ePaper Reading mode

Public Times ePaper

Thursday, 13 August 2026

ਜਲੰਧਰ ’ਚ ਇਨੋਸੈਂਟ ਹਾਰਟਸ ਪੰਜਾਬ ਸਟੇਟ ਸੀਨੀਅਰ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਦਾ ਆਗਾਜ਼

ਜਲੰਧਰ ’ਚ ਇਨੋਸੈਂਟ ਹਾਰਟਸ ਪੰਜਾਬ ਸਟੇਟ ਸੀਨੀਅਰ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਦਾ ਆਗਾਜ਼

ਪੰਜਾਬ ਦੇ 23 ਜ਼ਿਲ੍ਹਿਆਂ ਤੋਂ 300 ਖਿਡਾਰੀ ਲੈ ਰਹੇ ਹਿੱਸਾ, 10 ਈਵੈਂਟਾਂ ਦੇ ਫਾਈਨਲ 16 ਅਗਸਤ ਨੂੰ

ਅੰਤਰਰਾਸ਼ਟਰੀ ਖਿਡਾਰੀ ਜਗਸ਼ੇਰ ਸਿੰਘ ਖੰਗੂਰਾ ਨੂੰ 31 ਹਜ਼ਾਰ ਰੁਪਏ ਦੀ ਸਨਮਾਨ ਰਾਸ਼ੀ

ਜਲੰਧਰ: ਰਾਈਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਵਿਖੇ ਚਾਰ ਰੋਜ਼ਾ ਇਨੋਸੈਂਟ ਹਾਰਟਸ ਪੰਜਾਬ ਸਟੇਟ ਸੀਨੀਅਰ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਦਾ ਆਗਾਜ਼ ਹੋ ਗਿਆ ਹੈ। ਇਸ ਟੂਰਨਾਮੈਂਟ ਵਿੱਚ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਤੋਂ ਲਗਭਗ 300 ਖਿਡਾਰੀ ਵੱਖ-ਵੱਖ ਵਰਗਾਂ ਵਿੱਚ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਹਨ।

ਟੂਰਨਾਮੈਂਟ ਦਾ ਉਦਘਾਟਨ ਜਲੰਧਰ ਦੀ ਵਧੀਕ ਡਿਪਟੀ ਕਮਿਸ਼ਨਰ ਦਿਵਿਆ ਪੀ. (ਆਈਏਐਸ) ਵੱਲੋਂ ਕੀਤਾ ਗਿਆ। ਇਸ ਮੌਕੇ ਇਨੋਸੈਂਟ ਹਾਰਟਸ ਗਰੁੱਪ ਦੇ ਚੇਅਰਮੈਨ ਡਾ. ਅਨੂਪ ਬੌਰੀ ਗੈਸਟ ਆਫ਼ ਆਨਰ ਵਜੋਂ ਸ਼ਾਮਲ ਹੋਏ।

ਚੈਂਪੀਅਨਸ਼ਿਪ ਦੌਰਾਨ ਜੂਨੀਅਰ ਅਤੇ ਸੀਨੀਅਰ ਵਰਗਾਂ ਦੇ ਕੁੱਲ 10 ਈਵੈਂਟ ਕਰਵਾਏ ਜਾ ਰਹੇ ਹਨ। ਇਨ੍ਹਾਂ ਵਿੱਚ ਅੰਡਰ-19 ਲੜਕਿਆਂ ਅਤੇ ਲੜਕੀਆਂ ਦੇ ਸਿੰਗਲਜ਼, ਡਬਲਜ਼ ਅਤੇ ਮਿਕਸਡ ਡਬਲਜ਼ ਤੋਂ ਇਲਾਵਾ ਸੀਨੀਅਰ ਪੁਰਸ਼ ਅਤੇ ਮਹਿਲਾ ਵਰਗ ਦੇ ਮੁਕਾਬਲੇ ਸ਼ਾਮਲ ਹਨ।

ਖੇਡਾਂ ਨੌਜਵਾਨਾਂ ਦੇ ਸਰਵਪੱਖੀ ਵਿਕਾਸ ਲਈ ਜ਼ਰੂਰੀ : ਦਿਵਿਆ ਪੀ.

ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਦਿਵਿਆ ਪੀ. ਨੇ ਕਿਹਾ ਕਿ ਖੇਡਾਂ ਨੌਜਵਾਨਾਂ ਦੇ ਸਰਵਪੱਖੀ ਵਿਕਾਸ ਵਿੱਚ ਬੇਹੱਦ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਖੇਡਾਂ ਨਾਲ ਨੌਜਵਾਨ ਨਾ ਸਿਰਫ਼ ਸਰੀਰਕ ਤੌਰ ’ਤੇ ਮਜ਼ਬੂਤ ਹੁੰਦੇ ਹਨ, ਸਗੋਂ ਉਨ੍ਹਾਂ ਦੀ ਮਾਨਸਿਕ ਇਕਾਗਰਤਾ ਅਤੇ ਆਤਮ-ਵਿਸ਼ਵਾਸ ਵੀ ਵਧਦਾ ਹੈ।

ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਵਿੱਚ ਅਨੁਸ਼ਾਸਨ, ਟੀਮ ਭਾਵਨਾ, ਲਗਾਤਾਰ ਮਿਹਨਤ ਅਤੇ ਮੁਕਾਬਲੇ ਦੀ ਸਕਾਰਾਤਮਕ ਭਾਵਨਾ ਪੈਦਾ ਕਰਦੀਆਂ ਹਨ। ਨਿਯਮਿਤ ਖੇਡ ਗਤੀਵਿਧੀਆਂ ਤਣਾਅ ਘਟਾਉਣ ਦੇ ਨਾਲ ਨੌਜਵਾਨਾਂ ਨੂੰ ਸਿਹਤਮੰਦ ਅਤੇ ਸੰਤੁਲਿਤ ਜੀਵਨ ਵੱਲ ਲੈ ਕੇ ਜਾਂਦੀਆਂ ਹਨ।

ਉਨ੍ਹਾਂ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ, ਜਲੰਧਰ ਦੀ ਅੰਤਰਿਮ ਕਮੇਟੀ ਵੱਲੋਂ ਸਟੇਡੀਅਮ ਦੀਆਂ ਸਹੂਲਤਾਂ ਅਤੇ ਪੱਧਰ ਨੂੰ ਹੋਰ ਬਿਹਤਰ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਵੀ ਸ਼ਲਾਘਾ ਕੀਤੀ।

ਜਗਸ਼ੇਰ ਸਿੰਘ ਖੰਗੂਰਾ ਦਾ ਵਿਸ਼ੇਸ਼ ਸਨਮਾਨ

ਇਸ ਮੌਕੇ ਅੰਤਰਰਾਸ਼ਟਰੀ ਬੈਡਮਿੰਟਨ ਖਿਡਾਰੀ ਜਗਸ਼ੇਰ ਸਿੰਘ ਖੰਗੂਰਾ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ, ਜਲੰਧਰ ਵੱਲੋਂ 31,000 ਰੁਪਏ ਦੀ ਨਕਦ ਸਨਮਾਨ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ।

ਜੇਤੂ ਖਿਡਾਰੀਆਂ ਨੂੰ ਮਿਲੇਗਾ ਪੰਜਾਬ ਦੀ ਨੁਮਾਇੰਦਗੀ ਦਾ ਮੌਕਾ

ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਮਾਨਯੋਗ ਸਕੱਤਰ ਰਿਤਿਨ ਖੰਨਾ ਨੇ ਦੱਸਿਆ ਕਿ ਚਾਰ ਰੋਜ਼ਾ ਟੂਰਨਾਮੈਂਟ ਦੌਰਾਨ ਪੰਜਾਬ ਭਰ ਦੇ ਖਿਡਾਰੀ ਵੱਖ-ਵੱਖ ਈਵੈਂਟਾਂ ਵਿੱਚ ਚੋਟੀ ਦੇ ਸਥਾਨ ਲਈ ਮੁਕਾਬਲਾ ਕਰ ਰਹੇ ਹਨ। ਟੂਰਨਾਮੈਂਟ ਦਾ ਇਨਾਮ ਵੰਡ ਸਮਾਰੋਹ 16 ਅਗਸਤ ਨੂੰ ਹੋਵੇਗਾ।

ਉਨ੍ਹਾਂ ਦੱਸਿਆ ਕਿ ਮੁਕਾਬਲੇ ਵਿੱਚ ਜੇਤੂ ਅਤੇ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਅਗਲੇ ਮਹੀਨੇ ਰਾਜਸਥਾਨ ਦੇ ਭੀਲਵਾੜਾ ਵਿਖੇ ਹੋਣ ਵਾਲੀ ਨਾਰਥ ਜ਼ੋਨ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲੇਗਾ।

ਇਸ ਮੌਕੇ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਅਤੇ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਸੀਨੀਅਰ ਅਹੁਦੇਦਾਰ ਨਰੇਸ਼ ਬੁਧੀਆ, ਹਰਪ੍ਰੀਤ ਸਿੰਘ, ਧੀਰਜ ਸ਼ਰਮਾ, ਅਨਿਲ ਭੱਟੀ ਅਤੇ ਕੁਸੁਮ ਕੇ.ਪੀ. ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।

ਫੋਟੋ ਕੈਪਸ਼ਨ-1: ਵਧੀਕ ਡਿਪਟੀ ਕਮਿਸ਼ਨਰ ਦਿਵਿਆ ਪੀ. (ਆਈਏਐਸ) ਅਤੇ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਰਿਤਿਨ ਖੰਨਾ ਅੰਤਰਰਾਸ਼ਟਰੀ ਬੈਡਮਿੰਟਨ ਖਿਡਾਰੀ ਜਗਸ਼ੇਰ ਸਿੰਘ ਖੰਗੂਰਾ ਨੂੰ ਸਨਮਾਨਿਤ ਕਰਦੇ ਹੋਏ।

ਫੋਟੋ ਕੈਪਸ਼ਨ-2: ਪੰਜਾਬ ਸਟੇਟ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਦੇ ਉਦਘਾਟਨੀ ਸਮਾਰੋਹ ਦੌਰਾਨ ਖਿਡਾਰੀਆਂ ਨਾਲ ਮੁਲਾਕਾਤ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਦਿਵਿਆ ਪੀ. (ਆਈਏਐਸ)। ਨਾਲ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਰਿਤਿਨ ਖੰਨਾ।