Skip to content

ਲਖਨਊ 'ਚ ਭਿਆਨਕ ਅੱਗ ਦਾ ਕਹਿਰ, ਐਨੀਮੇਸ਼ਨ ਸਟੂਡੀਓ ਅਤੇ ਕੋਚਿੰਗ ਸੈਂਟਰ ਵਿੱਚ ਫਸੇ 15 ਨੌਜਵਾਨਾਂ ਦੀ ਮੌਤ

ਲਖਨਊ 'ਚ ਭਿਆਨਕ ਅੱਗ ਦਾ ਕਹਿਰ, ਐਨੀਮੇਸ਼ਨ ਸਟੂਡੀਓ ਅਤੇ ਕੋਚਿੰਗ ਸੈਂਟਰ ਵਿੱਚ ਫਸੇ 15 ਨੌਜਵਾਨਾਂ ਦੀ ਮੌਤ
Share Facebook X WhatsApp Telegram Email
View in ePaper

ਲਖਨਊ, 22 ਜੂਨ: ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਅਲੀਗੰਜ ਇਲਾਕੇ ਵਿੱਚ ਸੋਮਵਾਰ ਨੂੰ ਇੱਕ ਤਿੰਨ ਮੰਜ਼ਿਲਾ ਵਪਾਰਕ ਇਮਾਰਤ ਵਿੱਚ ਲੱਗੀ ਭਿਆਨਕ ਅੱਗ ਕਾਰਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਜ਼ਿਆਦਾਤਰ 22 ਤੋਂ 27 ਸਾਲ ਦੀ ਉਮਰ ਦੇ ਵਿਦਿਆਰਥੀ ਅਤੇ ਨੌਜਵਾਨ ਕਰਮਚਾਰੀ ਸ਼ਾਮਲ ਸਨ। ਮ੍ਰਿਤਕਾਂ ਵਿੱਚ ਚਾਰ ਲੜਕੀਆਂ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਨੌਂ ਹੋਰ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ (KGMU) ਦੇ ਟਰਾਮਾ ਸੈਂਟਰ ਵਿੱਚ ਚੱਲ ਰਿਹਾ ਹੈ।

ਜਿਸ ਇਮਾਰਤ ਵਿੱਚ ਇਹ ਹਾਦਸਾ ਵਾਪਰਿਆ, ਉਸ ਦੇ ਹੇਠਲੇ ਹਿੱਸੇ ਵਿੱਚ ਪਾਲਤੂ ਜਾਨਵਰਾਂ ਦੀ ਦੁਕਾਨ ਅਤੇ ਕਲੀਨਿਕ ਸਥਿਤ ਸੀ, ਜਦਕਿ ਦੂਜੀ ਮੰਜ਼ਿਲ 'ਤੇ "ਲਰਨਿੰਗ ਸਪੇਸ" ਨਾਮਕ ਲਾਇਬ੍ਰੇਰੀ ਅਤੇ ਕੋਚਿੰਗ ਸੈਂਟਰ ਦੇ ਨਾਲ "ਹੈੱਡ ਹੌਪਰ ਸਟੂਡੀਓ" ਚੱਲ ਰਿਹਾ ਸੀ, ਜੋ 3ਡੀ ਆਰਟ ਅਤੇ ਗੇਮਿੰਗ ਨਾਲ ਸੰਬੰਧਿਤ ਕੰਮ ਕਰਦਾ ਹੈ।

ਜਾਣਕਾਰੀ ਅਨੁਸਾਰ, ਘਟਨਾ ਸਮੇਂ ਲਗਭਗ 35 ਵਿਦਿਆਰਥੀ ਅਤੇ ਇੰਟਰਨ ਉੱਥੇ ਮੌਜੂਦ ਸਨ। ਕੁਝ ਲੋਕ ਬਾਹਰ ਨਿਕਲਣ ਵਿੱਚ ਕਾਮਯਾਬ ਰਹੇ, ਜਦਕਿ ਕਈਆਂ ਨੇ ਜਾਨ ਬਚਾਉਣ ਲਈ ਉੱਚੀਆਂ ਮੰਜ਼ਿਲਾਂ ਤੋਂ ਛਾਲਾਂ ਮਾਰੀਆਂ। ਕੁਝ ਵਿਦਿਆਰਥੀਆਂ ਨੇ ਅੱਗ ਤੋਂ ਬਚਣ ਲਈ ਆਪਣੇ ਆਪ ਨੂੰ ਬਾਥਰੂਮਾਂ ਵਿੱਚ ਬੰਦ ਕਰ ਲਿਆ, ਪਰ ਉਹ ਧੂੰਏਂ ਅਤੇ ਅੱਗ ਦੀ ਲਪੇਟ ਵਿੱਚ ਆ ਗਏ।

ਮੌਕੇ 'ਤੇ 14 ਫਾਇਰ ਬ੍ਰਿਗੇਡ ਗੱਡੀਆਂ ਅਤੇ ਹਾਈਡ੍ਰੌਲਿਕ ਪਲੇਟਫਾਰਮ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਐਸਡੀਆਰਐਫ, ਐਨਡੀਆਰਐਫ, ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਨੇ ਸਾਂਝੇ ਤੌਰ 'ਤੇ ਰਾਹਤ ਅਤੇ ਬਚਾਅ ਕਾਰਜ ਚਲਾਏ। ਅੰਦਰ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਅੱਗ ਬੁਝਾਊ ਕਰਮਚਾਰੀਆਂ ਨੂੰ ਇਮਾਰਤ ਦੀ ਪਿਛਲੀ ਕੰਧ ਤੋੜਨੀ ਪਈ।

ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅੱਗ ਦੁਪਹਿਰ ਕਰੀਬ 2.30 ਵਜੇ ਬੇਸਮੈਂਟ ਵਿੱਚ ਸਥਿਤ ਪੈੱਟ ਸ਼ਾਪ ਦੇ ਏਅਰ ਕੰਡੀਸ਼ਨਰ ਵਿੱਚ ਸ਼ਾਰਟ ਸਰਕਟ ਕਾਰਨ ਲੱਗੀ ਅਤੇ ਜਲਣਸ਼ੀਲ ਸਮੱਗਰੀ ਅਤੇ ਲੱਕੜੀ ਦੇ ਫਰਨੀਚਰ ਕਾਰਨ ਤੇਜ਼ੀ ਨਾਲ ਪੂਰੀ ਇਮਾਰਤ ਵਿੱਚ ਫੈਲ ਗਈ।

ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਆਪਣੇ ਸਾਰੇ ਪ੍ਰੋਗਰਾਮ ਰੱਦ ਕਰਕੇ ਲਖਨਊ ਪਹੁੰਚ ਕੇ ਹਾਦਸੇ ਵਾਲੀ ਥਾਂ ਅਤੇ ਹਸਪਤਾਲ ਦਾ ਦੌਰਾ ਕੀਤਾ। ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਲਈ 5-5 ਲੱਖ ਰੁਪਏ ਅਤੇ ਜ਼ਖ਼ਮੀਆਂ ਲਈ 50 ਹਜ਼ਾਰ ਰੁਪਏ ਦੀ ਆਰਥਿਕ ਮਦਦ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਘਟਨਾ ਦੀ ਜਾਂਚ ਲਈ ਦੋ ਮੈਂਬਰੀ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਗਿਆ ਹੈ, ਜਿਸ ਨੂੰ ਸੱਤ ਦਿਨਾਂ ਵਿੱਚ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਗਏ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਹਾਦਸੇ 'ਤੇ ਦੁੱਖ ਪ੍ਰਗਟ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਲਈ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਲਈ 50 ਹਜ਼ਾਰ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ।

ਇਸ ਮਾਮਲੇ ਵਿੱਚ ਪੁਲਿਸ ਨੇ ਦੇਰ ਰਾਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਛੇ ਨਾਮਜ਼ਦ ਵਿਅਕਤੀਆਂ ਸਮੇਤ ਹੋਰ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਹਾਦਸੇ ਦੌਰਾਨ ਇਮਾਰਤ ਵਿੱਚ ਮੌਜੂਦ ਛੇ ਤੋਂ ਵੱਧ ਪਾਲਤੂ ਜਾਨਵਰ, ਜਿਨ੍ਹਾਂ ਵਿੱਚ ਕੁੱਤੇ ਅਤੇ ਬਿੱਲੀਆਂ ਵੀ ਸ਼ਾਮਲ ਸਨ, ਅੱਗ ਦੀ ਲਪੇਟ ਵਿੱਚ ਆ ਕੇ ਮਾਰੇ ਗਏ।

ਇਸ ਦਰਦਨਾਕ ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਸ਼ਹਿਰ ਦੀਆਂ ਬਹੁ-ਮੰਜ਼ਿਲਾ ਵਪਾਰਕ ਇਮਾਰਤਾਂ ਵਿੱਚ ਫਾਇਰ ਸੇਫਟੀ ਪ੍ਰਬੰਧਾਂ ਦੀ ਵਿਸ਼ੇਸ਼ ਜਾਂਚ ਕਰਨ ਦਾ ਫੈਸਲਾ ਕੀਤਾ ਹੈ।