ePaper Reading mode

Public Times ePaper

Wednesday, 17 June 2026

ਰਾਏਪੁਰ ਦੀ ਚਾਰੂ ਪਾਂਡੇ ਨੇ ਪਾਸ ਕੀਤੀਆਂ 19 ਕੇਂਦਰੀ ਸਰਕਾਰੀ ਪ੍ਰੀਖਿਆਵਾਂ, ਸੋਸ਼ਲ ਮੀਡੀਆ 'ਤੇ ਛਿੜੀ ਨਵੀਂ ਚਰਚਾ

ਰਾਏਪੁਰ ਦੀ ਚਾਰੂ ਪਾਂਡੇ ਨੇ ਪਾਸ ਕੀਤੀਆਂ 19 ਕੇਂਦਰੀ ਸਰਕਾਰੀ ਪ੍ਰੀਖਿਆਵਾਂ, ਸੋਸ਼ਲ ਮੀਡੀਆ 'ਤੇ ਛਿੜੀ ਨਵੀਂ ਚਰਚਾ

ਪਬਲਿਕ ਟਾਈਮਜ਼ ਬਿਊਰੋ : ਦੇਸ਼ ਵਿੱਚ ਸਰਕਾਰੀ ਨੌਕਰੀ ਹਾਸਲ ਕਰਨਾ ਅੱਜ ਦੇ ਸਮੇਂ ਵਿੱਚ ਬਹੁਤ ਵੱਡੀ ਚੁਣੌਤੀ ਮੰਨੀ ਜਾਂਦੀ ਹੈ। ਲੱਖਾਂ ਨੌਜਵਾਨ ਸਾਲਾਂ ਤੱਕ ਮਿਹਨਤ ਕਰਦੇ ਹਨ, ਪਰ ਹਰ ਕਿਸੇ ਨੂੰ ਸਫਲਤਾ ਨਹੀਂ ਮਿਲਦੀ। ਅਜਿਹੇ ਮਾਹੌਲ ਵਿੱਚ ਛੱਤੀਸਗੜ੍ਹ ਦੇ ਰਾਏਪੁਰ ਦੀ ਰਹਿਣ ਵਾਲੀ ਚਾਰੂ ਪਾਂਡੇ ਨੇ 19 ਵੱਖ-ਵੱਖ ਕੇਂਦਰੀ ਸਰਕਾਰੀ ਪ੍ਰੀਖਿਆਵਾਂ ਪਾਸ ਕਰਕੇ ਇੱਕ ਵਿਲੱਖਣ ਮਿਸਾਲ ਕਾਇਮ ਕੀਤੀ ਹੈ।

ਚਾਰੂ ਪਾਂਡੇ ਨੇ 23 ਸਾਲ ਦੀ ਉਮਰ ਵਿੱਚ ਸਰਕਾਰੀ ਨੌਕਰੀ ਹਾਸਲ ਕਰਨ ਦੇ ਟੀਚੇ ਨਾਲ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਸ਼ੁਰੂ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਐੱਸਐੱਸਸੀ ਸੀਜੀਐੱਲ, ਸੀਐੱਚਐੱਸਐੱਲ, ਐੱਮਟੀਐੱਸ, ਰੇਲਵੇ ਭਰਤੀ ਬੋਰਡ (ਆਰਆਰਬੀ), ਐੱਸਬੀਆਈ ਅਤੇ ਆਈਬੀਪੀਐੱਸ ਸਮੇਤ ਕਈ ਭਰਤੀ ਪ੍ਰੀਖਿਆਵਾਂ ਵਿੱਚ ਹਿੱਸਾ ਲਿਆ।

ਲਗਾਤਾਰ ਮਿਹਨਤ ਅਤੇ ਸਮਰਪਣ ਦੇ ਬਲ 'ਤੇ ਚਾਰੂ ਨੇ ਕੁੱਲ 19 ਕੇਂਦਰੀ ਸਰਕਾਰੀ ਪ੍ਰੀਖਿਆਵਾਂ ਵਿੱਚ ਸਫਲਤਾ ਹਾਸਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਮੁੱਖ ਉਦੇਸ਼ ਸਿਰਫ਼ ਇੱਕ ਸਰਕਾਰੀ ਨੌਕਰੀ ਪ੍ਰਾਪਤ ਕਰਨਾ ਸੀ ਅਤੇ ਉਨ੍ਹਾਂ ਨੇ ਕਦੇ ਇਹ ਨਹੀਂ ਸੋਚਿਆ ਸੀ ਕਿ ਉਹ ਇੰਨੀ ਵੱਡੀ ਗਿਣਤੀ ਵਿੱਚ ਪ੍ਰੀਖਿਆਵਾਂ ਪਾਸ ਕਰ ਲੈਣਗੀਆਂ।

ਚਾਰੂ ਮੁਤਾਬਕ, ਉਨ੍ਹਾਂ ਦੇ ਮਾਤਾ-ਪਿਤਾ ਚਾਹੁੰਦੇ ਸਨ ਕਿ ਗਣਿਤ ਵਿੱਚ ਮਜ਼ਬੂਤ ਪਿਛੋਕੜ ਹੋਣ ਕਾਰਨ ਉਹ ਅਧਿਆਪਨ ਦੇ ਖੇਤਰ ਵਿੱਚ ਆਪਣਾ ਕਰੀਅਰ ਬਣਾਉਣ, ਪਰ ਉਨ੍ਹਾਂ ਨੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦਾ ਰਾਹ ਚੁਣਿਆ।

ਮੌਜੂਦਾ ਸਮੇਂ ਵਿੱਚ ਚਾਰੂ ਪਾਂਡੇ ਭਾਰਤ ਦੇ ਕੰਟਰੋਲਰ ਅਤੇ ਮਹਾਲੇਖਾ ਪਰੀਖਕ (ਸੀਏਜੀ) ਦੇ ਚੇਨਈ ਦਫ਼ਤਰ ਵਿੱਚ ਸਹਾਇਕ ਲੇਖਾ ਪਰੀਖਕ ਵਜੋਂ ਸੇਵਾਵਾਂ ਨਿਭਾ ਰਹੀ ਹੈ। ਉਨ੍ਹਾਂ ਦੀ ਇਸ ਉਪਲਬਧੀ ਲਈ ਉਨ੍ਹਾਂ ਨੂੰ ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਹੋਣ ਵਾਲੇ ਵਿਸ਼ੇਸ਼ ਸਮਾਰੋਹ ਦੌਰਾਨ ਸਨਮਾਨਿਤ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ।

ਹਾਲਾਂਕਿ ਚਾਰੂ ਦੀ ਇਸ ਸਫਲਤਾ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਮਿਲੀ-ਜੁਲੀ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਹਨ। ਇੱਕ ਪਾਸੇ ਲੋਕ ਉਨ੍ਹਾਂ ਦੀ ਮਿਹਨਤ, ਅਨੁਸ਼ਾਸਨ ਅਤੇ ਦ੍ਰਿੜ੍ਹ ਇਰਾਦੇ ਦੀ ਸ਼ਲਾਘਾ ਕਰ ਰਹੇ ਹਨ, ਜਦਕਿ ਦੂਜੇ ਪਾਸੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਇੱਕ ਹੀ ਵਿਅਕਤੀ ਵੱਲੋਂ ਵੱਡੀ ਗਿਣਤੀ ਵਿੱਚ ਪ੍ਰੀਖਿਆਵਾਂ ਪਾਸ ਕਰਨ ਨਾਲ ਹੋਰ ਉਮੀਦਵਾਰਾਂ ਦੇ ਮੌਕੇ ਪ੍ਰਭਾਵਿਤ ਹੋ ਸਕਦੇ ਹਨ।

ਇਸ ਮਾਮਲੇ ਨੇ ਇੱਕ ਵਾਰ ਫਿਰ ਸਰਕਾਰੀ ਭਰਤੀ ਪ੍ਰਣਾਲੀ, ਉਡੀਕ ਸੂਚੀ ਅਤੇ ਪ੍ਰੀਖਿਆ ਪ੍ਰਕਿਰਿਆ ਨੂੰ ਲੈ ਕੇ ਨਵੀਂ ਬਹਿਸ ਨੂੰ ਜਨਮ ਦੇ ਦਿੱਤਾ ਹੈ।