ਜਲੰਧਰ ਦੇ ਯੂਕੋ ਬੈਂਕ ਡਕੈਤੀ ‘ਤੇ ਕਤਲ ਮਾਮਲੇ ਦਾ ਪਰਦਾਫਾਸ਼, 1 ਮੁਲਜ਼ਮ ਕਾਬੂ, ਨਕਦੀ ਤੇ ਐਕਟਿਵਾ ਬਰਾਮਦ

ਦਿਹਾਤੀ ਪੁਲਿਸ ਨੇ ਪਿਛਲੇ ਦਿਨੀਂ ਆਦਮਪੁਰ ਦੇ ਪਿੰਡ ਕਾਲਰਾ ਦੇ ਯੂਕੋ ਬੈਂਕ ‘ਚ ਹੋਈ ਡਕੈਤੀ ਤੇ ਕਤਲ ਦੇ ਮਾਮਲੇ ਨੂੰ ਹੱਲ ਕਰਦੇ ਹੋਏ ਇੱਕ ਪੰਜ ਮੈਂਬਰੀ ਗਰੋਹ ਦਾ ਪਰਦਾਫਾਸ਼ ਕੀਤਾ ਹੈ ਜਿਸ ‘ਚੋਂ ਇੱਕ ਨੌਜਵਾਨ ਨੂੰ ਥਾਣਾ ਆਦਮਪੁਰ ਤੇ ਸੀਆਈਏ ਦਿਹਾਤੀ ਪੁਲਿਸ ਨੇ ਕਾਬੂ ਕਰਨ ‘ਚ ਸਫਲਤਾ ਹਾਸਲ ਕੀਤੀ। ਪੁਲਿਸ ਵੱਲੋਂ ਉਸ ਕੋਲੋਂ ਉਸ ਨੂੰ ਹਿੱਸੇ ‘ਚੋਂ ਮਿਲੀ ਕੁਝ ਨਕਦੀ ਤੇ ਵਾਰਦਾਤ ‘ਚ ਵਰਤੀ ਗਈ ਐਕਟਿਵਾ ਬਰਾਮਦ ਕੀਤੀ ਹੈ।

ਐੱਸਐੱਸਪੀ ਦਿਹਾਤੀ ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ 15 ਅਕਤੂਬਰ ਨੂੰ ਥਾਣਾ ਆਦਮਪੁਰ ਦੇ ਅਧੀਨ ਪੈਂਦੇ ਪਿੰਡ ਕਾਲਰਾ ਵਿਖੇ ਸਥਿਤ ਯੂਕੋ ਬੈਂਕ ‘ਚ ਦੋ ਪਹੀਆ ਵਾਹਨਾਂ ‘ਤੇ ਆਏ ਚਾਰ ਨੌਜਵਾਨਾਂ ਨੇ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ ਇਸ ਦੌਰਾਨ ਬੈਂਕ ਦੇ ਸਕਿਓਰਿਟੀ ਗਾਰਡ ਵੱਲੋਂ ਇਨ੍ਹਾਂ ਦਾ ਵਿਰੋਧ ਕਰਨ ਤੇ ਕੁੱਟਮਾਰ ਕਰਨ ਕਾਰਨ ਇਨ੍ਹਾਂ ‘ਚੋਂ ਇੱਕ ਨੇ ਸਕਿਓਰਟੀ ਗਾਰਡ ਨੂੰ ਗੋਲ਼ੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਸੀ ਤੇ ਬੈਂਕ ‘ਚੋਂ 5,97,’856 ਰੁਪਏ ਦੀ ਨਕਦੀ ਤੇ ਬੈਂਕ ਦੇ ਸਕਿਓਰਿਟੀ ਗਾਰਡ ਦੀ ਰਾਈਫਲ ਲੁੱਟ ਕੇ ਫਰਾਰ ਹੋ ਗਏ ਸਨ। ਜਿਸ ‘ਤੇ ਥਾਣਾ ਆਦਮਪੁਰ ‘ਚ ਧਾਰਾ 302/394/34 ਆਈਪੀਸੀ ਤੇ ਅਸਲਾ ਐਕਟ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ। ਐੱਸਐੱਸਪੀ ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਇਸ ਕਾਂਡ ਤੋਂ ਬਾਅਦ ਉਨ੍ਹਾਂ ਨੇ ਵੱਖ-ਵੱਖ 25 ਟੀਮਾਂ ਦਾ ਗਠਨ ਕਰਕੇ ਤਫਤੀਸ਼ ਅਮਲ ‘ਚ ਲਿਆਂਦੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਇਲਾਕੇ ਦੀ ਸੀਸੀਟੀਵੀ ਫੁਟੇਜ ਵਹੀਕਲ ਵੈਰੀਫਿਕੇਸ਼ਨ ਟੈਕਨੀਕਲ ਇਨਪੁੱਟਸ ਅਤੇ ਮੁਖਬਰਾਂ ਦੀ ਸਹਾਇਤਾ ਨਾਲ ਮਾਮਲੇ ਦੀ ਤਫਦੀਸ਼ ਜ਼ੋਰਾਂ ਨਾਲ ਸ਼ੁਰੂ ਕੀਤੀ। ਜਾਂਚ ਦੌਰਾਨ ਥਾਣਾ ਆਦਮਪੁਰ ਦੇ ਮੁਖੀ ਇੰਸਪੈਕਟਰ ਗੁਰਵਿੰਦਰ ਸਿੰਘ ਅਤੇ ਸੀਆਈਏ ਸਟਾਫ ਦੇ ਮੁਖੀ ਸਬ ਇੰਸਪੈਕਟਰ ਸੁਰਿੰਦਰ ਸਿੰਘ ਨੂੰ ਉਸ ਵੇਲੇ ਸਫਲਤਾ ਮਿਲੀ ਜਦ ਸ਼ੁੱਕਰਵਾਰ ਨਹਿਰ ਪੁਲੀ ਖ਼ੁਰਦ ਪੁਲੀ ਲਾਗਿਉਂ ਇੱਕ ਪੁਲਿਸ ਟੀਮ ਨੂੰ ਇਸ ਮਾਮਲੇ ਦਾ ਇੱਕ ਮੁਲਜ਼ਮ ਸੁਰਜੀਤ ਸਿੰਘ ਉਰਫ ਜੀਤਾ ਵਾਸੀ ਪਿੰਡ ਆਦਮਵਾਲ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਉਸ ਕੋਲੋਂ ਰੁਪਏ ਦੀ 39,500 ਰੁਪਏ ਨਕਦੀ ਤੇ ਵਾਰਦਾਤ ‘ਚ ਵਰਤੀ ਗਈ ਕਾਲੇ ਰੰਗ ਦੀ ਇੱਕ ਐਕਟਿਵਾ ਬਰਾਮਦ ਕਰ ਲਈ। ਐੱਸਐੱਸਪੀ ਡਾ. ਗਰਗ ਨੇ ਦੱਸਿਆ ਕਿ ਮੁੱਢਲੀ ਪੁੱਛਗਿਛ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਵਾਰਦਾਤ ਉਨ੍ਹਾਂ ਦੇ ਪੰਜ ਮੈਂਬਰੀ ਗਰੋਹ ਜਿਨ੍ਹਾਂ ਵਿੱਚ ਮੁੱਖ ਸਰਗਨਾ ਸਤਨਾਮ ਸਿੰਘ ਉਰਫ ਸੱਤਾ ਵਾਸੀ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ, ਸੁਖਵਿੰਦਰ ਸਿੰਘ ਉਰਫ ਸੁੱਖਾ ਵਾਸੀ ਪਿੰਡ ਕੋਠੇ ਪ੍ਰੇਮ ਨਗਰ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ, ਗੁਰਵਿੰਦਰ ਸਿੰਘ ਉਰਫ ਗਿੰਦਾ ਵਾਸੀ ਲੁਧਿਆਵੀ ਥਾਣਾ ਥਾਣਾ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਸੁਨੀਲ ਦੱਤ ਵਾਸੀ ਘੁਗਿਆਲ ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਕੀਤੀ ਗਈ ਹੈ, ਜਿਸ ‘ਚ ਸੁਨੀਲ ਦੱਤ ਉਸ ਵੇਲੇ ਇਨ੍ਹਾਂ ਦੇ ਨਾਲ ਨਹੀਂ ਸੀ।