ਨਵੀਂ ਦਿੱਲੀ, 25 ਜੂਨ: ਲੋਕਾਂ ਨੂੰ "ਡਿਜੀਟਲ ਅਰੇਸਟ" ਦਾ ਡਰ ਦਿਖਾ ਕੇ ਕਰੋੜਾਂ ਰੁਪਏ ਦੀ ਠੱਗੀ ਕਰਨ ਵਾਲੇ ਇੱਕ ਵੱਡੇ ਸੰਗਠਿਤ ਸਾਈਬਰ ਅਪਰਾਧ ਗਿਰੋਹ ਖ਼ਿਲਾਫ਼ ਕੇਂਦਰੀ ਜਾਂਚ ਬਿਊਰੋ (CBI) ਨੇ ਦੇਸ਼ ਭਰ ਵਿੱਚ ਵੱਡੀ ਕਾਰਵਾਈ ਕੀਤੀ ਹੈ। ਏਜੰਸੀ ਨੇ ਆਪਰੇਸ਼ਨ 'ਚੱਕਰ-VI' ਤਹਿਤ 16 ਰਾਜਾਂ ਵਿੱਚ ਇੱਕੋ ਸਮੇਂ 80 ਤੋਂ ਵੱਧ ਟਿਕਾਣਿਆਂ 'ਤੇ ਛਾਪੇਮਾਰੀ ਕਰਕੇ ਇਸ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਗਿਰੋਹ ਸੁਪਰੀਮ ਕੋਰਟ ਦੀ ਅਧਿਕਾਰਤ ਵੈੱਬਸਾਈਟ ਨਾਲ ਮਿਲਦੇ-ਜੁਲਦੇ ਵੈੱਬ ਐਡਰੈੱਸ ਵਾਲੀਆਂ ਜਾਅਲੀ ਵੈੱਬਸਾਈਟਾਂ ਤਿਆਰ ਕਰਕੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਂਦਾ ਸੀ। ਦੋਸ਼ੀ ਆਪਣੇ ਆਪ ਨੂੰ ਕਾਨੂੰਨੀ ਜਾਂਚ ਏਜੰਸੀਆਂ ਦੇ ਅਧਿਕਾਰੀ ਦੱਸਦੇ ਅਤੇ ਫਰਜ਼ੀ ਅਦਾਲਤੀ ਹੁਕਮਾਂ ਤੇ ਜਾਂਚ ਏਜੰਸੀਆਂ ਦੇ ਜਾਅਲੀ ਦਸਤਾਵੇਜ਼ਾਂ ਰਾਹੀਂ ਲੋਕਾਂ ਨੂੰ ਡਰਾ ਕੇ ਵੱਡੀਆਂ ਰਕਮਾਂ ਵਸੂਲਦੇ ਸਨ।
ਇਸ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੀ ਰਜਿਸਟਰੀ ਵੱਲੋਂ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਸ਼ੁਰੂ ਹੋਈ। ਸ਼ਿਕਾਇਤ ਦੇ ਆਧਾਰ 'ਤੇ CBI ਨੇ ਕੇਸ ਦਰਜ ਕਰਕੇ ਤਫ਼ਤੀਸ਼ ਕੀਤੀ, ਜਿਸ ਵਿੱਚ ਪਤਾ ਲੱਗਿਆ ਕਿ ਇਸ ਜਾਅਲੀ ਵੈੱਬਸਾਈਟ ਦੀ ਵਰਤੋਂ 200 ਤੋਂ ਵੱਧ ਸਾਈਬਰ ਠੱਗੀ ਦੇ ਮਾਮਲਿਆਂ ਵਿੱਚ ਕੀਤੀ ਗਈ ਸੀ।
ਇਸ ਵੱਡੇ ਨੈੱਟਵਰਕ ਨੂੰ ਤੋੜਨ ਲਈ CBI ਨੇ 60 ਵਿਸ਼ੇਸ਼ ਟੀਮਾਂ ਬਣਾਈਆਂ, ਜਿਨ੍ਹਾਂ ਨੇ ਪੰਜਾਬ, ਦਿੱਲੀ, ਗੁਜਰਾਤ, ਮਹਾਰਾਸ਼ਟਰ, ਹਰਿਆਣਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਤਮਿਲਨਾਡੂ, ਤੇਲੰਗਾਨਾ, ਆਂਧਰਾ ਪ੍ਰਦੇਸ਼, ਅਸਾਮ, ਪੱਛਮੀ ਬੰਗਾਲ, ਮਣੀਪੁਰ, ਕਰਨਾਟਕ ਅਤੇ ਓਡੀਸ਼ਾ ਸਮੇਤ 16 ਰਾਜਾਂ ਵਿੱਚ ਇੱਕੋ ਸਮੇਂ ਕਾਰਵਾਈ ਕੀਤੀ।
ਛਾਪੇਮਾਰੀ ਦੌਰਾਨ ਚੇਨਈ ਦੇ ਰਹਿਣ ਵਾਲੇ ਬੀ. ਨਰੇਸ਼ ਅਤੇ ਕੋਲਕਾਤਾ ਦੇ ਸੰਜੀਬ ਸਾਹਾ ਨੂੰ ਗ੍ਰਿਫ਼ਤਾਰ ਕੀਤਾ ਗਿਆ। CBI ਅਨੁਸਾਰ ਦੋਵੇਂ ਸ਼ੈੱਲ ਕੰਪਨੀਆਂ ਬਣਾਕੇ ਅਤੇ ਮਿਊਲ ਬੈਂਕ ਖਾਤਿਆਂ ਦੀ ਵਰਤੋਂ ਕਰਕੇ ਠੱਗੀ ਰਾਹੀਂ ਇਕੱਠੀ ਕੀਤੀ ਗਈ ਲਗਭਗ ਦੋ ਕਰੋੜ ਰੁਪਏ ਦੀ ਰਕਮ ਨੂੰ ਵੱਖ-ਵੱਖ ਖਾਤਿਆਂ ਵਿੱਚ ਟਰਾਂਸਫਰ ਕਰਨ ਵਿੱਚ ਸ਼ਾਮਲ ਸਨ।
ਜਾਂਚ ਏਜੰਸੀ ਨੇ ਤਕਨੀਕੀ ਵਿਸ਼ਲੇਸ਼ਣ ਅਤੇ ਡਿਜੀਟਲ ਫੋਰੈਂਸਿਕ ਜਾਂਚ ਰਾਹੀਂ ਇਸ ਸਾਈਬਰ ਨੈੱਟਵਰਕ ਦੇ ਦੇਸ਼ ਅਤੇ ਵਿਦੇਸ਼ ਤੱਕ ਫੈਲੇ ਸੰਬੰਧਾਂ ਦਾ ਵੀ ਪਤਾ ਲਗਾਇਆ ਹੈ। ਸ਼ੁਰੂਆਤੀ ਜਾਂਚ ਤੋਂ ਸੰਕੇਤ ਮਿਲੇ ਹਨ ਕਿ ਗਿਰੋਹ ਨੇ ਸਿਰਫ਼ ਭਾਰਤੀ ਨਾਗਰਿਕਾਂ ਹੀ ਨਹੀਂ, ਸਗੋਂ ਕਈ ਹੋਰ ਦੇਸ਼ਾਂ ਦੇ ਲੋਕਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ।
ਕਾਰਵਾਈ ਦੌਰਾਨ ਵੱਡੀ ਗਿਣਤੀ ਵਿੱਚ ਮੋਬਾਈਲ ਫੋਨ, ਲੈਪਟਾਪ, ਹੋਰ ਡਿਜੀਟਲ ਉਪਕਰਣ, ਬੈਂਕਿੰਗ ਰਿਕਾਰਡ ਅਤੇ ਮਹੱਤਵਪੂਰਨ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਹਨ। ਸਾਰੇ ਇਲੈਕਟ੍ਰਾਨਿਕ ਸਬੂਤਾਂ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ।
ਵਿਦੇਸ਼ੀ ਪੀੜਤਾਂ ਦੀ ਸੰਭਾਵਨਾ ਨੂੰ ਦੇਖਦੇ ਹੋਏ CBI ਅੰਤਰਰਾਸ਼ਟਰੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਵੀ ਜਾਣਕਾਰੀ ਸਾਂਝੀ ਕਰ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਅਜੇ ਜਾਰੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਸੰਗਠਿਤ ਸਾਈਬਰ ਗਿਰੋਹ ਨਾਲ ਜੁੜੇ ਹੋਰ ਵਿਅਕਤੀਆਂ ਦੀਆਂ ਗ੍ਰਿਫ਼ਤਾਰੀਆਂ ਵੀ ਹੋ ਸਕਦੀਆਂ ਹਨ।