ePaper Reading mode

Public Times ePaper

Wednesday, 17 June 2026

12ਵੀਂ ਜਮਾਤ ਵਿੱਚ 97 ਫੀਸਦੀ ਅੰਕ ਹਾਸਲ ਕਰਕੇ, ਦੁਬਾਰਾ NEET-UG ਪ੍ਰੀਖਿਆ ਦੀ ਤਿਆਰੀ ਕਰ ਰਹੀ ਕੁੜੀ ਦੀ ਮੌਤ

12ਵੀਂ ਜਮਾਤ ਵਿੱਚ 97 ਫੀਸਦੀ ਅੰਕ ਹਾਸਲ ਕਰਕੇ, ਦੁਬਾਰਾ NEET-UG ਪ੍ਰੀਖਿਆ ਦੀ ਤਿਆਰੀ ਕਰ ਰਹੀ ਕੁੜੀ ਦੀ ਮੌਤ

ਪਬਲਿਕ ਟਾਈਮਜ਼ ਬਿਊਰੋ : ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਤੋਂ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ 23 ਸਾਲਾ ਇੱਕ ਨੌਜਵਾਨ ਵਿਦਿਆਰਥਣ ਆਪਣੇ ਘਰ ਵਿੱਚ ਮ੍ਰਿਤਕ ਪਾਈ ਗਈ। ਮ੍ਰਿਤਕ ਜੋ 1999 ਦੇ ਕਾਰਗਿਲ ਯੁੱਧ ਵਿੱਚ ਸੇਵਾ ਨਿਭਾ ਚੁੱਕੇ ਇੱਕ ਸਾਬਕਾ ਫੌਜੀ ਦੀ ਧੀ ਸੀ।

ਜਾਣਕਾਰੀ ਅਨੁਸਾਰ ਮ੍ਰਿਤਕ ਮੰਗਲਵਾਰ ਸਵੇਰੇ ਆਪਣੇ ਕਮਰੇ ਤੋਂ ਬਾਹਰ ਨਹੀਂ ਆਈ। ਜਦੋਂ ਉਸਦੀ ਮਾਤਾ ਦੁਪਹਿਰ ਦੇ ਖਾਣੇ ਲਈ ਉਸਨੂੰ ਬੁਲਾਉਣ ਗਈ ਤਾਂ ਦਰਵਾਜ਼ਾ ਨਾ ਖੁੱਲ੍ਹਣ 'ਤੇ ਪਰਿਵਾਰ ਨੂੰ ਸ਼ੱਕ ਹੋਇਆ। ਬਾਅਦ ਵਿੱਚ ਪਰਿਵਾਰਕ ਮੈਂਬਰਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਮ੍ਰਿਤਕ ਨੂੰ ਕਮਰੇ ਅੰਦਰ ਬੇਹੋਸ਼ ਹਾਲਤ ਵਿੱਚ ਪਾਇਆ ਗਿਆ। ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਪੁਲਿਸ ਜਾਂਚ ਦੌਰਾਨ ਕਮਰੇ ਵਿੱਚੋਂ ਇੱਕ ਹੱਥ-ਲਿਖਤ ਨੋਟ ਵੀ ਮਿਲਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਨੋਟ ਵਿੱਚ ਮ੍ਰਿਤਕ ਨੇ ਆਪਣੇ ਮਾਤਾ-ਪਿਤਾ ਪ੍ਰਤੀ ਪਿਆਰ ਜ਼ਾਹਰ ਕਰਦਿਆਂ ਲਿਖਿਆ ਕਿ ਉਸਦੀ ਮੌਤ ਲਈ ਕਿਸੇ ਨੂੰ ਵੀ ਜ਼ਿੰਮੇਵਾਰ ਨਾ ਠਹਿਰਾਇਆ ਜਾਵੇ।

ਸੀਨੀਅਰ ਪੁਲਿਸ ਅਧਿਕਾਰੀ ਅੰਕਿਤ ਕੰਦਾਰੀ ਨੇ ਦੱਸਿਆ ਕਿ ਮ੍ਰਿਤਕ ਰਾਤ ਦੇ ਸਮੇਂ ਪੜ੍ਹਾਈ ਕਰਦੀ ਸੀ ਅਤੇ ਆਮ ਤੌਰ 'ਤੇ ਦੇਰ ਨਾਲ ਉੱਠਦੀ ਸੀ। ਸ਼ੁਰੂਆਤੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਆਪਣੀ ਪੜ੍ਹਾਈ ਨੂੰ ਲੈ ਕੇ ਕਾਫ਼ੀ ਦਬਾਅ ਮਹਿਸੂਸ ਕਰ ਰਹੀ ਸੀ।

ਮ੍ਰਿਤਕ ਨੇ 12ਵੀਂ ਜਮਾਤ ਵਿੱਚ 97 ਫੀਸਦੀ ਅੰਕ ਹਾਸਲ ਕਰਕੇ ਆਪਣੇ ਸਕੂਲ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਉਹ 21 ਜੂਨ ਨੂੰ ਹੋਣ ਵਾਲੀ NEET-UG ਦੀ ਦੁਬਾਰਾ ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਪਹਿਲਾਂ ਮੈਡੀਕਲ ਦਾਖਲਾ ਪ੍ਰੀਖਿਆ ਵਿੱਚ ਸਫਲ ਨਹੀਂ ਹੋ ਸਕੀ ਸੀ, ਜਿਸ ਕਾਰਨ ਉਹ ਮੁੜ ਕੋਸ਼ਿਸ਼ ਕਰ ਰਹੀ ਸੀ।

ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।