ePaper Reading mode

Public Times ePaper

Sunday, 09 August 2026

ਬਸੰਤ ਕੁਮਾਰ ਮੇਘਵਾਲ ਨੇ ਰਚਿਆ ਇਤਿਹਾਸ, ਵਿਸ਼ਵ ਅੰਡਰ-20 ਚੈਂਪੀਅਨਸ਼ਿਪ ਦੇ ਹਾਈ ਜੰਪ ’ਚ ਜਿੱਤਿਆ ਚਾਂਦੀ ਦਾ ਤਗਮਾ

ਬਸੰਤ ਕੁਮਾਰ ਮੇਘਵਾਲ ਨੇ ਰਚਿਆ ਇਤਿਹਾਸ, ਵਿਸ਼ਵ ਅੰਡਰ-20 ਚੈਂਪੀਅਨਸ਼ਿਪ ਦੇ ਹਾਈ ਜੰਪ ’ਚ ਜਿੱਤਿਆ ਚਾਂਦੀ ਦਾ ਤਗਮਾ

2.21 ਮੀਟਰ ਦੀ ਛਾਲ ਨਾਲ ਨਿੱਜੀ ਸਰਵੋਤਮ ਪ੍ਰਦਰਸ਼ਨ ਦੀ ਕੀਤੀ ਬਰਾਬਰੀ, ਵਿਸ਼ਵ ਅੰਡਰ-20 ਪੱਧਰ ’ਤੇ ਇਸ ਮੁਕਾਬਲੇ ’ਚ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ

ਯੂਜੀਨ (ਓਰੇਗਨ), 9 ਅਗਸਤ 2026: ਭਾਰਤ ਦੇ ਨੌਜਵਾਨ ਐਥਲੀਟ ਬਸੰਤ ਕੁਮਾਰ ਮੇਘਵਾਲ ਨੇ ਵਿਸ਼ਵ ਐਥਲੈਟਿਕਸ ਅੰਡਰ-20 ਚੈਂਪੀਅਨਸ਼ਿਪ ਵਿੱਚ ਇਤਿਹਾਸ ਰਚਦਿਆਂ ਪੁਰਸ਼ਾਂ ਦੇ ਹਾਈ ਜੰਪ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। ਇਸ ਉਪਲਬਧੀ ਨਾਲ ਉਹ ਵਿਸ਼ਵ ਜੂਨੀਅਰ ਪੱਧਰ ’ਤੇ ਪੁਰਸ਼ ਹਾਈ ਜੰਪ ਵਿੱਚ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ।

ਰਾਜਸਥਾਨ ਦੇ ਗੰਗਾਨਗਰ ਨਾਲ ਸਬੰਧਤ 19 ਸਾਲਾ ਬਸੰਤ ਨੇ ਫਾਈਨਲ ਵਿੱਚ 2.21 ਮੀਟਰ ਦੀ ਛਾਲ ਲਗਾ ਕੇ ਆਪਣੇ ਨਿੱਜੀ ਸਰਵੋਤਮ ਪ੍ਰਦਰਸ਼ਨ ਦੀ ਬਰਾਬਰੀ ਕੀਤੀ ਅਤੇ ਦੂਜਾ ਸਥਾਨ ਹਾਸਲ ਕੀਤਾ।

ਅਲਜੀਰੀਆ ਦੇ ਯੂਨੇਸ ਅਯਾਚੀ ਨੇ ਸੋਨ ਤਗਮਾ ਜਿੱਤਿਆ, ਜਦਕਿ ਗ੍ਰੇਟ ਬ੍ਰਿਟੇਨ ਦੇ ਓਟਿਸ ਪੂਲ ਨੂੰ ਕਾਂਸੀ ਦਾ ਤਗਮਾ ਮਿਲਿਆ। ਦਿਲਚਸਪ ਗੱਲ ਇਹ ਰਹੀ ਕਿ ਤਿੰਨਾਂ ਐਥਲੀਟਾਂ ਨੇ 2.21 ਮੀਟਰ ਦੀ ਉਚਾਈ ਪਾਰ ਕੀਤੀ। ਅੰਤਿਮ ਨਤੀਜਾ ‘ਕਾਊਂਟਬੈਕ’ ਦੇ ਆਧਾਰ ’ਤੇ ਤੈਅ ਕੀਤਾ ਗਿਆ, ਜਿਸ ਵਿੱਚ ਬਸੰਤ ਦੇ ਬਿਹਤਰ ਕੋਸ਼ਿਸ਼ ਰਿਕਾਰਡ ਨੇ ਉਸ ਨੂੰ ਚਾਂਦੀ ਦਾ ਤਗਮਾ ਦਿਵਾਇਆ।

ਫਾਈਨਲ ’ਚ ਇਸ ਤਰ੍ਹਾਂ ਰਿਹਾ ਬਸੰਤ ਦਾ ਪ੍ਰਦਰਸ਼ਨ

ਬਸੰਤ ਨੇ 2.06 ਮੀਟਰ ਦੀ ਉਚਾਈ ਪਹਿਲੀ ਹੀ ਕੋਸ਼ਿਸ਼ ਵਿੱਚ ਪਾਰ ਕਰਕੇ ਮੁਕਾਬਲੇ ਦੀ ਸ਼ਾਨਦਾਰ ਸ਼ੁਰੂਆਤ ਕੀਤੀ। 2.12 ਮੀਟਰ ਲਈ ਉਸ ਨੂੰ ਦੋ ਕੋਸ਼ਿਸ਼ਾਂ ਦੀ ਲੋੜ ਪਈ, ਜਦਕਿ 2.17 ਮੀਟਰ ਦੀ ਉਚਾਈ ਉਸ ਨੇ ਪਹਿਲੀ ਕੋਸ਼ਿਸ਼ ਵਿੱਚ ਹੀ ਪਾਰ ਕਰ ਲਈ।

ਇਸ ਤੋਂ ਬਾਅਦ ਬਸੰਤ ਨੇ ਆਪਣੀ ਦੂਜੀ ਕੋਸ਼ਿਸ਼ ਵਿੱਚ 2.21 ਮੀਟਰ ਪਾਰ ਕਰਕੇ ਤਗਮਾ ਪੱਕਾ ਕਰ ਲਿਆ। ਉਸ ਨੇ 2.24 ਮੀਟਰ ਪਾਰ ਕਰਨ ਲਈ ਤਿੰਨ ਕੋਸ਼ਿਸ਼ਾਂ ਕੀਤੀਆਂ, ਪਰ ਸਫਲਤਾ ਨਹੀਂ ਮਿਲੀ। ਇਸ ਦੇ ਬਾਵਜੂਦ ਉਸ ਦਾ ਇਤਿਹਾਸਕ ਚਾਂਦੀ ਦਾ ਤਗਮਾ ਪੱਕਾ ਹੋ ਚੁੱਕਾ ਸੀ।

ਕੋਚ ਸਹਾਨਾ ਕੁਮਾਰੀ ਦੀ ਮਿਹਨਤ ਵੀ ਲਿਆਈ ਰੰਗ

ਬਸੰਤ ਦੀ ਇਸ ਇਤਿਹਾਸਕ ਕਾਮਯਾਬੀ ਤੋਂ ਬਾਅਦ ਐਥਲੈਟਿਕਸ ਫੈਡਰੇਸ਼ਨ ਆਫ ਇੰਡੀਆ (AFI) ਨੇ ਉਸ ਦੀ ਕੋਚ ਸਹਾਨਾ ਕੁਮਾਰੀ ਦੀ ਭੂਮਿਕਾ ਦੀ ਵੀ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕੀਤੀ।

ਸਹਾਨਾ ਕੁਮਾਰੀ ਖੁਦ ਭਾਰਤ ਦੀ ਸਾਬਕਾ ਹਾਈ ਜੰਪਰ ਰਹਿ ਚੁੱਕੀ ਹੈ। ਉਨ੍ਹਾਂ ਨੇ 2012 ਵਿੱਚ 1.92 ਮੀਟਰ ਦੀ ਛਾਲ ਨਾਲ ਭਾਰਤੀ ਰਾਸ਼ਟਰੀ ਰਿਕਾਰਡ ਬਣਾਇਆ ਸੀ ਅਤੇ ਲੰਡਨ ਓਲੰਪਿਕ ਵਿੱਚ ਵੀ ਦੇਸ਼ ਦੀ ਨੁਮਾਇੰਦਗੀ ਕੀਤੀ ਸੀ।

ਖਿਡਾਰੀ ਵਜੋਂ ਲੰਮਾ ਸਫ਼ਰ ਤੈਅ ਕਰਨ ਤੋਂ ਬਾਅਦ ਸਹਾਨਾ ਨੇ ਕੋਚਿੰਗ ਦੀ ਜ਼ਿੰਮੇਵਾਰੀ ਸੰਭਾਲੀ ਅਤੇ ਕਈ ਸਾਲਾਂ ਤੋਂ ਬਸੰਤ ਨੂੰ ਤਿਆਰ ਕਰ ਰਹੀ ਹੈ। AFI ਨੇ ਦੋਵਾਂ ਦੀ ਓਰੇਗਨ ਟਰੈਕ ’ਤੇ ਇਕੱਠਿਆਂ ਤਸਵੀਰ ਸਾਂਝੀ ਕਰਦਿਆਂ ਇਸ ਸਫਲਤਾ ਨੂੰ ਦੋ ਸੁਪਨਿਆਂ ਅਤੇ ਖਿਡਾਰੀ-ਕੋਚ ਦੇ ਮਜ਼ਬੂਤ ਰਿਸ਼ਤੇ ਦਾ ਨਤੀਜਾ ਦੱਸਿਆ।

ਭਾਰਤ ਲਈ ਇੱਕ ਹੋਰ ਤਗਮਾ

ਬਸੰਤ ਦੀ ਕਾਮਯਾਬੀ ਦੇ ਨਾਲ ਹੀ ਭਾਰਤ ਲਈ ਇਹ ਦਿਨ ਹੋਰ ਵੀ ਯਾਦਗਾਰ ਬਣਿਆ। ਸ਼ਾਹਨਵਾਜ਼ ਖਾਨ ਨੇ ਪੁਰਸ਼ਾਂ ਦੇ ਲੰਬੀ ਛਾਲ ਮੁਕਾਬਲੇ ਵਿੱਚ 7.84 ਮੀਟਰ ਦੀ ਸਰਵੋਤਮ ਛਾਲ ਨਾਲ ਕਾਂਸੀ ਦਾ ਤਗਮਾ ਜਿੱਤਿਆ।

ਇਨ੍ਹਾਂ ਪ੍ਰਦਰਸ਼ਨਾਂ ਨਾਲ ਭਾਰਤ ਨੇ ਵਿਸ਼ਵ ਅੰਡਰ-20 ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਆਪਣੇ ਸਰਵੋਤਮ ਤਗਮਾ ਪ੍ਰਦਰਸ਼ਨਾਂ ਵਿੱਚੋਂ ਇੱਕ ਦੀ ਬਰਾਬਰੀ ਕੀਤੀ।

ਮੁਕਾਬਲੇ ਤੋਂ ਬਾਅਦ ਬਸੰਤ ਨੇ ਕਿਹਾ ਕਿ 2.24 ਮੀਟਰ ਦੀਆਂ ਆਖਰੀ ਕੋਸ਼ਿਸ਼ਾਂ ਦੌਰਾਨ ਉਹ ਕੁਝ ਦਬਾਅ ਮਹਿਸੂਸ ਕਰ ਰਿਹਾ ਸੀ, ਪਰ ਆਪਣੇ ਨਤੀਜੇ ਤੋਂ ਸੰਤੁਸ਼ਟ ਹੈ।

ਬਸੰਤ ਲਈ 2026 ਦਾ ਸੀਜ਼ਨ ਪਹਿਲਾਂ ਹੀ ਸ਼ਾਨਦਾਰ ਰਿਹਾ ਹੈ। ਉਸ ਨੇ ਏਸ਼ੀਅਨ ਅੰਡਰ-20 ਚੈਂਪੀਅਨਸ਼ਿਪ ਵਿੱਚ 2.20 ਮੀਟਰ ਨਾਲ ਸੋਨ ਤਗਮਾ ਜਿੱਤਿਆ ਸੀ, ਜਦਕਿ ਅਪ੍ਰੈਲ ਵਿੱਚ ਜੂਨੀਅਰ ਫੈਡਰੇਸ਼ਨ ਕੱਪ ਦੌਰਾਨ 2.21 ਮੀਟਰ ਦੀ ਛਾਲ ਲਗਾਈ ਸੀ।

ਵਿਸ਼ਵ ਅੰਡਰ-20 ਪੱਧਰ ’ਤੇ ਹਾਈ ਜੰਪ ਵਿੱਚ ਬਸੰਤ ਦਾ ਚਾਂਦੀ ਦਾ ਤਗਮਾ ਭਾਰਤੀ ਐਥਲੈਟਿਕਸ ਲਈ ਇੱਕ ਨਵਾਂ ਮੀਲ ਪੱਥਰ ਹੈ। ਇਹ ਪ੍ਰਾਪਤੀ ਦੇਸ਼ ਵਿੱਚ ਹਾਈ ਜੰਪ ਵਰਗੀਆਂ ਤਕਨੀਕੀ ਐਥਲੈਟਿਕਸ ਸਪੱਧਾਵਾਂ ਵਿੱਚ ਉਭਰ ਰਹੀ ਨਵੀਂ ਪ੍ਰਤਿਭਾ ਨੂੰ ਵੀ ਦਰਸਾਉਂਦੀ ਹੈ।