ਅੰਦੋਲਨਕਾਰੀ ਅਤੇ ਸੰਘਰਸ਼ੀਲ ਕਿਸਾਨ 2020 ਦੀ ਸਭ ਤੋਂ ਅਹਿਮ ਸ਼ਖਸ਼ੀਅਤ: ਦਲ ਖਾਲਸਾ

ਜਲੰਧਰ- ਦਲ ਖਾਲਸਾ ਅਤੇ ਉਸ ਦੀਆਂ ਸਹਿਯੋਗੀ ਜਥੇਬੰਦੀਆਂ –  ਸਿੱਖ ਫੈਡਰੇਸ਼ਨ ਯੂ.ਕੇ,, ਸਿੱਖ ਯੂਥ ਆਫ  ਅਮਰੀਕਾ, ਸਿੱਖ ਯੂਥ ਆਫ  ਪੰਜਾਬ, ਸਿੱਖ ਯੂਥ ਫੈਡਰੇਸ਼ਨ ਭਿੰਡਰਾਵਾਲਾ ਵਲੋਂ ‘ਅੰਦੋਲਨਕਾਰੀ ( ਸੰਘਰਸ਼ੀਲ) ਕਿਸਾਨ’ ਜਿਸਨੇ ਨਰਿੰਦਰ ਮੋਦੀ ਦੀ ਤਾਨਾਸ਼ਾਹ ਹਕੂਮਤ ਦੇ ਖੇਤੀ-ਮਾਰੂ ਕਾਲੇ ਕਾਨੂੰਨਾਂ ਨੂੰ ਚੈਲੰਜ ਕਰਨ ਦੀ ਹਿੰਮਤ ਅਤੇ ਦ੍ਰਿੜਤਾ ਦਿਖਾਈ ਹੈ, ਨੂੰ ਸਾਲ 2020 ਦੀ ਸਭ ਤੋਂ ਅਹਿਮ ਸ਼ਖਸ਼ੀਅਤ ਐਲਾਨਿਆ ਹੈ।


ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਕਿਸਾਨਾਂ ਨੇ ਆਪਣੇ ਭਵਿੱਖ, ਆਰਥਿਕਤਾ ਅਤੇ ਹੋਂਦ ਨੂੰ ਸੁਰੱਖਿਅਤ ਕਰਨ ਲਈ ਨਰਿੰਦਰ ਮੋਦੀ ਦੀ ਫਾਸੀਵਾਦੀ ਹਕੂਮਤ ਵਲੋਂ ਘੜੇ ਤਿੰਨ ਵਿਵਾਦਿਤ ਖੇਤੀ ਕਾਨੂੰਨਾਂ ਨੂੰ ਚੁਣੌਤੀ ਦੇ ਕੇ ਦ੍ਰਿੜਤਾ, ਸੂਝ-ਬੂਝ ਅਤੇ ਨਿਡੱਰਤਾ ਦਾ ਪ੍ਰਗਟਾਵਾ ਕੀਤਾ ਹੈ, ਜਿਸ ‘ਤੇ ਮਾਣ ਕਰਦਿਆਂ ਸਾਡੀਆਂ ਜਥੇਬੰਦੀਆਂ ‘ਸੰਘਰਸ਼ੀਲ ਕਿਸਾਨ’ ਨੂੰ ਸਾਲ 2020 ਦਾ (ਪਰਨਸ ਆਫ ਦ ਯੀਅਰ) ਸੱਭ ਤੋਂ ਅਹਿਮ ਸ਼ਖਸ਼ੀਅਤ ਐਲਾਨਦੀਆਂ ਹਨ। ਦਲ ਖਾਲਸਾ ਦੇ ਯੂਥ ਵਿੰਗ ‘ਸਿੱਖ ਯੂਥ ਆਫ ਪੰਜਾਬ’ ਨੇ ਇਸ ਸਬੰਧੀ ਪੋਸਟਰ ਵੀ ਜਾਰੀ ਕੀਤਾ। 

ਆਪਣੇ ਫੈਸਲੇ ਬਾਰੇ ਖੁਲਾਸਾ ਕਰਦਿਆਂ, ਕੰਵਰਪਾਲ ਸਿੰਘ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਨੇ ਜਦੋਂ ਖੇਤੀ ਨਾਲ ਸਬੰਧਤਿ ਤਿੰਨ ਕਾਨੂੰਨ ਬਣਾਏ ਤਾਂ ਕਿਸਾਨ ਨੇ ਆਪਣਾ ਵਿਰੋਧ ਜਿਤਾਇਆ, ਕਾਲੇ ਕਾਨੂੰਨਾਂ ਨੂੰ ਰੱਦ ਕਰਦਿਆਂ ਇਹਨਾਂ ਨੂੰ ਵਾਪਿਸ ਲੈਣ ਲਈ ਕੇਂਦਰ ਕੋਲੋਂ ਮੰਗ ਕੀਤੀ ਅਤੇ ਉਹ ੳਦੋਂ ਵੀ ਨਹੀਂ ਡੋਲੇ ਜਦੋਂ ਉਹਨਾਂ ਨੂੰ ਆਪਣੀ ਮੰਗ ਦੇ ਜੁਆਬ ਵਿੱਚ ਸਰਕਾਰ ਵੱਲੋਂ ਅਥਰੂ-ਗੈਸ, ਡਾਂਗਾਂ ਅਤੇ ਪਾਣੀ ਦੀਆਂ ਬੁਛਾੜਾਂ ਮਿਲਿਆਂ। ਉਹ ਬੇਕੌਫ ਹੋਕੇ ਦਿੱਲੀ ਨੂੰ ਕੂਚ ਕਰਦੇ ਗਏ ਅਤੇ ਦਿੱਲੀ ਜਾ ਘੇਰੀ।

ਉਹਨਾਂ ਦਸਿਆ ਕਿ ਕਿਸਾਨ ਅੰਦੋਲਨ ਕਿਸੇ ਇਕ ਵਿਅਕਤੀ ਜਾ ਜਥੇਬੰਦੀ ਨਾਲ ਜੁੜਿਆਂ ਨਹੀਂ ਹੈ। ਇਸੇ ਲਈ ਉਹਨਾਂ ਕਿਸਾਨ ਨੂੰ ਸਮੂਹਿਕ ਰੂਪ ( collective identity) ਦੇ ਵਿੱਚ ਦੇਖਦਿਆਂ ਇਸ ਸਾਲ ਦੀ ਸਭ ਕੋ ਅਹਿਸ ਸ਼ਖ਼ਸੀਅਤ ਐਲਾਨਿਆ ਹੈ।  ਉਹਨਾਂ ਹੋਰਨਾ ਸਿੱਖ ਸੰਸਥਾਵਾਂ ਨੂੰ ਵੀ ਸੰਘਰਸ਼ੀਲ ਕਿਸਾਨ ਨੂੰ ‘ ਪਰਸਨ ਆਫ  ਦ ਯੀਅਰ’ ਐਲਾਨ ਕਰਨ ਦੀ ਅਪੀਲ ਕੀਤੀ। 

ਕੰਵਰਪਾਲ ਸਿੰਘ ਨੇ ਕਿਹਾ ਕਿ ਕਿਸਾਨਾਂ ਵਲੋਂ ਨਵਾਂ ਇਤਿਹਾਸ ਸਿਰਜਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਅਤੇ ਉਹਨਾਂ ਦੇ ਚੋਣਵੇਂ ਮੰਤਰੀਆਂ ਵਲੋਂ ਬਾਰ-ਬਾਰ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਬਿਆਨ ਦਾਗਣ ਉਤੇ ਤਿੱਖਾ ਤੰਜ਼ ਕਸਦਿਆਂ ਕੰਵਰਪਾਲ ਸਿੰਘ ਨੇ ਕਿਹਾ ਕਿ ਤ੍ਰਾਸਦੀ ਹੈ ਕਿ ਨਰਿੰਦਰ ਮੋਦੀ ਤੋਂ ਬਿਨਾਂ ਹੋਰ ਕਿਸੇ ਨੂੰ ਵੀ ਇਹਨਾਂ ਕਾਨੂੰਨਾਂ ਦੇ ਲਾਭਾਂ ਦਾ ਗਿਆਨ ਨਹੀਂ ਹੈ। ਉਹਨਾਂ ਸਪਸ਼ਟ ਕੀਤਾ ਕਿ ਕਿਸਾਨ ਅਤੇ ਪੰਜਾਬ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਦੇ ਕਿਸੇ ਵੀ ਅੱਖਰ ਉਤੇ ਰਤਾ ਭਰ ਵੀ ਵਿਸ਼ਵਾਸ ਨਹੀਂ ਹੈ। 

ਉਹਨਾਂ ਕਿਹਾ ਕਿ ਕਿਸਾਨ ਅੰਦੋਲਨ ਨੂੰ ਖਾਲਿਸਤਾਨੀ ਅਤੇ ਮਾਊਵਾਦੀ ਰੰਗ ਵਿੱਚ ਰੰਗਣ ਦੀ ਸਰਕਾਰੀ ਚਾਲ ਬੁਰੀ ਤਰਾਂ ਫਲੋਪ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਕਿਸਾਨ ਅੰਦੋਲਨ ਹੁਣ ਜਨ ਅੰਦੋਲਨ ਵਿੱਚ ਤਬਦੀਲ ਹੋ ਚੁੱਕਾ ਹੈ ਅਤੇ ਹਰ ਰੰਗ ਅਤੇ ਵਿਚਾਰਧਾਰਾ ਨਾਲ ਜੁੜਿਆ ਵਿਅਕਤੀ ਇਸ ਦਾ ਹਿੱਸਾ ਹੈ।  
ਕੇਂਦਰ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਦਰਮਿਆਨ ਪੈਦਾ ਹੋਏ ਡੈਡਲੌਕ ਬਾਰੇ ਟਿਪਣੀ ਕਰਦਿਆਂ ਉਹਨਾਂ ਕਿਹਾ ਕਿ ਇਹ ਤਾਂ ਸਮਾਂ ਹੀ ਦਸੇਗਾ ਕਿ ਸਰਕਾਰ ਕਿਸਾਨਾਂ ਦੀ ਮੰਗ ਮੰਨਦੇ ਹੋਏ ਕਾਨੂੰਨ ਵਾਪਿਸ ਲੈਂਦੀ ਹੈ ਜਾਂ ਸਰਕਾਰੀ ਬੱਲ ਦੀ ਵਰਤੋਂ ਕਰਕੇ ਜਾਂ ਛੱਲ-ਕਪਟ ਦੀ ਨੀਤੀ ਵਰਤਕੇ ਅੰਦੋਲਨ ਨੂੰ ਅਸਫਲ ਕਰਨ ਦੀ ਚਾਲ ਖੇਡਦੀ ਹੈ ਪਰ ਇੱਕ ਗੱਲ ਤਹਿ ਹੈ ਕਿ ਨਰਿੰਦਰ ਮੋਦੀ ਦੀ ਧਮਕ ਅਤੇ ਚੜਤ ਨੂੰ ਕਿਸਾਨ ਅੰਦੋਲਨ ਨੇ ਫਿਕਾ ਪਾ ਦਿੱਤਾ ਹੈ। ਇਸ ਮੌਕੇ ਉਹਨਾਂ ਦੇ ਨਾਲ ਜਥੇਬੰਦੀ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਅਤੇ ਯੂਥ ਵਿੰਗ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ, ਗੁਰਨਾਮ ਸਿੰਘ ਅਤੇ ਰਣਜੀਤ ਸਿੰਘ ਦਮਦਮੀ ਟਕਸਾਲ  ਵੀ ਮੌਜੂਦ ਸਨ। 

ਸਿੱਖ ਯੂਥ ਆਫ ਪੰਜਾਬ ਜਿਸਨੇ ਆਪਣੀ ਹੋਂਦ ਦੇ ਬਾਰਾਂ ਵਰੇ ਅੱਜ ਪੂਰੇ ਕੀਤੇ ਹਨ, ਦੇ ਆਗੂਆਂ ਨੇ ਕਿਹਾ ਕਿ ਹਜ਼ਾਰਾਂ ਨੌਜਵਾਨਾਂ ਦਾ ਜ਼ਜ਼ਬਿਆਂ ਨਾਲ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋਣਾ ਅਗਲ਼ੀ ਪੀੜੀ ਦੇ ਉਭਾਰ ਦਾ ਸੰਕੇਤ ਹੈ। 

ਸਿੱਖ ਯੂਥ ਆਫ਼ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਦਸਿਆ ਕਿ ਉਹਨਾਂ ਦੀਆਂ ਜਥੇਬੰਦੀਆਂ ਨਾਲ ਸੰਬੰਧਿਤ ਨੌਜਵਾਨ ਸਿੰਘੂ ਬਾਰਡਰ ਜਾ ਰਹੇ ਹਨ ਜਿੱਥੇ ਉਹ ਅਗਲੇ ਕੁਝ ਦਿਨ ਕਿਸਾਨਾਂ ਨਾਲ ਮੋਰਚੇ ਵਿੱਚ ਗੁਜ਼ਾਰਨਗੇ ਅਤੇ ਇਹ ਪੋਸਟਰ ਉੱਥੇ ਵੰਡਿਆ ਜਾਵੇਗਾ। 

Leave a Reply

Your email address will not be published. Required fields are marked *