ਧੋਨੀ ਦੀ 5 ਸਾਲਾ ਧੀ ਨਾਲ ਜਬਰ-ਜ਼ਿਨਾਹ ਕਰਨ ਦੀ ਧਮਕੀ ਦੇਣ ਵਾਲਾ ਨੌਜਵਾਨ ਗ੍ਰਿਫਤਾਰ

ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੀ 5 ਸਾਲਾ ਧੀ ਨਾਲ ਜਬਰ-ਜ਼ਿਨਾਹ ਕਰਨ ਦੀ ਧਮਕੀ ਦੇਣ ਵਾਲੇ 16 ਸਾਲਾ ਦੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਤੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਰ ਮਾਧਵਨ ਨੇ ਟਵੀਟ ਕੀਤਾ ਹੈ, ਜੋ ਕਾਫ਼ੀ ਵਾਇਰਲ ਹੋ ਰਿਹਾ ਹੈ। ਟਵੀਟ ਵਿਚ ਆਰ ਮਾਧਵਨ ਜਿੱਥੇ 12ਵੀਂ ਜਮਾਤ ਦੇ ਵਿਦਿਆਰਥੀ ‘ਤੇ ਭੜਕਦੇ ਨਜ਼ਰ ਆਏ। ਉਥੇ ਹੀ ਪੁਲਸ ਵੱਲੋਂ ਉਸ ਨੂੰ ਗ੍ਰਿਫਤਾਰ ਕਰਣ ‘ਤੇ ਅਦਾਕਾਰ ਨੇ ਪੁਲਸ ਦੀ ਤਾਰੀਫ਼ ਵੀ ਕੀਤੀ ਹੈ। ਆਰ ਮਾਧਵਨ ਨੇ ਪੁਲਸ ਦੀ ਤਾਰੀਫ਼ ਕਰਦੇ ਹੋਏ ਲਿਖਿਆ, ‘ਬਹੁਤ ਚੰਗਾ ਕੰਮ। ਇਹ ਸਮਾਂ ਹੈ ਇਨ੍ਹਾਂ ਵਰਗੇ ਰਾਕਸ਼ਸਾਂ ਦੇ ਮਨ ਵਿਚ ਪੁਲਸ ਅਤੇ ਭਗਵਾਨ ਦਾ ਡਰ ਲਿਆਉਣ ਦਾ, ਜੋ ਇਹ ਸੋਚਦੇ ਹਨ ਕਿ ਉਹ ਕੁੱਝ ਵੀ ਕਰ ਸਕਦੇ ਹਨ ਅਤੇ ਕਹਿ ਸਕਦੇ ਹੈ, ਜੋ ਵੀ ਚੀਜ਼ਾਂ ਉਹ ਚਾਹੁੰਦੇ ਹਨ, ਭਾਵੇਂ ਹੀ ਉਹ ਕਿਸ਼ੋਰ ਕਿਉਂ ਨਾ ਹੋਣ।’
ਦੱਸ ਦੇਈਏ ਕਿ ਇਸ ਮਾਮਲੇ ਨੂੰ ਲੈ ਕੇ ਸੀਨੀਅਰ ਪੁਲੀਸ ਅਫ਼ਸਰ ਸੌਰਭ ਸਿੰਘ ਨੇ ਦੱਸਿਆ ਕਿ 12ਵੀਂ ਜਮਾਤ ਦੇ ਵਿਦਿਆਰਥੀ ਨੂੰ ਧੋਨੀ ਦੀ ਪਤਨੀ ਸਾਕਸ਼ੀ ਧੋਨੀ ਦੇ ਇੰਸਟਾਗ੍ਰਾਮ ‘ਤੇ ਕੁਝ ਦਿਨ ਪਹਿਲਾਂ ਧਮਕੀ ਭਰੇ ਸੰਦੇਸ਼ ਭੇਜਣ ਦੇ ਸਬੰਧ ‘ਚ ਪੁੱਛਗਿੱਛ ਲਈ ਹਿਰਾਸਤ ‘ਚ ਲਿਆ ਗਿਆ ਹੈ। ਪੁਲਸ ਨੇ ਕਿਹਾ ਹੈ ਕਿ ਇਸ ਨੌਜਵਾਨ ਨੇ ਸਵੀਕਾਰ ਕੀਤਾ ਹੈ ਕਿ ਉਸ ਨੇ ਕੋਲਕਾਤਾ ਨਾਈਟ ਰਾਈਡਰਜ਼ ਅਤੇ ਚੇਨਈ ਸੁਪਰ ਕਿੰਗਜ਼ ਦੇ ਵਿਚਾਲੇ ਇੰਡੀਅਨ ਪ੍ਰੀਮੀਅਰ ਲੀਗ 2020 ਮੈਚ ਤੋਂ ਬਾਅਦ ਇੰਸਟਾਗ੍ਰਾਮ ‘ਤੇ ਧਮਕੀ ਭਰੇ ਸੰਦੇਸ਼ ਪੋਸਟ ਕੀਤੇ ਸਨ।ਪੁਲਸ ਨੇ ਮਾਮਲੇ ਨੂੰ ਲੈ ਕੇ ਕਿਹਾ ਕਿ ਰਾਂਚੀ ਪੁਲਸ ਨੇ ਸਾਨੂੰ ਦੱਸਿਆ ਕਿ ਧਮਕੀ ਦੇਣ ਵਾਲਾ ਇਹ ਮੁੰਡਾ ਕੱਛ ਜ਼ਿਲੇ ਦੇ ਮੁੰਦਰਾ ਦਾ ਰਹਿਣਾ ਵਾਲਾ ਹੈ। ਉਨ੍ਹਾਂ ਕਿਹਾ, ‘ਅਸੀਂ ਪਤਾ ਲਗਾ ਲਿਆ ਹੈ ਕਿ ਇਹ ਓਹੀ ਬੱਚਾ ਹੈ, ਜਿਸ ਨੇ ਧਮਕੀ ਭਰੇ ਸੰਦੇਸ਼ ਭੇਜੇ ਸਨ। ਉਸ ਨੂੰ ਰਾਂਚੀ ਪੁਲਸ ਦੇ ਹਵਾਲੇ ਕਰ ਦਿੱਤਾ ਜਾਵੇਗਾ, ਕਿਉਂਕਿ ਐਫ.ਆਈ.ਆਰ. ਓਸੇ ਸ਼ਹਿਰ ਵਿਚ ਦਰਜ ਕੀਤੀ ਗਈ ਹੈ।