*ਪੰਜਾਬ ਸਰਕਾਰ ਦੀ ਲੈਂਡਪੂਲਿੰਗ ਸਕੀਮ ਕਿਸਾਨੀ ਨੂੰ ਉਜਾੜਨ ਨਾਲ ਜਨ ਜੀਵਨ ਅਤੇ ਪੰਜਾਬ ਦੀ ਵਿਰਾਸਤ ਤੇ ਸਿੱਧਾ ਹਮਲਾ ਹੈ
* :- *ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ*
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀਆਂ ਜਮੀਨਾਂ ਦੇ ਸੰਬੰਧ ਵਿੱਚ ਲਿਆਂਦੀ ਜਾ ਰਹੀ ਲੈਂਡ ਪੂਲਿੰਗ ਪੋਲਿਸੀ ਨੇ ਇਹ ਸਪਸ਼ਟ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਦੀਆਂ ਭਾਵਨਾਵਾਂ ਦੀ ਕੋਈ ਪਰਵਾਹ ਨਹੀਂ ਕਰਦੀ। ਇਸ ਸਰਕਾਰ ਨੇ ਪਿੰਡਾਂ ਵਿੱਚ ਰਹਿੰਦੇ ਕਿਸਾਨਾਂ ਦੀਆਂ ਜਮੀਨਾਂ ਨੂੰ ਆਪਣੇ ਸਿਆਸੀ ਹਿੱਤਾਂ ਅਤੇ ਲਾਲਚ ਦੀ ਪੂਰਤੀ ਵਾਸਤੇ ਮਾਲੀਆ ਸਮਝ ਰੱਖਿਆ ਹੈ। ਪੰਜਾਬ ਖੇਤੀ ਨਿਰਧਾਰਿਤ ਸੂਬਾ ਹੈ ਅਤੇ ਕਿਸਾਨਾਂ ਲਈ ਜਮੀਨ ਮਾਤਾ ਦੇ ਬਰਾਬਰ ਹੁੰਦੀ ਹੈ। ਕਿਸਾਨੀ ਪਰਿਵਾਰਾਂ ਦਾ ਆਪਣੇ ਪਿੰਡਾਂ ਅਤੇ ਆਪਣੀ ਜਮੀਨ ਦੇ ਨਾਲ ਕਈ ਪੀੜੀਆਂ ਤੋਂ ਬਹੁਤ ਗੂੜਾ ਅਤੇ ਭਾਵਨਾਤਮਕ ਰਿਸ਼ਤਾ ਨਾਤਾ ਹੁੰਦਾ ਤੇ ਰਹਿੰਦਾ ਹੈ। ਪੰਜਾਬ ਦੀ ਸਮਾਜਿਕ ਤੇ ਆਰਥਿਕ ਸਥਿਤੀ ਇਸ ਦੇ ਖੇਤੀਬਾੜੀ ਵਾਲੇ ਖੇਤਰ ਨਾਲ ਜੁੜੀ ਹੋਈ ਹੈ।
ਜਥੇਦਾਰ ਵਡਾਲਾ ਨੇ ਆਖਿਆ ਕਿ ਪੰਜਾਬ ਦੀ ਉਪਜਾਊ ਅਤੇ ਜ਼ਰਖ਼ੇਜ਼ ਜਮੀਨ ਉੱਪਰ ਖੇਤੀ ਕਰਕੇ ਪੰਜਾਬ ਦੇ ਕਿਸਾਨਾਂ ਨੇ ਦੇਸ਼ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾਇਆ ਅਤੇ ਦੇਸ਼ ਨੂੰ ਅੰਨ ਦਾ ਉਤਪਾਦਨ ਕਰਕੇ ਆਤਮ ਨਿਰਭਰ ਵੀ ਕੀਤਾ।ਪੰਜਾਬ ਦੇ ਕਿਸਾਨੀ ਪਰਿਵਾਰਾਂ ਨੇ ਪੀੜੀ ਦਰ ਪੀੜੀ ਮਿਹਨਤ ਕਰਕੇ ਧਰਤੀ ਨੂੰ ਉਪਜਾਊ ਬਣਾਇਆ ਅਤੇ ਹਰੀ ਕ੍ਰਾਂਤੀ ਲਿਆਂਦੀ। ਇਸ ਦੇ ਨਾਲ ਵੱਖਰੀਆਂ ਵੱਖਰੀਆਂ ਫਸਲਾਂ ਦੀ ਰਿਕਾਰਡ ਪੈਦਾਵਾਰ ਕਰਕੇ ਦੇਸ਼ ਅੰਦਰੋਂ ਅੰਨ ਦੀ ਕਿੱਲਤ ਨੂੰ ਵੀ ਦੂਰ ਕੀਤਾ ਅਤੇ ਭੁੱਖਮਰੀ ਖਤਮ ਹੋਈ।ਇਹ ਕਿਸਾਨੀ ਦਾ ਧੰਦਾ ਕਿਸਾਨ ਪਰਿਵਾਰਾਂ ਲਈ ਰੋਜੀ ਰੋਟੀ ਦਾ ਬਹੁਤ ਵੱਡਾ ਸਾਧਨ ਵੀ ਬਣਿਆ ਅਤੇ ਇਸ ਨਾਲ ਸਵੈ ਰੁਜ਼ਗਾਰ ਵੀ ਪ੍ਰਾਪਤ ਹੋ ਸਕਿਆ। ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਪਹਿਚਾਣ ਉਨਾਂ ਦੀ ਜਮੀਨ ਅਤੇ ਖੇਤਾਂ ਨਾਲ ਜੁੜੀ ਹੁੰਦੀ ਹੈ। ਇਹ ਪੰਜਾਬ ਦੀ ਮਹਾਨ ਵਿਰਾਸਤ ਦਾ ਹਿੱਸਾ ਹੈ। ਮੌਜੂਦਾ ਸਮੇਂ ਦੇ ਹਾਲਾਤਾਂ ਨੂੰ ਦੇਖੀਏ ਤਾਂ ਕਿਸਾਨੀ ਅੱਜ ਸੰਕਟ ਦਾ ਸਾਹਮਣਾ ਕਰ ਰਹੀ ਹੈ ਅਤੇ ਕਿਸਾਨ ਪਰਿਵਾਰਾਂ ਤੇ ਕਈ ਤਰ੍ਹਾਂ ਦਾ ਬੋਝ ਬਣਿਆ ਹੋਇਆ ਹੈ।ਕਿਸਾਨੀ ਅੰਦੋਲਨ ਤੋਂ ਬਾਅਦ ਖੇਤੀਬਾੜੀ ਦੇ ਖੇਤਰ ਵਿੱਚ ਹਜੇ ਵੀ ਕਈ ਤਰ੍ਹਾਂ ਦੀਆਂ ਚੁਣੌਤੀਆਂ ਬਣੀਆਂ ਹੋਈਆਂ ਹਨ।
ਪੰਜਾਬ ਸਰਕਾਰ ਨੂੰ ਕਿਸਾਨਾਂ ਦੇ ਜਨ ਜੀਵਨ ਨੂੰ ਸੁਖਾਵਾਂ ਬਣਾਉਣ ਲਈ ਕਿਸਾਨਾਂ ਦੀ ਸਲਾਹ ਨਾਲ ਦੂਰ ਦ੍ਰਿਸ਼ਟੀ ਵਾਲੀ ਪ੍ਰਭਾਵਸ਼ਾਲੀ ਅਤੇ ਲਾਭਦਾਇਕ ਨੀਤੀ ਨੂੰ ਅਪਣਾਉਣਾ ਚਾਹੀਦਾ ਸੀ। ਲੇਕਿਨ ਇਸ ਦੇ ਬਜਾਏ ਸਰਕਾਰ ਹਜ਼ਾਰਾਂ ਹੀ ਕਿਸਾਨ ਪਰਿਵਾਰਾਂ ਨੂੰ ਉਜਾੜਨ ਦੇ ਰਾਹ ਤੁਰ ਪਈ। ਇਸ ਫੈਂਸਲੇ ਨਾਲ ਪਿੰਡਾਂ ਚ ਰਹਿਣ ਵਾਲੇ ਕਿਸਾਨ ਪਰਿਵਾਰਾਂ ਅਤੇ ਮਿਹਨਤੀ ਮਜ਼ਦੂਰ ਪਰਿਵਾਰਾਂ ਦੀ ਹੋਂਦ ਨੂੰ ਖਤਰਾ ਬਣ ਗਿਆ ਹੈ। ਅਗਰ ਅਸੀਂ ਆਪਣੀ ਹੋਂਦ ਨੂੰ ਬਚਾ ਨਾ ਸਕੇ ਅਤੇ ਪੰਜਾਬ ਸਰਕਾਰ ਦੇ ਧੱਕੇ ਦਾ ਸ਼ਿਕਾਰ ਹੋਏ,ਫਿਰ ਇਹ ਸਥਿਤੀ ਪੰਜਾਬ ਨੂੰ ਖਤਰਨਾਕ ਮੋੜ ਵੱਲ ਲਿਜਾ ਸਕਦੀ ਹੈ।
ਪੰਜਾਬ ਵਿੱਚ ਸ਼ਹਿਰੀ ਆਵਾਸ ਯਾਂ ਮਕਾਨ ਬਣਾਉਣ ਵਾਸਤੇ ਪਲਾਟਾਂ ਦੀ ਕੋਈ ਘਾਟ ਨਹੀਂ ਹੈ ਅਤੇ ਨਾ ਹੀ ਇਸ ਖੇਤਰ ਵਿੱਚ ਕਿਸੇ ਕਿਸਮ ਦਾ ਕੋਈ ਸੰਕਟ ਨਜ਼ਰ ਆਉਂਦਾ। ਪੰਜਾਬ ਦੀ ਉਪਜਾਊ ਜ਼ਮੀਨ ਨੂੰ ਮਾਲੀਆ ਇਕੱਠਾ ਕਰਨ ਦਾ ਇੱਕ ਸਰੋਤ ਬਣਾ ਕੇ ਤੇ, ਖੇਤੀ ਹੇਠ ਜ਼ਮੀਨ ਨੂੰ ਘਟਾ ਕੇ ਫਸਲਾਂ ਦੀ ਪੈਦਾਵਾਰ ਤੇ ਸਿੱਧਾ ਅਸਰ ਪਾਉਣਾ,ਪੰਜਾਬ ਸਰਕਾਰ ਦੀ ਲੋਕ ਮਾਰੂ ਤੇ ਕਿਸਾਨ ਉਜਾੜੂ ਨੀਤੀ ਦਾ ਪਰਦਾਫਾਸ਼ ਕਰਦੀ ਹੈ। ਸਰਕਾਰਾਂ ਲੋਕਾਂ ਦੇ ਵਸੇਵੇ ਵਾਸਤੇ ਕੰਮ ਕਰਦੀਆਂ ਹਨ, ਨਾ ਕਿ ਉਹਨਾਂ ਨੂੰ ਆਪਣੇ ਘਰੋਂ ਪੱਟ ਕੇ ਤੇ ਪਰਿਵਾਰਾਂ ਵਿੱਚ ਅਸਥਿਰਤਾ ਪੈਦਾ ਕਰਕੇ ਉਨਾਂ ਦਾ ਮਾਲੀ ਨੁਕਸਾਨ ਤੇ ਸਮਾਜਿਕ ਸ਼ੋਸ਼ਣ ਕਰਨਾ ਹੁੰਦਾ ਹੈ।
ਜਥੇਦਾਰ ਵਡਾਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਇਹਨਾਂ ਦੇ ਦਿੱਲੀ ਤੋਂ ਆਏ ਲੀਡਰ ਪੰਜਾਬੀਆਂ ਦੇ ਨਾਲ ਬਹੁਤ ਵੱਡਾ ਧ੍ਰੋਹ ਕਮਾਉਣ ਜਾ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਅਤੇ ਉਨਾਂ ਦੇ ਸਾਥੀ ਆਪਣੀਆਂ ਸੂਬੇ ਦੇ ਲੋਕਾਂ ਪ੍ਰਤੀ ਜਿੰਮੇਵਾਰੀਆਂ ਤੋਂ ਪਿੱਛੇ ਹਟਦੇ ਨਜ਼ਰ ਆ ਰਹੇ ਹਨ। ਦਿੱਲੀ ਤੋਂ ਆਏ ਅਰਵਿੰਦ ਕੇਜਰੀਵਾਲ ਅਤੇ ਹੋਰ ਲੀਡਰ ਆਪਣੀ ਮਨ ਮਰਜ਼ੀ ਦੇ ਨਾਲ ਫੈਸਲੇ ਲੈ ਕੇ ਪੰਜਾਬ ਦੇ ਆਰਥਿਕ ਅਤੇ ਸਮਾਜਿਕ ਤਾਣੇ ਬਾਣੇ ਨੂੰ ਉਲਝਾਉਣ ਅਤੇ ਕਮਜ਼ੋਰ ਕਰਨ ਤੇ ਤੁਲੇ ਹੋਏ ਨੇ। ਇਹਨਾਂ ਦਿੱਲੀ ਵਾਲੇ ਲੀਡਰਾਂ ਦੇ ਵਿਰੁੱਧ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੂੰ ਹਿੰਮਤ ਦੇ ਨਾਲ ਰਾਜਨੀਤਿਕ ਇੱਛਾ ਸ਼ਕਤੀ ਦਿਖਾ ਕੇ ਪੰਜਾਬ ਦੇ ਹਿੱਤਾਂ ਵਾਸਤੇ ਖੜਨਾ ਚਾਹੀਦਾ ਹੈ। ਪੰਜਾਬ ਸਰਕਾਰ ਨੂੰ ਅਗਰ ਮਾਲੀਏ ਦੀ ਲੋੜ ਹੈ ਤੇ ਉਹਨਾਂ ਨੂੰ ਕਿਸਾਨਾਂ ਦੀ ਉਪਜਾਊ ਜ਼ਮੀਨ ਨੂੰ ਬਿਨਾਂ ਲੋੜ ਉਜਾੜਨਾ ਨਹੀਂ ਚਾਹੀਦਾ ਅਤੇ ਇਸ ਮਾਲੀਏ ਨੂੰ ਜਤਾਉਣ ਵਾਸਤੇ ਹੋਰ ਸਾਧਨ ਲੱਭਣੇ ਚਾਹੀਦੇ ਹਨ। ਪੰਜਾਬ ਦੇ ਕਿਸਾਨ ਕਦਾ ਚਿੱਤ ਵੀ ਇਸ ਬੇਲੋੜੀ ਅਤੇ ਕਿਸਾਨ ਮਾਰੂ ਜਮੀਨ ਉਜਾੜੂ ਸਕੀਮ ਨੂੰ ਪ੍ਰਵਾਨ ਨਹੀਂ ਕਰਨਗੇ। ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਪਿਛਲੇ ਬੀਤੇ ਹੋਏ ਵਕਤ ਤੋਂ ਸਬਕ ਸਿੱਖਣਾ ਚਾਹੀਦਾ ਹੈ ਅਤੇ ਪੰਜਾਬ ਦੇ ਅਣਖੀਲੇ ਕਿਸਾਨਾਂ ਦੇ ਜਜ਼ਬੇ ਨਾਲ ਖੇਡਣ ਦੀ ਬਜਾਏ ਇਸ ਸਕੀਮ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ।

