Skip to content

ਮਾਨਸਾ 'ਚ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਪਰਿਵਾਰ ਨੇ ਗੁਆਂਢੀਆਂ 'ਤੇ ਜਤਾਇਆ ਸ਼ੱਕ

ਮਾਨਸਾ 'ਚ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਪਰਿਵਾਰ ਨੇ ਗੁਆਂਢੀਆਂ 'ਤੇ ਜਤਾਇਆ ਸ਼ੱਕ
Share Facebook X WhatsApp Telegram Email
View in ePaper

ਪਬਲਿਕ ਟਾਈਮਜ਼ ਬਿਊਰੋ : ਪੰਜਾਬ ਵਿੱਚ ਕਤਲ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਇਸੇ ਦੌਰਾਨ ਬੁੱਧਵਾਰ ਸਵੇਰੇ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਇਲਾਕੇ ਵਿੱਚ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।

ਮ੍ਰਿਤਕ ਦੀ ਪਛਾਣ 29 ਸਾਲਾ ਰਾਜਦੀਪ ਸਿੰਘ ਵਜੋਂ ਹੋਈ ਹੈ, ਜੋ ਪਿੰਡ ਦਰਿਆਪੁਰ ਖੁਰਦ ਦਾ ਵਸਨੀਕ ਸੀ ਅਤੇ ਬੁਢਲਾਡਾ ਸਬਜ਼ੀ ਮੰਡੀ ਵਿੱਚ ਮੁਨੀਮ ਵਜੋਂ ਕੰਮ ਕਰਦਾ ਸੀ। ਜਾਣਕਾਰੀ ਅਨੁਸਾਰ ਰਾਜਦੀਪ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਕਰੀਬ ਸਾਢੇ ਚਾਰ ਵਜੇ ਆਪਣੇ ਘਰ ਤੋਂ ਸਬਜ਼ੀ ਮੰਡੀ ਲਈ ਨਿਕਲਿਆ ਸੀ, ਪਰ ਉਹ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚ ਸਕਿਆ।

ਪਰਿਵਾਰਕ ਮੈਂਬਰਾਂ ਦੇ ਮੁਤਾਬਕ, ਘਰ ਤੋਂ ਕੁਝ ਹੀ ਦੂਰੀ 'ਤੇ ਪਹਿਲਾਂ ਤੋਂ ਘਾਤ ਲਗਾ ਕੇ ਬੈਠੇ ਹਮਲਾਵਰਾਂ ਨੇ ਉਸ ਨੂੰ ਰਸਤੇ ਵਿੱਚ ਰੋਕ ਲਿਆ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਪਹਿਲਾਂ ਉਸ ਨੂੰ ਸਕੂਟੀ ਤੋਂ ਡਿੱਗਾਇਆ ਅਤੇ ਫਿਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਦਰਿਆਪੁਰ ਅਤੇ ਕੁਲਾਣਾ ਦੇ ਵਿਚਕਾਰ ਰੇਲਵੇ ਫਾਟਕ ਨੇੜੇ ਸੜਕ 'ਤੇ ਖੂਨ ਨਾਲ ਲਥਪਥ ਲਾਸ਼ ਮਿਲਣ ਤੋਂ ਬਾਅਦ ਰਾਹਗੀਰਾਂ ਨੇ ਪਰਿਵਾਰ ਅਤੇ ਪੁਲਿਸ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚੇ ਪਰਿਵਾਰਕ ਮੈਂਬਰਾਂ ਨੇ ਲਾਸ਼ ਦੀ ਪਛਾਣ ਰਾਜਦੀਪ ਸਿੰਘ ਵਜੋਂ ਕੀਤੀ।

ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ। ਨਾਲ ਹੀ ਇਲਾਕੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕਰਕੇ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਮ੍ਰਿਤਕ ਦੇ ਪਰਿਵਾਰ ਨੇ ਆਪਣੇ ਕੁਝ ਗੁਆਂਢੀਆਂ 'ਤੇ ਸ਼ੱਕ ਜਤਾਇਆ ਹੈ। ਮ੍ਰਿਤਕ ਦੀ ਮਾਤਾ ਜਸਬੀਰ ਕੌਰ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਗੁਆਂਢ ਵਿੱਚ ਇੱਕ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ 'ਤੇ ਤਰ੍ਹਾਂ-ਤਰ੍ਹਾਂ ਦੇ ਦੋਸ਼ ਲਗਾਏ ਜਾ ਰਹੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਕਾਰਨ ਉਨ੍ਹਾਂ ਦਾ ਪਰਿਵਾਰ ਮਾਨਸਿਕ ਤਣਾਅ ਵਿੱਚੋਂ ਲੰਘ ਰਿਹਾ ਸੀ।

ਜਸਬੀਰ ਕੌਰ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਹੋਵੇ ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਉਨ੍ਹਾਂ ਨੇ ਪੰਚਾਇਤ ਅਤੇ ਪਿੰਡ ਦੇ ਬਜ਼ੁਰਗਾਂ ਨੂੰ ਵੀ ਅਪੀਲ ਕੀਤੀ ਕਿ ਇਸ ਸੰਵੇਦਨਸ਼ੀਲ ਮਾਮਲੇ ਵਿੱਚ ਨਿਰਪੱਖਤਾ ਨਾਲ ਕਾਰਵਾਈ ਯਕੀਨੀ ਬਣਾਈ ਜਾਵੇ।

ਜ਼ਿਕਰਯੋਗ ਹੈ ਕਿ ਰਾਜਦੀਪ ਸਿੰਘ ਵਿਆਹਿਆ ਹੋਇਆ ਸੀ ਅਤੇ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।