ ਨੇ ਵੀ ਵੱਖ-ਵੱਖ ਮਹੱਤਵਪੂਰਨ ਪਹਿਲੂਆਂ ਬਾਰੇ ਜਾਣਕਾਰੀ ਸਾਂਝੀ ਕੀਤੀ।

ਇਸ ਮੌਕੇ ਜੀ.ਜੀ.ਡੀ.ਐਸ.ਡੀ. ਕਾਲਜ ਚੰਡੀਗੜ੍ਹ ਦੇ ਲੋਕ ਸੰਚਾਰ ਵਿਭਾਗ ਵੱਲੋਂ ਘਰੇਲੂ ਹਿੰਸਾ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਵੀ ਦਿਖਾਈ ਗਈ।

ਪ੍ਰੋਗਰਾਮ ਵਿੱਚ ਸੂਬੇ ਦੇ 384 ਪੁਲਿਸ ਥਾਣਿਆਂ ਨਾਲ ਸਬੰਧਤ 2,000 ਤੋਂ ਵੱਧ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਹਿੱਸਾ ਲਿਆ। ਸਿਖ਼ਲਾਈ ਦਾ ਮੁੱਖ ਉਦੇਸ਼ ਪੁਲਿਸ ਪ੍ਰਣਾਲੀ ਵਿੱਚ ਲਿੰਗ ਸੰਵੇਦਨਸ਼ੀਲਤਾ ਨੂੰ ਹੋਰ ਮਜ਼ਬੂਤ ਕਰਨਾ ਅਤੇ ਮਹਿਲਾਵਾਂ ਲਈ ਬਰਾਬਰੀ, ਸਨਮਾਨ ਅਤੇ ਸਮਾਨ ਮੌਕਿਆਂ ਵਾਲਾ ਕਾਰਜਕਾਰੀ ਮਾਹੌਲ ਉਤਸ਼ਾਹਿਤ ਕਰਨਾ ਹੈ।

Published on: 19 Aug 2026

Editor Info

Pushpinder Kaur
publictimes@gmail.com
+91 84278 93668