ePaper Reading mode

Public Times ePaper

Tuesday, 30 June 2026

ਕੇਂਦਰ ਨੇ ਪੈਟਰੋਲ-ਡੀਜ਼ਲ ਦੀ ਵਿਕਰੀ 'ਤੇ ਲੱਗੀਆਂ ਅਸਥਾਈ ਪਾਬੰਦੀਆਂ ਹਟਾਈਆਂ, 1 ਜੁਲਾਈ ਤੋਂ ਮੁੜ ਆਮ ਸਪਲਾਈ

ਕੇਂਦਰ ਨੇ ਪੈਟਰੋਲ-ਡੀਜ਼ਲ ਦੀ ਵਿਕਰੀ 'ਤੇ ਲੱਗੀਆਂ ਅਸਥਾਈ ਪਾਬੰਦੀਆਂ ਹਟਾਈਆਂ, 1 ਜੁਲਾਈ ਤੋਂ ਮੁੜ ਆਮ ਸਪਲਾਈ

ਨਵੀਂ ਦਿੱਲੀ, 30 ਜੂਨ: ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ 'ਤੇ ਲਗਾਈਆਂ ਅਸਥਾਈ ਪਾਬੰਦੀਆਂ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ। ਇਸ ਨਾਲ 1 ਜੁਲਾਈ ਤੋਂ ਦੇਸ਼ ਭਰ ਦੇ ਪੈਟਰੋਲ ਪੰਪਾਂ 'ਤੇ ਈਂਧਨ ਦੀ ਵਿਕਰੀ ਪਹਿਲਾਂ ਵਾਂਗ ਆਮ ਤਰੀਕੇ ਨਾਲ ਹੋਵੇਗੀ।

ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਵੱਲੋਂ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਪੱਤਰ ਜਾਰੀ ਕਰਕੇ ਇਸ ਫ਼ੈਸਲੇ ਦੀ ਜਾਣਕਾਰੀ ਦਿੱਤੀ ਗਈ ਹੈ। ਮੰਤਰਾਲੇ ਨੇ ਕਿਹਾ ਹੈ ਕਿ ਹੁਣ ਪੈਟਰੋਲ ਪੰਪਾਂ 'ਤੇ ਤੇਲ ਦੀ ਵਿਕਰੀ ਲਈ ਲਗਾਈਆਂ ਗਈਆਂ ਅਸਥਾਈ ਹੱਦਾਂ ਖਤਮ ਕਰ ਦਿੱਤੀਆਂ ਗਈਆਂ ਹਨ।

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ 12 ਜੂਨ ਨੂੰ ਵਿਸ਼ਵ ਪੱਧਰ 'ਤੇ ਕੱਚੇ ਤੇਲ ਦੀ ਸਪਲਾਈ ਵਿੱਚ ਆਈਆਂ ਰੁਕਾਵਟਾਂ ਨੂੰ ਦੇਖਦਿਆਂ ਦੇਸ਼ ਵਿੱਚ ਈਂਧਨ ਦੀ ਸੰਭਾਵਿਤ ਘਾਟ ਨੂੰ ਰੋਕਣ ਲਈ ਇਹ ਪਾਬੰਦੀਆਂ ਲਾਗੂ ਕੀਤੀਆਂ ਸਨ। ਇਸ ਦਾ ਉਦੇਸ਼ ਤੇਲ ਦੀ ਜਮ੍ਹਾਂਖੋਰੀ ਅਤੇ ਕਾਲਾਬਾਜ਼ਾਰੀ ਨੂੰ ਰੋਕਣਾ ਵੀ ਸੀ।

ਇਨ੍ਹਾਂ ਅਸਥਾਈ ਪ੍ਰਬੰਧਾਂ ਅਧੀਨ ਹਾਈ ਸਪੀਡ ਡੀਜ਼ਲ ਦੀ ਵਿਕਰੀ ਲਈ ਪ੍ਰਤੀ ਗਾਹਕ ਪ੍ਰਤੀ ਦਿਨ ਵੱਧ ਤੋਂ ਵੱਧ 200 ਲਿਟਰ ਦੀ ਸੀਮਾ ਨਿਰਧਾਰਤ ਕੀਤੀ ਗਈ ਸੀ। ਇਹ ਨਿਯਮ ਦੇਸ਼ ਭਰ ਦੇ ਪੈਟਰੋਲ ਪੰਪਾਂ 'ਤੇ ਲਾਗੂ ਕੀਤਾ ਗਿਆ ਸੀ ਤਾਂ ਜੋ ਹਰ ਖਪਤਕਾਰ ਨੂੰ ਲੋੜ ਅਨੁਸਾਰ ਈਂਧਨ ਉਪਲਬਧ ਕਰਵਾਇਆ ਜਾ ਸਕੇ।

ਹੁਣ ਸਰਕਾਰ ਵੱਲੋਂ ਪਾਬੰਦੀਆਂ ਹਟਾਏ ਜਾਣ ਤੋਂ ਬਾਅਦ ਵਾਹਨ ਚਾਲਕਾਂ, ਟਰਾਂਸਪੋਰਟ ਖੇਤਰ ਅਤੇ ਉਦਯੋਗਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ। ਨਾਲ ਹੀ, ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਵੀ ਪਹਿਲਾਂ ਵਾਂਗ ਸੁਚਾਰੂ ਢੰਗ ਨਾਲ ਜਾਰੀ ਰਹੇਗੀ।