Skip to content

ਬਿਸ਼ਕੇਕ ’ਚ 6ਵੀਆਂ World Nomad Games ਦੀ ਸ਼ਾਨਦਾਰ ਸ਼ੁਰੂਆਤ, PM ਮੋਦੀ ਨੇ ਭਾਰਤੀ ਦਲ ਨੂੰ ਦਿੱਤੀਆਂ ਸ਼ੁਭਕਾਮਨਾਵਾਂ

ਬਿਸ਼ਕੇਕ ’ਚ 6ਵੀਆਂ World Nomad Games ਦੀ ਸ਼ਾਨਦਾਰ ਸ਼ੁਰੂਆਤ, PM ਮੋਦੀ ਨੇ ਭਾਰਤੀ ਦਲ ਨੂੰ ਦਿੱਤੀਆਂ ਸ਼ੁਭਕਾਮਨਾਵਾਂ
Share Facebook X WhatsApp Telegram Email
View in ePaper

87 ਮੈਂਬਰੀ ਭਾਰਤੀ ਦਲ ’ਚ 73 ਖਿਡਾਰੀ; 100 ਤੋਂ ਵੱਧ ਦੇਸ਼ਾਂ ਦੇ ਪ੍ਰਤੀਭਾਗੀ 43 ਰਵਾਇਤੀ ਖੇਡ ਮੁਕਾਬਲਿਆਂ ’ਚ ਲੈਣਗੇ ਹਿੱਸਾ

ਬਿਸ਼ਕੇਕ, 2 ਸਤੰਬਰ 2026: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਰਗਿਜ਼ਸਤਾਨ ਦੇ ਬਿਸ਼ਕੇਕ ਅਰੀਨਾ ਵਿੱਚ ਕਰਵਾਏ ਗਏ 6ਵੀਆਂ World Nomad Games ਦੇ ਸ਼ਾਨਦਾਰ ਉਦਘਾਟਨੀ ਸਮਾਰੋਹ ਵਿੱਚ ਸ਼ਿਰਕਤ ਕੀਤੀ ਅਤੇ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੇ ਭਾਰਤੀ ਦਲ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ ਮੋਦੀ ਨੇ X ’ਤੇ ਸਮਾਰੋਹ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ਕਿ ਉਨ੍ਹਾਂ ਨੇ ਬਿਸ਼ਕੇਕ ਵਿੱਚ World Nomad Games ਦੇ ਉਦਘਾਟਨੀ ਸਮਾਰੋਹ ਵਿੱਚ ਹਿੱਸਾ ਲਿਆ ਅਤੇ ਭਾਰਤੀ ਦਲ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਆਪਣੀ ਪੋਸਟ ਵਿੱਚ ਕਿਰਗਿਜ਼ਸਤਾਨ ਦੇ ਰਾਸ਼ਟਰਪਤੀ ਸਾਦਿਰ ਜਾਪਾਰੋਵ ਨੂੰ ਵੀ ਟੈਗ ਕੀਤਾ।

ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਦਰਸ਼ਕਾਂ ਨਾਲ ਭਰਿਆ ਬਿਸ਼ਕੇਕ ਅਰੀਨਾ, ਵੱਡੀਆਂ ਸਕਰੀਨਾਂ ’ਤੇ ਭਾਰਤੀ ਤਿਰੰਗਾ ਅਤੇ ਭਾਰਤੀ ਟੀਮ ਦੇ ਨਾਲ ਮੈਦਾਨ ਵਿੱਚ ਸੱਭਿਆਚਾਰਕ ਪੇਸ਼ਕਾਰੀਆਂ ਦਿਖਾਈ ਦਿੱਤੀਆਂ।

ਭਾਰਤ ਦਾ 87 ਮੈਂਬਰੀ ਦਲ ਲੈ ਰਿਹਾ ਹਿੱਸਾ

World Nomad Games ਵਿੱਚ ਭਾਰਤ ਦਾ 87 ਮੈਂਬਰੀ ਦਲ ਸ਼ਾਮਲ ਹੈ। ਇਸ ਵਿੱਚ 73 ਖਿਡਾਰੀ, 10 ਸੱਭਿਆਚਾਰਕ ਪ੍ਰਤੀਨਿਧੀ ਅਤੇ ਵਿਗਿਆਨਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ 4 ਮੈਂਬਰ ਸ਼ਾਮਲ ਹਨ।

ਉਦਘਾਟਨੀ ਸਮਾਰੋਹ ਦੌਰਾਨ ਭਾਰਤੀ ਦਲ ਨੇ ਤਿਰੰਗਾ ਲੈ ਕੇ ਅਰੀਨਾ ਵਿੱਚ ਮਾਰਚ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਵੀ ਭਾਰਤੀ ਦਲ ਦਾ ਹੌਸਲਾ ਵਧਾਇਆ।

ਭਾਰਤੀ ਖਿਡਾਰੀ ਕੁਰਾਸ਼ (Kurash), ਗੋਰੇਸ਼ (Goresh), ਮੰਗੋਲ ਬੋਖ (Mongol Bokh) ਸਮੇਤ ਰਵਾਇਤੀ ਕੁਸ਼ਤੀ ਦੇ ਵੱਖ-ਵੱਖ ਰੂਪਾਂ ਤੋਂ ਇਲਾਵਾ ਘੋੜਸਵਾਰੀ, ਤੀਰਅੰਦਾਜ਼ੀ, ਬੈਲਟ ਰੈਸਲਿੰਗ ਅਤੇ ਰਣਨੀਤਕ ਬੋਰਡ ਗੇਮਾਂ ਵਿੱਚ ਆਪਣੀ ਚੁਣੌਤੀ ਪੇਸ਼ ਕਰਨਗੇ। ਬੈਲਟ ਰੈਸਲਿੰਗ ਵਿੱਚ ਨਾਗਾਲੈਂਡ ਦਾ ਦਲ ਵੀ ਭਾਰਤ ਦੀ ਨੁਮਾਇੰਦਗੀ ਕਰ ਰਿਹਾ ਹੈ।

‘Nomadic Olympics’ ਵਜੋਂ ਵੀ ਜਾਣੀਆਂ ਜਾਂਦੀਆਂ ਹਨ ਖੇਡਾਂ

World Nomad Games ਨੂੰ ਅਕਸਰ ‘Nomadic Olympics’ ਵੀ ਕਿਹਾ ਜਾਂਦਾ ਹੈ। ਇਨ੍ਹਾਂ ਖੇਡਾਂ ਦਾ ਉਦੇਸ਼ ਖ਼ਾਸ ਤੌਰ ’ਤੇ ਮੱਧ ਏਸ਼ੀਆ ਸਮੇਤ ਦੁਨੀਆ ਦੀਆਂ ਖਾਨਾਬਦੋਸ਼ ਸੱਭਿਅਤਾਵਾਂ ਨਾਲ ਜੁੜੀਆਂ ਰਵਾਇਤੀ ਖੇਡਾਂ, ਸੱਭਿਆਚਾਰ ਅਤੇ ਵਿਰਾਸਤ ਨੂੰ ਸੰਭਾਲਣਾ ਅਤੇ ਉਤਸ਼ਾਹਿਤ ਕਰਨਾ ਹੈ।

ਸਾਲ 2026 ਦਾ ਇਹ ਐਡੀਸ਼ਨ 6 ਸਤੰਬਰ ਤੱਕ ਚੱਲੇਗਾ। ਇਸ ਵਿੱਚ 43 ਖੇਡ ਵਿਧਾਵਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ ਅਤੇ 100 ਤੋਂ ਵੱਧ ਦੇਸ਼ਾਂ ਦੇ ਪ੍ਰਤੀਭਾਗੀ ਸ਼ਾਮਲ ਹੋ ਰਹੇ ਹਨ।

ਮੁੱਖ ਖੇਡ ਮੁਕਾਬਲੇ ਅਤੇ ਸੱਭਿਆਚਾਰਕ ਪ੍ਰੋਗਰਾਮ ਕਿਰਗਿਜ਼ਸਤਾਨ ਦੇ ਇਸਿਕ-ਕੁਲ (Issyk-Kul) ਖੇਤਰ, ਖ਼ਾਸ ਤੌਰ ’ਤੇ ਚੋਲਪੋਨ-ਆਤਾ ਅਤੇ ਕਿਰਚਿਨ ਗੋਰਜ ਵਿੱਚ ਕਰਵਾਏ ਜਾਣਗੇ।

ਪੁਤਿਨ ਤੇ ਏਰਦੋਆਨ ਸਮੇਤ ਕਈ ਵਿਸ਼ਵ ਆਗੂ ਰਹੇ ਮੌਜੂਦ

World Nomad Games ਦਾ ਉਦਘਾਟਨ ਕਿਰਗਿਜ਼ਸਤਾਨ ਦੇ ਆਜ਼ਾਦੀ ਦਿਵਸ ਅਤੇ ਬਿਸ਼ਕੇਕ ਵਿੱਚ ਹੋਏ Shanghai Cooperation Organisation (SCO) Summit ਦੇ ਸਮੇਂ ਹੋਇਆ, ਜਿਸ ਕਾਰਨ ਸਮਾਰੋਹ ਵਿੱਚ ਕਈ ਵਿਸ਼ਵ ਆਗੂਆਂ ਦੀ ਮੌਜੂਦਗੀ ਵੀ ਰਹੀ।

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਆਨ ਅਤੇ ਕਈ ਹੋਰ ਦੇਸ਼ਾਂ ਦੇ ਰਾਸ਼ਟਰ ਮੁਖੀ ਤੇ ਸਰਕਾਰ ਮੁਖੀ ਸਮਾਰੋਹ ਵਿੱਚ ਸ਼ਾਮਲ ਹੋਏ।

World Nomad Games ਦੀ ਸ਼ੁਰੂਆਤ 2014 ਵਿੱਚ ਕਿਰਗਿਜ਼ਸਤਾਨ ਤੋਂ ਹੋਈ ਸੀ। ਇਸ ਤੋਂ ਬਾਅਦ 2022 ਵਿੱਚ ਤੁਰਕੀ ਅਤੇ 2024 ਵਿੱਚ ਕਜ਼ਾਕਿਸਤਾਨ ਵਿੱਚ ਇਨ੍ਹਾਂ ਖੇਡਾਂ ਦਾ ਆਯੋਜਨ ਕੀਤਾ ਗਿਆ। ਹੁਣ ਇਹ ਖੇਡਾਂ ਮੁੜ ਕਿਰਗਿਜ਼ਸਤਾਨ ਵਿੱਚ ਹੋ ਰਹੀਆਂ ਹਨ।

ਪ੍ਰਧਾਨ ਮੰਤਰੀ ਮੋਦੀ ਦੀ World Nomad Games ਦੇ ਉਦਘਾਟਨੀ ਸਮਾਰੋਹ ਵਿੱਚ ਸ਼ਮੂਲੀਅਤ ਉਨ੍ਹਾਂ ਦੇ SCO Summit ਲਈ ਕਿਰਗਿਜ਼ਸਤਾਨ ਦੌਰੇ ਦਾ ਹਿੱਸਾ ਰਹੀ, ਜਿਸ ਦੌਰਾਨ ਖੇਡ, ਸੱਭਿਆਚਾਰ ਅਤੇ ਕੂਟਨੀਤਕ ਗਤੀਵਿਧੀਆਂ ਦਾ ਸੁਮੇਲ ਦੇਖਣ ਨੂੰ ਮਿਲਿਆ।