Skip to content

ਪੰਜਾਬ ਵਿੱਚ ਸੀਨੀਅਰ ਸਿਟੀਜ਼ਨਾਂ ਲਈ ਮੁਫ਼ਤ ਈ-ਰਿਕਸ਼ਾ ਸੇਵਾ ਦੀ ਸ਼ੁਰੂਆਤ

ਪੰਜਾਬ ਵਿੱਚ ਸੀਨੀਅਰ ਸਿਟੀਜ਼ਨਾਂ ਲਈ ਮੁਫ਼ਤ ਈ-ਰਿਕਸ਼ਾ ਸੇਵਾ ਦੀ ਸ਼ੁਰੂਆਤ
Share Facebook X WhatsApp Telegram Email
View in ePaper

ਆਪ ਜਲੰਧਰ ਕੇਂਦਰੀ ਹਲਕਾ ਇੰਚਾਰਜ ਨਿਤਿਨ ਕੋਹਲੀ ਵੱਲੋਂ ਸੀਨੀਅਰ ਸਿਟੀਜ਼ਨਾਂ ਦੀ ਸਹੂਲਤ ਅਤੇ ਸਨਮਾਨ ਨੂੰ ਸਮਰਪਿਤ ਇੱਕ ਵਿਲੱਖਣ ਲੋਕ ਭਲਾਈ ਪਹਿਲ ਦੀ ਸ਼ੁਰੂਆਤ ਕੀਤੀ ਗਈ ਹੈ। “ਬਜ਼ੁਰਗਾਂ ਦੀ ਸਹੂਲਤ, ਸਾਡੀ ਜ਼ਿੰਮੇਵਾਰੀ” ਦੇ ਸੰਦੇਸ਼ ਨਾਲ ਸ਼ੁਰੂ ਕੀਤੀ ਗਈ ਇਹ ਮੁਫ਼ਤ ਈ-ਰਿਕਸ਼ਾ ਸੇਵਾ 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਉਨ੍ਹਾਂ ਦੇ ਰੋਜ਼ਾਨਾ ਦੇ ਜ਼ਰੂਰੀ ਕੰਮਾਂ ਲਈ ਆਵਾਜਾਈ ਦੀ ਸਹੂਲਤ ਮੁਹੱਈਆ ਕਰਵਾਏਗੀ। ਸਮਾਜਿਕ ਸਰੋਕਾਰਾਂ ਨਾਲ ਜੁੜੀ ਇਸ ਤਰ੍ਹਾਂ ਦੀ ਪਹਿਲ ਨੂੰ ਪੰਜਾਬ ਵਿੱਚ ਕਿਸੇ ਰਾਜਨੀਤਿਕ ਆਗੂ ਵੱਲੋਂ ਕੀਤੀ ਗਈ ਆਪਣੀ ਕਿਸਮ ਦੀ ਪਹਿਲੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।

ਇਸ ਸੇਵਾ ਰਾਹੀਂ ਸੀਨੀਅਰ ਸਿਟੀਜ਼ਨ ਗੁਰਦੁਆਰਿਆਂ, ਮੰਦਰਾਂ, ਸਤਸੰਗ ਸਮਾਗਮਾਂ, ਸਮਾਜਿਕ ਪ੍ਰੋਗਰਾਮਾਂ, ਦਵਾਈਆਂ ਦੀ ਖਰੀਦਦਾਰੀ ਅਤੇ ਹੋਰ ਜ਼ਰੂਰੀ ਕੰਮਾਂ ਲਈ ਮੁਫ਼ਤ ਆਵਾਜਾਈ ਸਹੂਲਤ ਦਾ ਲਾਭ ਲੈ ਸਕਣਗੇ। ਇਸ ਉਪਰਾਲੇ ਦਾ ਮੁੱਖ ਉਦੇਸ਼ ਬਜ਼ੁਰਗਾਂ ਨੂੰ ਸਨਮਾਨ ਨਾਲ ਸੁਤੰਤਰ ਅਤੇ ਸੁਖਾਲਾ ਜੀਵਨ ਜਿਊਣ ਵਿੱਚ ਸਹਾਇਤਾ ਕਰਨਾ ਹੈ।

ਇਸ ਮੌਕੇ ਨਿਤਿਨ ਕੋਹਲੀ ਨੇ ਕਿਹਾ ਕਿ ਸਾਡੇ ਬਜ਼ੁਰਗ ਸਮਾਜ ਦੀ ਅਮੋਲਕ ਧਰੋਹਰ ਹਨ। ਉਨ੍ਹਾਂ ਦੇ ਤਜਰਬੇ, ਮਿਹਨਤ ਅਤੇ ਯੋਗਦਾਨ ਨੇ ਅੱਜ ਦੇ ਸਮਾਜ ਦੀ ਨੀਂਹ ਰੱਖੀ ਹੈ। ਇਸ ਲਈ ਉਨ੍ਹਾਂ ਦੀ ਸਹੂਲਤ, ਸੁਰੱਖਿਆ ਅਤੇ ਸਨਮਾਨ ਨੂੰ ਯਕੀਨੀ ਬਣਾਉਣਾ ਸਾਡਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਇਹ ਸੇਵਾ ਸਿਰਫ਼ ਇੱਕ ਆਵਾਜਾਈ ਸਹੂਲਤ ਨਹੀਂ, ਸਗੋਂ ਬਜ਼ੁਰਗਾਂ ਪ੍ਰਤੀ ਸਤਿਕਾਰ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਪ੍ਰਤੀਕ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਵਿਜ਼ਨ ਜਲੰਧਰ ਸੈਂਟਰਲ ਨੂੰ ਅਜਿਹਾ ਹਲਕਾ ਬਣਾਉਣਾ ਹੈ ਜਿੱਥੇ ਵਿਕਾਸ ਦੇ ਨਾਲ-ਨਾਲ ਹਰ ਵਰਗ ਦੀਆਂ ਲੋੜਾਂ ਦਾ ਵੀ ਖ਼ਾਸ ਧਿਆਨ ਰੱਖਿਆ ਜਾਵੇ। ਬਜ਼ੁਰਗਾਂ, ਮਹਿਲਾਵਾਂ, ਨੌਜਵਾਨਾਂ ਅਤੇ ਲੋੜਵੰਦ ਲੋਕਾਂ ਲਈ ਸੁਵਿਧਾਵਾਂ ਉਪਲਬਧ ਕਰਵਾਉਣਾ ਉਨ੍ਹਾਂ ਦੀ ਪ੍ਰਾਥਮਿਕਤਾ ਹੈ। ਇਹ ਪਹਿਲ ਉਸੇ ਸੋਚ ਦਾ ਹਿੱਸਾ ਹੈ, ਜਿਸ ਰਾਹੀਂ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਹੋਰ ਆਸਾਨ ਅਤੇ ਸੁਖਾਲਾ ਬਣਾਇਆ ਜਾ ਸਕੇ।

ਇਸ ਸਮਾਗਮ ਵਿੱਚ ਸੁਭਾਸ਼ ਸ਼ਰਮਾ, ਗੋਲਡੀ ਮਰਵਾਹਾ, ਮਨੀਸ਼ ਸ਼ਰਮਾ, ਪਰਵੀਨ ਪੱਬੀ, ਐਮ.ਬੀ. ਬਾਲੀ, ਸੁਮਿਤ ਸ਼ਰਮਾ, ਰਾਜੀਵ ਗਿੱਲ, ਗੁਰਪ੍ਰੀਤ ਕੌਰ, ਲਵ ਰੌਬਿਨ, ਅਜੈ ਚੋਪੜਾ, ਮਨਮੋਹਨ ਰਾਜੂ, ਦੀਪਕ ਕੁਮਾਰ, ਅਮਰਦੀਪ ਸਿੰਘ ਕਿੰਨੂ, ਜਸਵਿੰਦਰ ਸਿੰਘ, ਤਰਲੋਕ ਸਾਰਨ, ਪਰਵੀਨ ਪਹਲਵਾਨ, ਨਰੇਸ਼ ਸ਼ਰਮਾ, ਜਤਿਨ ਗੁਲਾਟੀ, ਨਿਖਿਲ ਅਰੋੜਾ, ਹਰਪਾਲ ਮਿੰਟੂ, ਅਸ਼ੋਕ ਸਾਬਰਵਾਲ, ਤਰਨਦੀਪ ਸੰਨੀ, ਲਗਨਦੀਪ ਅਤੇ ਜਸਪ੍ਰੀਤ ਸਿੰਘ ਰਿੱਪੀ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਇਸ ਪਹਿਲ ਦੀ ਸਰਾਹਨਾ ਕਰਦੇ ਹੋਏ ਇਸ ਨੂੰ ਜਲੰਧਰ ਸੈਂਟਰਲ ਦੇ ਸੀਨੀਅਰ ਨਾਗਰਿਕਾਂ ਲਈ ਸਨਮਾਨ, ਸੁਵਿਧਾ ਅਤੇ ਦੇਖਭਾਲ ਨੂੰ ਯਕੀਨੀ ਬਣਾਉਣ ਵੱਲ ਇੱਕ ਸੋਚ-ਵਿਚਾਰ ਨਾਲ ਚੁੱਕਿਆ ਗਿਆ ਕਦਮ ਕਰਾਰ ਦਿੱਤਾ।

ਇਲਾਕੇ ਦੇ ਵਸਨੀਕਾਂ ਅਤੇ ਸੀਨੀਅਰ ਸਿਟੀਜ਼ਨਾਂ ਨੇ ਇਸ ਪਹਿਲ ਦਾ ਭਰਪੂਰ ਸਵਾਗਤ ਕਰਦਿਆਂ ਇਸ ਨੂੰ ਲੋਕ ਭਲਾਈ ਲਈ ਇੱਕ ਸ਼ਲਾਘਾਯੋਗ ਕਦਮ ਕਰਾਰ ਦਿੱਤਾ ਹੈ।

ਇਸ ਸੇਵਾ ਦਾ ਲਾਭ ਲੈਣ ਲਈ ਸੀਨੀਅਰ ਸਿਟੀਜ਼ਨ 0181-5018181 ਅਤੇ 89686-21277 ’ਤੇ ਸੰਪਰਕ ਕਰ ਸਕਦੇ ਹਨ।