ਪੀਯੂ ਦੇ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ

ਚੰਡੀਗੜ੍ਹ: ਵਿਦਿਆਰਥੀ ਜੱਥੇਬੰਦੀਆਂ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਅਤੇ ਐੱਸਐਫਐੱਸ, ਪੀਯੂਸੀਐਸਸੀ ਵੱਲੋਂ ਪਿਛਲੇ ਦਿਨਾਂ ਤੋਂ ਸ਼ੁਰੂ ਕੀਤੇ ਗਏ ਸੰਘਰਸ਼ ਅੱਗੇ ਪੀਯੂ ਮੈਨੇਜਮੈਂਟ ਨੂੰ ਝੁਕਣਾ ਪਿਆ ਹੈ। ਵਿਦਿਆਰਥੀਆਂ ਨੇ ਅੱਜ ਵੀ ਰੋਸ ਪ੍ਰਦਰਸ਼ਨ ਕੀਤਾ ਤੇ ਗੁਰੂ ਤੇਗ ਬਹਾਦਰ ਰੀਡਿੰਗ ਹਾਲ ਨੂੰ ਖੋਲ੍ਹਣ ਦੀ ਮੰਗ ਕੀਤੀ। ਇਸ ਮਗਰੋਂ ਮੈਨੇਜਮੈਂਟ ਨੇ ਵਿਦਿਆਰਥੀਆਂ ਦੀਆਂ ਮੁੱਖ ਮੰਗਾਂ ਮੰਨਣ ਲਈ ਸਹਿਮਤੀ ਪ੍ਰਗਟਾ ਦਿੱਤੀ ਹੈ। ਵਿਦਿਆਰਥੀ ਜਥੇਬੰਦੀ ਦੀ ਆਗੂ ਕਨੂਪ੍ਰਿਆ ਨੇ ਦੱਸਿਆ ਕਿ ਵਿਦਿਆਰਥੀ ਮੰਗਾਂ ਵਿਚ ਏਸੀ ਜੋਸ਼ੀ ਲਾਇਬਰੇਰੀ ਤੇ ਗੁਰੂ ਤੇਗ ਬਹਾਦਰ ਰੀਡਿੰਗ ਹਾਲ ਨੂੰ 24 ਘੰਟੇ ਖੋਲ੍ਹਣਾ, ਭੋਜਨ ਦਾ ਨਿਰੀਖਣ ਕਰਨ ਸਬੰਧੀ, ਕੈਂਪਸ ਵਿਚ ਸਾਈਕਲ ਦੀ ਸਹੂਲਤ ਉਪਲਬਧ ਕਰਵਾਉਣਾ, ਹੋਸਟਲਾਂ ਦੀ ਪਾਰਦਰਸ਼ਤਾ ਸਬੰਧੀ ਆਨਲਾਈਨ ਪੋਰਟਲ ਸ਼ਰੂ ਕਰਵਾਉਣਾ ਮੁੱਖ ਮੰਗਾਂ ਵਿਚ ਸ਼ਾਮਿਲ ਸਨ। ਇਹ ਮੰਗਾਂ ਮੈਨੇਜਮੈਂਟ ਨੇ ਲਗਪਗ ਮੰਨ ਲਈਆਂ ਹਨ ਜਿਨ੍ਹਾਂ ਵਿਚੋਂ ਰੀਡਿੰਗ ਹਾਲ ਤੁਰੰਤ ਵਿਦਿਆਰਥੀਆਂ ਲਈ ਖੋਲ੍ਹ ਦਿੱਤਾ ਗਿਆ ਹੈ ਅਤੇ ਲਾਇਬਰੇਰੀ ਖੋਲ੍ਹਣ ਸਬੰਧੀ ਵੀ ਸਹਿਮਤੀ ਦੇ ਦਿੱਤੀ ਗਈ ਹੈ। ਆਨਲਾਈਨ ਪੋਰਟਲ ਸਬੰਧੀ ਉਨ੍ਹਾਂ ਕਿਹਾ ਕਿ ਫਿਲਹਾਲ ਇਸ ਨੂੰ ਵੀ ਖੋਲ੍ਹਣ ਦੀ ਸਹਿਮਤੀ ਦੇ ਦਿੱਤੀ ਗਈ ਹੈ।