ePaper Reading mode

Public Times ePaper

Thursday, 03 September 2026

‘ਮਿਸ਼ਨ ਕਲੀਨ ਪੰਜਾਬ’ ਤਹਿਤ ਆਦਮਪੁਰ ’ਚ ਸਫ਼ਾਈ ਮੁਹਿੰਮ ਦਾ ਪਵਨ ਕੁਮਾਰ ਟੀਨੂੰ ਨੇ ਲਿਆ ਜਾਇਜ਼ਾ

‘ਮਿਸ਼ਨ ਕਲੀਨ ਪੰਜਾਬ’ ਤਹਿਤ ਆਦਮਪੁਰ ’ਚ ਸਫ਼ਾਈ ਮੁਹਿੰਮ ਦਾ ਪਵਨ ਕੁਮਾਰ ਟੀਨੂੰ ਨੇ ਲਿਆ ਜਾਇਜ਼ਾ

ਕਿਹਾ—ਸਫ਼ਾਈ ਸਿਰਫ਼ ਸਰਕਾਰ ਜਾਂ ਸਫ਼ਾਈ ਕਰਮੀਆਂ ਦੀ ਨਹੀਂ, ਸਗੋਂ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ; ਲੋਕਾਂ ਨੂੰ ਮੁਹਿੰਮ ਨਾਲ ਜੁੜਨ ਦੀ ਅਪੀਲ

ਆਦਮਪੁਰ (ਜਲੰਧਰ), 3 ਸਤੰਬਰ: ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਸਾਫ਼-ਸੁਥਰਾ ਅਤੇ ਵਾਤਾਵਰਣ ਪੱਖੋਂ ਬਿਹਤਰ ਬਣਾਉਣ ਲਈ ਸ਼ੁਰੂ ਕੀਤੇ ਗਏ ‘ਮਿਸ਼ਨ ਕਲੀਨ ਪੰਜਾਬ’ ਤਹਿਤ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਪਵਨ ਕੁਮਾਰ ਟੀਨੂੰ ਨੇ ਬੁੱਧਵਾਰ ਨੂੰ ਹਲਕਾ ਆਦਮਪੁਰ ਵਿੱਚ ਚੱਲ ਰਹੀ ਸਫ਼ਾਈ ਮੁਹਿੰਮ ਦਾ ਜਾਇਜ਼ਾ ਲਿਆ।

ਸਥਾਨਕ ਬੱਸ ਸਟੈਂਡ ਸਮੇਤ ਵੱਖ-ਵੱਖ ਥਾਵਾਂ ’ਤੇ ਚੱਲ ਰਹੇ ਸਫ਼ਾਈ ਕਾਰਜਾਂ ਦਾ ਨਿਰੀਖਣ ਕਰਦਿਆਂ ਟੀਨੂੰ ਨੇ ਕਿਹਾ ਕਿ 29 ਅਗਸਤ ਤੋਂ ਸ਼ੁਰੂ ਹੋਈ ਇਸ 10 ਦਿਨਾਂ ਮੁਹਿੰਮ ਦਾ ਮੁੱਖ ਉਦੇਸ਼ ਖੁੱਲ੍ਹੇ ਵਿੱਚ ਕੂੜੇ ਦੇ ਢੇਰਾਂ ਵਾਲੀਆਂ ਥਾਵਾਂ (Garbage Vulnerable Points—GVPs) ਨੂੰ ਖ਼ਤਮ ਕਰਨਾ, ਉੱਥੇ ਮੁੜ ਕੂੜਾ ਇਕੱਠਾ ਹੋਣ ਤੋਂ ਰੋਕਣਾ ਅਤੇ ਲੋਕਾਂ ਵਿੱਚ ਸਫ਼ਾਈ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ।

‘ਲੋਕਾਂ ਦੀ ਭਾਗੀਦਾਰੀ ਤੋਂ ਬਿਨਾਂ ਸਫ਼ਾਈ ਮੁਹਿੰਮ ਸਫ਼ਲ ਨਹੀਂ ਹੋ ਸਕਦੀ’

ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਸਫ਼ਾਈ ਸਿਰਫ਼ ਸਰਕਾਰ ਜਾਂ ਸਫ਼ਾਈ ਕਰਮੀਆਂ ਦੀ ਜ਼ਿੰਮੇਵਾਰੀ ਨਹੀਂ, ਸਗੋਂ ਇਹ ਸਮਾਜ ਦੇ ਹਰ ਵਿਅਕਤੀ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਲੋਕਾਂ ਨੂੰ ਸਾਫ਼-ਸਫ਼ਾਈ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਅਤੇ ਪੰਜਾਬ ਸਰਕਾਰ ਵੱਲੋਂ ਸ਼ਹਿਰਾਂ ਤੇ ਪਿੰਡਾਂ ਨੂੰ ਸਾਫ਼ ਰੱਖਣ ਲਈ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ ਅਜਿਹੀਆਂ ਮੁਹਿੰਮਾਂ ਉਦੋਂ ਹੀ ਸਫ਼ਲ ਹੋ ਸਕਦੀਆਂ ਹਨ ਜਦੋਂ ਸਰਕਾਰੀ ਏਜੰਸੀਆਂ ਅਤੇ ਆਮ ਲੋਕ ਮਿਲ ਕੇ ਕੰਮ ਕਰਨ।

ਖੁੱਲ੍ਹੇ ’ਚ ਕੂੜਾ ਨਾ ਸੁੱਟਣ ਦੀ ਅਪੀਲ

ਚੇਅਰਮੈਨ ਨੇ ਸ਼ਹਿਰ ਵਾਸੀਆਂ ਨੂੰ ਘਰੇਲੂ ਕੂੜੇ ਦਾ ਢੁੱਕਵੇਂ ਢੰਗ ਨਾਲ ਨਿਪਟਾਰਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਕੂੜਾ-ਕਰਕਟ ਸੜਕਾਂ, ਖਾਲੀ ਥਾਵਾਂ ਜਾਂ ਖੁੱਲ੍ਹੇ ਵਿੱਚ ਨਾ ਸੁੱਟਿਆ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਸਫ਼ਾਈ ਕਰਮੀਆਂ ਵੱਲੋਂ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਸਫ਼ਲ ਬਣਾਇਆ ਜਾ ਸਕਦਾ ਹੈ।

ਟੀਨੂੰ ਨੇ ਲੋਕਾਂ ਨੂੰ ਆਪਣੇ ਆਲੇ-ਦੁਆਲੇ ਚੱਲ ਰਹੀਆਂ ਸਫ਼ਾਈ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੇ ਨਾਲ ਹੋਰਨਾਂ ਨੂੰ ਵੀ ਸਫ਼ਾਈ ਮੁਹਿੰਮ ਨਾਲ ਜੁੜਨ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ।

ਇਸ ਮੌਕੇ ਨਗਰ ਕੌਂਸਲਰ ਚਰਨਜੀਤ ਸਿੰਘ ਸ਼ੇਰੀ, ਪਵਿੱਤਰ ਸਿੰਘ, ਦਵਿੰਦਰ ਸਿੰਘ ਸੂਰੀ, ਜੋਗਿੰਦਰ ਪਾਲ ਅਤੇ ਬਿਕਰਮ ਬੱਧਣ, ਕਾਰਜ ਸਾਧਕ ਅਫ਼ਸਰ ਰਾਜੀਵ ਓਬਰਾਏ, ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੀਰਤ ਸਿੰਘ ਨਿੱਝਰ, ਪੰਕਜ ਹਨੀ, ਰਾਕੇਸ਼ ਅਗਰਵਾਲ, ਤਨੁਜ, ਲਖਨ ਬਾਹਰੀ ਸਮੇਤ ਸਫ਼ਾਈ ਕਰਮੀ ਅਤੇ ਹੋਰ ਪਤਵੰਤੇ ਮੌਜੂਦ ਸਨ।