ePaper Reading mode

Public Times ePaper

Friday, 31 July 2026

ਕਾਮਨਵੈਲਥ ਖੇਡਾਂ: ਸੀਮਾ ਕਾਲੀਰਾਮਨਾ ਨੇ ਡਿਸਕਸ ਥਰੋ ਵਿੱਚ ਜਿੱਤਿਆ ਕਾਂਸੀ ਦਾ ਤਗਮਾ, ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ

ਕਾਮਨਵੈਲਥ ਖੇਡਾਂ: ਸੀਮਾ ਕਾਲੀਰਾਮਨਾ ਨੇ ਡਿਸਕਸ ਥਰੋ ਵਿੱਚ ਜਿੱਤਿਆ ਕਾਂਸੀ ਦਾ ਤਗਮਾ, ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ

58.65 ਮੀਟਰ ਦੀ ਸਰਵੋਤਮ ਥਰੋ ਨਾਲ ਭਾਰਤ ਲਈ ਜਿੱਤਿਆ ਕਾਂਸੀ, ਹਰਿਆਣਾ ਦੀ ਧੀ ਨੇ ਵਧਾਇਆ ਦੇਸ਼ ਦਾ ਮਾਣ

ਗਲਾਸਗੋ, 31 ਜੁਲਾਈ: ਕਾਮਨਵੈਲਥ ਖੇਡਾਂ 2026 ਵਿੱਚ ਭਾਰਤ ਦੀ ਡਿਸਕਸ ਥਰੋਅਰ ਸੀਮਾ ਕਾਲੀਰਾਮਨਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਹਿਲਾਵਾਂ ਦੇ ਡਿਸਕਸ ਥਰੋ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤ ਲਿਆ। ਉਨ੍ਹਾਂ ਦੀ ਇਸ ਉਪਲਬਧੀ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸਫ਼ਲਤਾ ਨੇ ਦੇਸ਼ ਦਾ ਮਾਣ ਵਧਾਇਆ ਹੈ ਅਤੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (X) 'ਤੇ ਲਿਖਿਆ ਕਿ ਸੀਮਾ ਨੇ 58.65 ਮੀਟਰ ਦੀ ਸਰਵੋਤਮ ਥਰੋ ਨਾਲ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਨੂੰ ਮਾਣ ਮਹਿਸੂਸ ਕਰਵਾਇਆ ਹੈ। ਉਨ੍ਹਾਂ ਨੇ ਸੀਮਾ ਦੇ ਭਵਿੱਖ ਲਈ ਵੀ ਸ਼ੁਭਕਾਮਨਾਵਾਂ ਦਿੱਤੀਆਂ।

ਦੂਜੀ ਕੋਸ਼ਿਸ਼ ਵਿੱਚ ਕੀਤਾ ਜੇਤੂ ਪ੍ਰਦਰਸ਼ਨ

ਸਕੌਟਸਟਾਊਨ ਸਟੇਡੀਅਮ ਵਿੱਚ ਹੋਏ ਫਾਈਨਲ ਦੌਰਾਨ ਸੀਮਾ ਨੇ ਸ਼ੁਰੂਆਤੀ ਫਾਊਲ ਤੋਂ ਬਾਅਦ ਦੂਜੀ ਕੋਸ਼ਿਸ਼ ਵਿੱਚ 57.32 ਮੀਟਰ ਅਤੇ ਤੀਜੀ ਕੋਸ਼ਿਸ਼ ਵਿੱਚ 58.65 ਮੀਟਰ ਦੀ ਥਰੋ ਕੀਤੀ, ਜੋ ਉਨ੍ਹਾਂ ਦਾ ਸਰਵੋਤਮ ਪ੍ਰਦਰਸ਼ਨ ਰਿਹਾ। ਇਸ ਤੋਂ ਬਾਅਦ ਉਨ੍ਹਾਂ ਦੀਆਂ ਤਿੰਨੋਂ ਕੋਸ਼ਿਸ਼ਾਂ ਫਾਊਲ ਰਹੀਆਂ, ਪਰ ਕੋਈ ਵੀ ਮੁਕਾਬਲੇਬਾਜ਼ ਉਨ੍ਹਾਂ ਦੇ ਅੰਕੜੇ ਨੂੰ ਪਾਰ ਨਾ ਕਰ ਸਕਿਆ ਅਤੇ ਉਹ ਕਾਂਸੀ ਦਾ ਤਗਮਾ ਜਿੱਤਣ ਵਿੱਚ ਕਾਮਯਾਬ ਰਹੀ।

ਜਮਾਇਕਾ ਦੀ ਸਮਾਂਥਾ ਹਾਲ ਨੇ 61.66 ਮੀਟਰ ਦੀ ਥਰੋ ਨਾਲ ਸੋਨ ਤਗਮਾ ਜਿੱਤਿਆ, ਜਦਕਿ ਕੈਨੇਡਾ ਦੀ ਜੂਲੀਆ ਟੰਕਸ ਨੇ 60.67 ਮੀਟਰ ਨਾਲ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ। ਭਾਰਤ ਦੀ ਹੀ ਨਿਧੀ ਰਾਣੀ 57.10 ਮੀਟਰ ਦੀ ਸਰਵੋਤਮ ਥਰੋ ਨਾਲ ਚੌਥੇ ਸਥਾਨ 'ਤੇ ਰਹੀ।

ਭਾਰਤ ਲਈ ਇਤਿਹਾਸਕ ਉਪਲਬਧੀ

ਇਹ ਸੀਮਾ ਕਾਲੀਰਾਮਨਾ ਦਾ ਪਹਿਲਾ ਕਾਮਨਵੈਲਥ ਖੇਡਾਂ ਦਾ ਤਗਮਾ ਹੈ। ਮਹਿਲਾਵਾਂ ਦੇ ਡਿਸਕਸ ਥਰੋ ਮੁਕਾਬਲੇ ਵਿੱਚ ਇਹ ਭਾਰਤ ਦਾ ਕੁੱਲ ਨੌਵਾਂ ਤਗਮਾ ਹੈ, ਜਦਕਿ ਸੀਮਾ ਇਸ ਈਵੈਂਟ ਵਿੱਚ ਤਗਮਾ ਜਿੱਤਣ ਵਾਲੀ ਛੇਵੀਂ ਭਾਰਤੀ ਖਿਡਾਰਨ ਬਣ ਗਈ ਹੈ।

ਸੰਘਰਸ਼ ਅਤੇ ਹੌਸਲੇ ਦੀ ਮਿਸਾਲ

ਹਰਿਆਣਾ ਨਾਲ ਸਬੰਧਤ 27 ਸਾਲਾ ਸੀਮਾ ਕਾਲੀਰਾਮਨਾ ਦੀ ਸਫ਼ਲਤਾ ਸਿਰਫ਼ ਖੇਡ ਮੈਦਾਨ ਤੱਕ ਹੀ ਸੀਮਤ ਨਹੀਂ ਹੈ। ਉਹ ਇੱਕ ਤਿੰਨ ਸਾਲ ਦੇ ਬੱਚੇ ਦੀ ਮਾਂ ਹੋਣ ਦੇ ਨਾਲ-ਨਾਲ ਪੀਐੱਚ.ਡੀ. ਦੀ ਵਿਦਿਆਰਥਣ ਵੀ ਹਨ। ਗਰਭ ਅਵਸਥਾ ਤੋਂ ਬਾਅਦ ਆਰਥਰਾਈਟਿਸ ਵਰਗੀ ਸਮੱਸਿਆ ਨਾਲ ਜੂਝਣ ਦੇ ਬਾਵਜੂਦ ਉਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਵਾਪਸੀ ਕਰਦਿਆਂ 2025 ਦੀਆਂ ਰਾਸ਼ਟਰੀ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਸੀ।

ਉਨ੍ਹਾਂ ਦੀ ਇਹ ਕਾਮਯਾਬੀ ਭਾਰਤ ਵਿੱਚ ਫੀਲਡ ਈਵੈਂਟਸ ਵਿੱਚ ਵਧਦੀ ਮਜ਼ਬੂਤੀ ਦਾ ਪ੍ਰਤੀਕ ਹੈ ਅਤੇ ਉਹ ਨੌਜਵਾਨ ਖਿਡਾਰੀਆਂ ਲਈ ਪ੍ਰੇਰਣਾ ਬਣ ਕੇ ਉਭਰੀ ਹੈ ਕਿ ਦ੍ਰਿੜ ਇਰਾਦੇ ਅਤੇ ਮਿਹਨਤ ਨਾਲ ਹਰ ਚੁਣੌਤੀ ਨੂੰ ਪਾਰ ਕੀਤਾ ਜਾ ਸਕਦਾ ਹੈ।

ਕਾਮਨਵੈਲਥ ਖੇਡਾਂ 2026 ਵਿੱਚ ਸੀਮਾ ਕਾਲੀਰਾਮਨਾ ਦੇ ਇਸ ਤਗਮੇ ਨਾਲ ਭਾਰਤ ਦੀ ਕੁੱਲ ਤਗਮਾ ਗਿਣਤੀ ਵਿੱਚ ਹੋਰ ਵਾਧਾ ਹੋਇਆ ਹੈ ਅਤੇ ਭਾਰਤੀ ਐਥਲੈਟਿਕਸ ਨੂੰ ਇੱਕ ਹੋਰ ਯਾਦਗਾਰ ਸਫ਼ਲਤਾ ਮਿਲੀ ਹੈ।