ਸੌਰ ਊਰਜਾ ਨਾਲ ਰੁਸ਼ਨਾਉਣਗੇ ਜਲੰਧਰ ਦੇ ਸਰਕਾਰੀ ਦਫ਼ਤਰ – ਸਮਾਰਟ ਸਿਟੀ ਪ੍ਰੋਜੈਕਟ

-ਅਜ਼ਾਦੀ ਦਿਹਾੜੇ ’ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲਗਾਇਆ 300 ਕਿਲੋਵਾਟ ਦਾ ਸੋਲਰ ਊਰਜਾ ਪੈਨਲ

-ਹੁਣ ਤੱਕ 12 ਸਰਕਾਰੀ ਇਮਾਰਤਾਂ ’ਤੇ ਲਗਾਏ ਜਾ ਚੁੱਕੇ ਹਨ 672 ਕਿਲੋਵਾਟ ਦੇ ਸੋਲਰ ਊਰਜਾ ਪੈਨਲ

ਜਲੰਧਰ – ਪੰਜਾਬ ਸਰਕਾਰ ਵਲੋਂ ਜਲੰਧਰ ਨੂੰ ਸਮਾਰਟ ਸਿਟੀ ਬਣਾਉਣ ਤਹਿਤ ਨਵੀਂ ਪੁਲਾਂਘ ਪੁੱਟਦਿਆਂ ਸਰਕਾਰੀ ਇਮਾਰਤਾਂ ’ਤੇ ਸੋਲਰ ਊਰਜਾ ਪੈਨਲ ਲਗਾਏ ਜਾ ਰਹੇ ਹਨ, ਤਾਂ ਜੋ ਸੌਰ ਊਰਜਾ ਨਾਲ ਸਰਕਾਰੀ ਦਫ਼ਤਰ ਰੁਸ਼ਨਾ ਸਕਣ। ਅਜ਼ਾਦੀ ਦਿਹਾੜੀ ’ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੀ ਸੋਲਰ ਊਰਜਾ ਪੈਨਲ ਲਗਾ ਦਿੱਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਸ਼ਹਿਰ ਦੀਆਂ 21 ਸਰਕਾਰੀ ਇਮਾਰਤਾਂ ’ਤੇ ਕਰੀਬ 17 ਕਰੋੜ ਰੁਪਏ ਦੀ ਲਾਗਤ ਨਾਲ ਸੂਰਜੀ ਊਰਜਾ ਪੈਨਲ ਲਗਾਏ ਜਾ ਰਹੇ ਹਨ। ਉਨਾਂ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਅਜ਼ਾਦੀ ਦਿਹਾੜੇ ’ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 300 ਕਿਲੋਵਾਟ ਦਾ ਸੋਲਰ ਊਰਜਾ ਪੈਨਲ ਲਗਾ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਸ਼ਹਿਰ ਦੀਆਂ 21 ਸਰਕਾਰੀ ਇਮਾਰਤਾਂ ’ਤੇ ਇਹ ਸੋਲਰ ਊਰਜਾ ਪੈਨਲ ਲਗਾਏ ਜਾ ਰਹੇ ਹਨ, ਜਿਨਾਂ ਵਿਚੋਂ ਉਕਤ ਸਮੇਤ 12 ਸਰਕਾਰੀ ਇਮਾਰਤਾਂ ’ਤੇ ਲਗਾਏ ਜਾ ਚੁੱਕੇ ਹਨ। ਉਨਾਂ ਦੱਸਿਆ ਕਿ ਡੀ.ਏ.ਵੀ.ਪੁਲਿਸ ਪਬਲਿਕ ਸਕੂਲ ਵਿਖੇ 200 ਕਿਲੋਵਾਟ, ਪੁਲਿਸ ਕਮਿਸ਼ਨਰ ਦਫ਼ਤਰ 60 ਕਿਲੋਵਾਟ, ਐਸ.ਐਸ.ਪੀ. ਦਫ਼ਤਰ 15 ਕਿਲੋਵਾਟ, ਪੁਲਿਸ ਡੀ.ਏ.ਵੀ.ਪਬਲਿਕ ਸਕੂਲ ਪ੍ਰੀ-ਪ੍ਰਾਇਮਰੀ ਵਿੰਗ ਵਿਖੇ 40 ਕਿਲੋਵਾਟ, ਗੌਰਮਿੰਟ ਗਰਲਜ਼ ਸਕੂਲ ਲਾਡੋਵਾਲੀ 9 ਕਿਲੋਵਾਟ, ਗੌਰਮਿੰਟ ਐਜੂਕੇਸ਼ਨ ਕਾਲਜ 3 ਕਿਲੋਵਾਟ, ਖੇਤੀਬਾੜੀ ਦਫ਼ਤਰ 15 ਕਿਲੋਵਾਟ ਅਤੇ ਜੇ.ਡੀ.ਏ.ਦਫ਼ਤਰ 15 ਕਿਲੋਵਾਟ ਦੇ ਸੋਲਰ ਊਰਜਾ ਪੈਨਲ ਲਗਾਏ ਜਾ ਚੁੱਕੇ ਹਨ।

ਸ੍ਰੀ ਘਨਸ਼ਿਆਮ ਥੋਰੀ ਨੇ ਕਿਹਾ ਕਿ ਕਮਿਸ਼ਨਰ ਨਗਰ ਨਿਗਮ-ਕਮ-ਸੀ.ਈ.ਓ.ਸਮਾਰਟ ਸਿਟੀ ਪ੍ਰੋਜੈਕਟ ਸ੍ਰੀ ਕਰੁਨੇਸ਼ ਸ਼ਰਮਾ ਦੀ ਅਗਵਾਈ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟ ਵਿੱਢੇ ਗਏ ਹਨ, ਜਿਨ੍ਹਾਂ ਵਿਚੋਂ ਸੋਲਰ ਊਰਜਾ ਪੈਨਲ ਲਗਾਉਣ ਦਾ ਪ੍ਰੋਜੈਕਟ ਜਲਦੀ ਨੇਪਰੇ ਚਾੜਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਬਾਕੀ ਰਹਿੰਦੀਆਂ ਸਰਕਾਰੀ ਇਮਾਰਤਾਂ ਵਿੱਚ ਜਲਦੀ ਹੀ ਸੋਲਰ ਊਰਜਾ ਪੈਨਲ ਲਗਾ ਦਿੱਤੇ ਜਾਣਗੇ, ਤਾਂ ਜੋ ਸਰਕਾਰੀ ਦਫ਼ਤਰ ਸੌਰ ਊਰਜਾ ਰਾਹੀਂ ਊਰਜਾ ਭਰਪੂਰ ਹੋ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਸੋਲਰ ਊਰਜਾ ਪੈਨਲ ਬਿਜਲੀ ਦੀ ਬੱਚਤ ਲਈ ਮੀਲ ਦਾ ਪੱਥਰ ਸਾਬਿਤ ਹੋਣਗੇ।