ਸ੍ਰੀਲੰਕਾ ਬਾਅਦ ਹੁਣ ਅੱਤਵਾਦੀਆਂ ਦੀ ਭਾਰਤ ‘ਤੇ ਅੱਖ, 8 ਸੂਬਿਆਂ ‘ਚ ਅਲਰਟ ਜਾਰੀ

ਗੁਆਂਢੀ ਮੁਲਕ ਸ੍ਰੀਲੰਕਾ ਵਿੱਚ ਈਸਟਰ ਵਾਲੇ ਦਿਨ ਅੱਤਵਾਦੀ ਹਮਲਿਆਂ ਬਾਅਦ ਹੁਣ ਭਾਰਤ ਦੇ 8 ਤਟੀ ਸੂਬਿਆਂ ਵਿੱਚ ਅੱਤਵਾਦੀ ਹਮਲੇ ਦਾ ਅਲਰਟ ਜਾਰੀ ਕੀਤਾ ਗਿਆ ਹੈ। ਕਰਨਾਟਕ ਪੁਲਿਸ ਨੂੰ ਤਮਿਲਨਾਡੂ, ਮਹਾਰਾਸ਼ਟਰ, ਕਰਨਾਟਕ, ਕੇਰਲ, ਤੇਲੰਗਾਨਾ, ਆਂਧਰ ਪ੍ਰਦੇਸ਼, ਗੋਆ ਤੇ ਪੁਡੁਚੇਰੀ ਵਿੱਚ ਅੱਤਵਾਦੀ ਹਮਲੇ ਦੀ ਜਾਣਕਾਰੀ ਮਿਲੀ ਹੈ। ਸ਼ੁੱਕਰਵਾਰ ਨੂੰ ਇੱਕ ਸ਼ਖ਼ਸ ਨੇ ਬੰਗਲੁਰੂ ਪੁਲਿਸ ਨੂੰ ਫੋਨ ਕਰਕੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਸੂਚਨਾ ਆਈ ਹੈ ਕਿ ਅੱਤਵਾਦੀ ਦੇਸ਼ ਦੇ 8 ਤਟੀ ਸੂਬਿਆਂ ਵਿੱਚ ਹਮਲਾ ਕਰਨ ਦੀ ਸਾਜ਼ਿਸ਼ ਘੜ ਰਹੇ ਹਨ।

ਇਸ ਦਾਅਵੇ ਦੇ ਬਾਅਦ ਕਰਨਾਟਕ ਦੇ ਡੀਜੀਪੀ-ਆਈਜੀਪੀ ਨੇ 7 ਸੂਬਿਆਂ ਦੇ ਡੀਜੀਪੀਜ਼ ਨੂੰ ਚਿੱਠੀ ਲਿਖ ਕੇ ਅਲਰਟ ਰਹਿਣ ਨੂੰ ਕਿਹਾ ਹੈ। ਲਾਰੀ ਡਰਾਈਵਰ ਦੱਸਦਿਆਂ ਸ਼ਖ਼ਸ ਨੇ ਬੰਗਲੁਰੂ ਸਿਟੀ ਪੁਲਿਸ ਦੇ ਕੰਟਰੋਲ ਰੂਮ ਨੂੰ ਫੋਨ ਕੀਤਾ ਸੀ। ਸ਼ਖ਼ਸ ਨੇ ਦਾਅਵਾ ਕੀਤਾ ਹੈ ਕਿ ਤਮਿਲਨਾਡੂ ਦੇ ਰਾਮਨਾਥਪੁਰਮ ਵਿੱਚ 19 ਅੱਤਵਾਦੀ ਮੌਜੂਦ ਹਨ।