ePaper Reading mode

Public Times ePaper

Wednesday, 05 August 2026

ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਦੀ ਨਿਵੇਕਲੀ ਪਹਿਲ, ਸਵੈ-ਸਹਾਇਤਾ ਸਮੂਹਾਂ ਦੀਆਂ ਮਹਿਲਾਵਾਂ ਨੂੰ ਮਿਲੇ 9 ਈ-ਕਾਰਟ

ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਦੀ ਨਿਵੇਕਲੀ ਪਹਿਲ, ਸਵੈ-ਸਹਾਇਤਾ ਸਮੂਹਾਂ ਦੀਆਂ ਮਹਿਲਾਵਾਂ ਨੂੰ ਮਿਲੇ 9 ਈ-ਕਾਰਟ

ਵੇਰਕਾ ਦੇ ਸਹਿਯੋਗ ਨਾਲ ਆਈਸਕ੍ਰੀਮ ਵਿਕਰੀ ਰਾਹੀਂ ਪੇਂਡੂ ਮਹਿਲਾਵਾਂ ਨੂੰ ਸਵੈ-ਰੋਜ਼ਗਾਰ ਦੇ ਮੌਕੇ

ਜਲੰਧਰ, 4 ਅਗਸਤ: ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਪੇਂਡੂ ਖੇਤਰਾਂ ਦੀਆਂ ਲੋੜਵੰਦ ਮਹਿਲਾਵਾਂ ਨੂੰ ਆਰਥਿਕ ਤੌਰ 'ਤੇ ਸਸ਼ਕਤ ਬਣਾਉਣ ਅਤੇ ਸਵੈ-ਰੋਜ਼ਗਾਰ ਨੂੰ ਉਤਸ਼ਾਹਿਤ ਕਰਨ ਲਈ ਇੱਕ ਨਿਵੇਕਲੀ ਪਹਿਲ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ (ਪੀ.ਐੱਸ.ਆਰ.ਐਲ.ਐੱਮ.) ਅਧੀਨ ਬਣੇ ਸਵੈ-ਸਹਾਇਤਾ ਸਮੂਹਾਂ ਦੀਆਂ ਮਹਿਲਾਵਾਂ ਨੂੰ ਆਈਸਕ੍ਰੀਮ ਵਿਕਰੀ ਲਈ ਬੈਟਰੀ ਨਾਲ ਚੱਲਣ ਵਾਲੇ 9 ਈ-ਕਾਰਟ (ਫ੍ਰੀਜ਼ਰ ਆਨ ਵ੍ਹੀਲਜ਼) ਮੁਹੱਈਆ ਕਰਵਾਏ ਗਏ।

ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦਿਵਿਆ ਪੀ. ਨੇ ਦੱਸਿਆ ਕਿ ਇਹ ਯੋਜਨਾ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਤੇ ਵੇਰਕਾ ਦੇ ਸਾਂਝੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ। ਇਸ ਦਾ ਉਦੇਸ਼ ਮਹਿਲਾਵਾਂ ਨੂੰ ਪਿੰਡਾਂ ਅਤੇ ਸਥਾਨਕ ਬਾਜ਼ਾਰਾਂ ਵਿੱਚ ਆਈਸਕ੍ਰੀਮ ਦੀ ਵਿਕਰੀ ਰਾਹੀਂ ਸਥਾਈ ਆਮਦਨ ਦਾ ਸਾਧਨ ਮੁਹੱਈਆ ਕਰਵਾਉਣਾ ਹੈ।

ਬਿਨਾਂ ਵਿਆਜ ਦੇ ਕਰਜ਼ੇ ਨਾਲ ਮਿਲੀ ਰੋਜ਼ਗਾਰ ਦੀ ਰਾਹ

ਉਨ੍ਹਾਂ ਦੱਸਿਆ ਕਿ ਇਸ ਪਹਿਲਕਦਮੀ ਤਹਿਤ ਯੋਗ ਸਵੈ-ਸਹਾਇਤਾ ਸਮੂਹਾਂ ਦੇ ਮੈਂਬਰਾਂ ਨੂੰ ਈ-ਕਾਰਟ ਖਰੀਦਣ ਲਈ ਬਿਨਾਂ ਵਿਆਜ ਦੇ ਸਸਤੇ ਕਰਜ਼ੇ ਦੀ ਸਹੂਲਤ ਦਿੱਤੀ ਗਈ ਹੈ। ਇਸ ਨਾਲ ਸਮੂਹਾਂ ਨਾਲ ਜੁੜੀਆਂ ਮਹਿਲਾਵਾਂ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਆਪਣਾ ਕਾਰੋਬਾਰ ਸ਼ੁਰੂ ਕਰਕੇ ਪਰਿਵਾਰ ਦੀ ਆਮਦਨ ਵਿੱਚ ਵਾਧਾ ਕਰ ਸਕਣਗੇ।

ਚਲਦੇ-ਫਿਰਦੇ ਸਟੋਰ ਬਣਨਗੇ ਈ-ਕਾਰਟ

ਵਧੀਕ ਡਿਪਟੀ ਕਮਿਸ਼ਨਰ ਨੇ ਲਾਭਪਾਤਰੀ ਮਹਿਲਾਵਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਯੋਜਨਾ ਦਾ ਮੁੱਖ ਮਕਸਦ ਗ੍ਰਾਮੀਣ ਪਰਿਵਾਰਾਂ ਨੂੰ ਖੁਦ ਦਾ ਉੱਦਮੀ ਬਣਾਉਣਾ ਹੈ।

ਉਨ੍ਹਾਂ ਕਿਹਾ ਕਿ ਇਹ ਈ-ਕਾਰਟ ਚਲਦੇ-ਫਿਰਦੇ ਸਟੋਰ ਵਜੋਂ ਕੰਮ ਕਰਨਗੇ, ਜਿਸ ਨਾਲ ਮਹਿਲਾਵਾਂ ਨੂੰ ਆਪਣੇ ਹੀ ਇਲਾਕੇ ਵਿੱਚ ਰੋਜ਼ਗਾਰ ਦੇ ਬਿਹਤਰ ਮੌਕੇ ਮਿਲਣਗੇ ਅਤੇ ਉਹ ਆਰਥਿਕ ਤੌਰ 'ਤੇ ਹੋਰ ਮਜ਼ਬੂਤ ਬਣ ਸਕਣਗੀਆਂ।

ਇਹ ਅਧਿਕਾਰੀ ਵੀ ਰਹੇ ਮੌਜੂਦ

ਇਸ ਮੌਕੇ ਵੇਰਕਾ ਦੇ ਜਨਰਲ ਮੈਨੇਜਰ ਹਰਮਿੰਦਰ ਸਿੰਘ ਸੰਧੂ, ਡੀ.ਪੀ.ਐਮ. ਸੁਖਵੰਤ ਕੌਰ, ਡੀ.ਐੱਫ.ਐੱਮ. ਕੋਮਲ ਕਸ਼ਯਪ, ਲੇਖਾਕਾਰ ਵਿਕਾਸ ਬਖਸ਼ੀ ਅਤੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਦਾ ਬਲਾਕ ਪੱਧਰੀ ਸਟਾਫ ਵੀ ਹਾਜ਼ਰ ਸੀ।

ਇਸ ਪਹਿਲਕਦਮੀ ਨੂੰ ਪੇਂਡੂ ਮਹਿਲਾਵਾਂ ਦੇ ਆਰਥਿਕ ਸਸ਼ਕਤੀਕਰਨ ਅਤੇ ਸਵੈ-ਰੋਜ਼ਗਾਰ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।