ePaper Reading mode

Public Times ePaper

Tuesday, 15 September 2026

ਅੰਮ੍ਰਿਤਸਰ ਪੁਲਿਸ ਵੱਲੋਂ ਨਸ਼ਾ ਤੇ ਨਾਜਾਇਜ਼ ਹਥਿਆਰ ਸਪਲਾਈ ਦੇ 3 ਨੈੱਟਵਰਕਾਂ ਦਾ ਪਰਦਾਫਾਸ਼, 8 ਗ੍ਰਿਫ਼ਤਾਰ

ਅੰਮ੍ਰਿਤਸਰ ਪੁਲਿਸ ਵੱਲੋਂ ਨਸ਼ਾ ਤੇ ਨਾਜਾਇਜ਼ ਹਥਿਆਰ ਸਪਲਾਈ ਦੇ 3 ਨੈੱਟਵਰਕਾਂ ਦਾ ਪਰਦਾਫਾਸ਼, 8 ਗ੍ਰਿਫ਼ਤਾਰ

9.549 ਕਿਲੋ ਹੈਰੋਇਨ, 5.459 ਕਿਲੋ ਅਫੀਮ ਤੇ .30 ਬੋਰ ਦਾ ਪਿਸਤੌਲ ਬਰਾਮਦ; ਵਿਦੇਸ਼ੀ ਤਸਕਰਾਂ ਨਾਲ ਸਬੰਧਾਂ ਦੀ ਜਾਂਚ ਜਾਰੀ

ਅੰਮ੍ਰਿਤਸਰ, 15 ਸਤੰਬਰ: ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਨਸ਼ਾ ਅਤੇ ਨਾਜਾਇਜ਼ ਹਥਿਆਰਾਂ ਦੀ ਸਪਲਾਈ ਨਾਲ ਜੁੜੇ ਤਿੰਨ ਵੱਖ-ਵੱਖ ਨੈੱਟਵਰਕਾਂ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕਰਦਿਆਂ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਮੁਲਜ਼ਮਾਂ ਕੋਲੋਂ ਕੁੱਲ 9.549 ਕਿਲੋ ਹੈਰੋਇਨ, 5.459 ਕਿਲੋ ਅਫੀਮ ਅਤੇ ਇੱਕ ਨਾਜਾਇਜ਼ .30 ਬੋਰ ਪਿਸਤੌਲ ਬਰਾਮਦ ਕੀਤਾ ਗਿਆ ਹੈ।

ਡੀਜੀਪੀ ਪੰਜਾਬ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਮੁੱਢਲੀ ਜਾਂਚ ਵਿੱਚ ਗ੍ਰਿਫ਼ਤਾਰ ਵਿਅਕਤੀਆਂ ਦੇ ਕਥਿਤ ਤੌਰ ’ਤੇ ਵਿਦੇਸ਼ਾਂ ਵਿੱਚ ਬੈਠੇ ਤਸਕਰਾਂ ਨਾਲ ਸਬੰਧ ਸਾਹਮਣੇ ਆਏ ਹਨ। ਪੁਲਿਸ ਦਾ ਦਾਅਵਾ ਹੈ ਕਿ ਨੈੱਟਵਰਕ ਨਾਲ ਜੁੜੇ ਵਿਅਕਤੀ ਡਰੋਨ ਰਾਹੀਂ ਭੇਜੀਆਂ ਜਾਂਦੀਆਂ ਹੈਰੋਇਨ, ਅਫੀਮ ਅਤੇ ਨਾਜਾਇਜ਼ ਹਥਿਆਰਾਂ ਦੀਆਂ ਖੇਪਾਂ ਪ੍ਰਾਪਤ ਕਰਕੇ ਅੱਗੇ ਵੱਖ-ਵੱਖ ਥਾਵਾਂ ’ਤੇ ਸਪਲਾਈ ਕਰਦੇ ਸਨ।

ਤਿੰਨ ਥਾਣਿਆਂ ’ਚ ਵੱਖ-ਵੱਖ FIRs ਦਰਜ

ਇਨ੍ਹਾਂ ਕਾਰਵਾਈਆਂ ਸਬੰਧੀ ਅੰਮ੍ਰਿਤਸਰ ਦੇ ਥਾਣਾ ਕੈਂਟੋਨਮੈਂਟ, ਥਾਣਾ ਏ-ਡਿਵੀਜ਼ਨ ਅਤੇ ਥਾਣਾ ਛੇਹਰਟਾ ਵਿਖੇ ਵੱਖ-ਵੱਖ FIRs ਦਰਜ ਕੀਤੀਆਂ ਗਈਆਂ ਹਨ।

ਪੁਲਿਸ ਅਨੁਸਾਰ ਜਾਂਚ ਦੌਰਾਨ ਗ੍ਰਿਫ਼ਤਾਰ ਮੁਲਜ਼ਮਾਂ ਦੇ ਇਸ ਸਪਲਾਈ ਨੈੱਟਵਰਕ ਨਾਲ ਜੁੜੇ ਹੋਰ ਸਾਥੀਆਂ ਨਾਲ ਸਬੰਧਾਂ ਬਾਰੇ ਵੀ ਜਾਣਕਾਰੀ ਮਿਲੀ ਹੈ। ਹੁਣ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਸਰਹੱਦ ਪਾਰੋਂ ਆਉਣ ਵਾਲੀਆਂ ਖੇਪਾਂ ਕਿਨ੍ਹਾਂ ਵੱਲੋਂ ਭੇਜੀਆਂ ਜਾਂਦੀਆਂ ਸਨ, ਇਨ੍ਹਾਂ ਨੂੰ ਕੌਣ ਪ੍ਰਾਪਤ ਕਰਦਾ ਸੀ ਅਤੇ ਅੱਗੇ ਕਿਹੜੇ ਵਿਅਕਤੀਆਂ ਤੱਕ ਪਹੁੰਚਾਇਆ ਜਾਂਦਾ ਸੀ।

ਵਿਦੇਸ਼ੀ ਤਸਕਰਾਂ ਤੇ ਸਥਾਨਕ ਨੈੱਟਵਰਕ ਦੀਆਂ ਕੜੀਆਂ ਖੰਗਾਲ ਰਹੀ ਪੁਲਿਸ

ਪੁਲਿਸ ਵੱਲੋਂ ਮਾਮਲਿਆਂ ਦੇ ਬੈਕਵਰਡ ਅਤੇ ਫਾਰਵਰਡ ਲਿੰਕੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਨਸ਼ਾ ਅਤੇ ਨਾਜਾਇਜ਼ ਹਥਿਆਰਾਂ ਦੀ ਤਸਕਰੀ ਨਾਲ ਜੁੜੇ ਪੂਰੇ ਨੈੱਟਵਰਕ ਦੀ ਪਛਾਣ ਕੀਤੀ ਜਾ ਸਕੇ।

ਪੰਜਾਬ ਪੁਲਿਸ ਨੇ ਕਿਹਾ ਕਿ ਸਰਹੱਦ ਪਾਰੋਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ, ਸੰਗਠਿਤ ਅਪਰਾਧ ਅਤੇ ਇਨ੍ਹਾਂ ਨਾਲ ਜੁੜੇ ਨੈੱਟਵਰਕਾਂ ਖ਼ਿਲਾਫ਼ ਕਾਰਵਾਈ ਜਾਰੀ ਰਹੇਗੀ।

ਗ੍ਰਿਫ਼ਤਾਰ ਵਿਅਕਤੀਆਂ ਖ਼ਿਲਾਫ਼ ਲੱਗੇ ਦੋਸ਼ ਫਿਲਹਾਲ ਜਾਂਚ ਅਧੀਨ ਹਨ ਅਤੇ ਇਨ੍ਹਾਂ ਦੀ ਅੰਤਿਮ ਪੁਸ਼ਟੀ ਨਿਆਂਇਕ ਪ੍ਰਕਿਰਿਆ ਦੌਰਾਨ ਹੋਵੇਗੀ।