ਅੱਜ ਦਿਨ VIP ਰੈਲੀਆਂ ਦਾ, ਮੋਦੀ, ਰਾਹੁਲ ਤੇ ਕੇਜਰੀਵਾਲ ਭਖ਼ਾਉਣਗੇ ਪੰਜਾਬ ਦਾ ਚੋਣ ਅਖਾੜਾ

ਚੰਡੀਗੜ੍ਹ: ਸੋਮਵਾਰ ਦਾ ਦਿਨ ਪੰਜਾਬ ਵਿੱਚ ਵੀਆਈਪੀ ਰੈਲੀਆਂ ਦਾ ਹੋਵੇਗਾ। ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਚੋਣਾਂ ਪੂਰੀਆਂ ਹੋਣ ਕਾਰਨ ਕੌਮੀ ਆਗੂਆਂ ਨੇ ਪੰਜਾਬ ਵੱਲ ਵਹੀਰਾਂ ਘੱਤ ਲਈਆਂ ਹਨ। ਜਿੱਥੇ ਪ੍ਰਧਾਨ ਮੰਤਰੀ ਮੋਦੀ ਲੋਕ ਸਭਾ ਚੋਣਾਂ ਲਈ ਪੰਜਾਬ ਵਿੱਚ ਪਹਿਲਾਂ ਹੀ ਹਾਜ਼ਰੀ ਲਵਾ ਚੁੱਕੇ ਹਨ, ਉੱਥੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਸਿਖਰਲੇ ਆਗੂ ਅੱਜ ਪੰਜਾਬ ਵਿੱਚ ਚੋਣ ਪ੍ਰਚਾਰ ਕਰਨਗੇ।
ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਅੱਜ ਤੋਂ ਆਪਣੀ ਪੰਜਾਬ ਫੇਰੀ ਸ਼ੁਰੂ ਕਰ ਰਹੇ ਹਨ। ਰਾਹੁਲ ਸੋਮਵਾਰ ਨੂੰ ਖੰਨਾ ਤੇ ਹੁਸ਼ਿਆਰਪੁਰ ਵਿੱਚ ਰੈਲੀਆਂ ਕਰਨਗੇ ਅਤੇ ਇੱਕ ਰੈਲੀ ਬਰਗਾੜੀ ਵਿਖੇ ਵੀ ਕੀਤੀ ਜਾਵੇਗੀ। ਉੱਧਰ, ਰਾਹੁਲ ਗਾਂਧੀ ਦੀ ਭੈਣ ਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਬਠਿੰਡਾ ਤੇ ਪਠਾਨਕੋਟ ਵਿੱਚ ਆਪਣੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨਗੇ।

ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਬੇਸ਼ੱਕ ਬੀਤੀ 10 ਮਈ ਤੋਂ ਹੀ ਭਾਜਪਾ ਉਮੀਦਵਾਰਾਂ ਲਈ ਹੁਸ਼ਿਆਰਪੁਰ ਤੋਂ ਚੋਣ ਪ੍ਰਚਾਰ ਦਾ ਆਗ਼ਾਜ਼ ਕਰ ਚੁੱਕੇ ਹਨ, ਪਰ ਮੋਦੀ 13 ਨੂੰ ਵੀ ਬਠਿੰਡਾ ਵਿੱਚ ਰੈਲੀ ਕਰਨਗੇ। ਮੋਦੀ ਬਾਅਦ ਦੁਪਹਿਰ ਸਵਾ ਕੁ ਤਿੰਨ ਵਜੇ ਥਰਮਲ ਸਟੇਡੀਅਮ ਵਿੱਚ ਲੋਕਾਂ ਨੂੰ ਸੰਬੋਧਨ ਕਰਨਗੇ। ਪੰਜਾਬ ਵਿੱਚ ਆਉਂਦੀ 19 ਮਈ ਨੂੰ ਲੋਕ ਸਭਾ ਚੋਣਾਂ ਦੇ ਅੰਤਮ ਗੇੜ ਲਈ ਵੋਟਿੰਗ ਹੋਵੇਗੀ, ਜਿਸ ਲਈ ਚੋਣ ਪ੍ਰਚਾਰ 17 ਮਈ ਨੂੰ ਬੰਦ ਹੋ ਜਾਵੇਗਾ। 23 ਮਈ ਨੂੰ 17ਵੀਂ ਲੋਕ ਸਭਾ ਦੇ ਨਤੀਜੇ ਜਾਰੀ ਕੀਤੇ ਜਾਣਗੇ।